Close
Menu

ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਕਾਨੂੰਨ ‘ਚ ਸੋਧਾਂ ਕਰਾਂਗੇ-ਮੋਦੀ

-- 14 April,2015


ਹਨੋਵਰ, ਜਰਮਨੀ ਦੇ ਨਿਵੇਸ਼ਕਾਂ ਨੂੰ ਭਰਮਾਉਣ ਦਾ ਯਤਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਕਿ ਭਾਰਤ ਨੂੰ ਵਿਸ਼ਵ ਨਿਰਮਾਣ ਕੇਂਦਰ ਬਣਾਉਣ ਲਈ ਜਿਥੇ ਕਿਤੇ ਲੋੜ ਹੋਈ ਉਸ ਨੂੰ ਠੀਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਸਾਡੇ ਕਾਇਦੇ ਕਾਨੂੰਨਾਂ ਨਾਲ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਜਰਮਨੀ ਦੇ ਵਪਾਰੀਆਂ ਅਤੇ ਸਨਅਤਕਾਰਾਂ ਨੂੰ ਇਹ ਵੀ ਕਿਹਾ ਕਿ ਉਹ ਪੁਰਾਣੀਆਂ ਧਾਰਨਾਵਾਂ ਦੇ ਪਿੱਛੇ ਨਾ ਜਾਣ ਸਗੋਂ ਭਾਰਤ ਆ ਕੇ ਬਦਲਿਆ ਹੋਇਆ ਵਾਤਾਵਰਨ ਮਹਿਸੂਸ ਕਰਨ। ਹੈਨੋਵਰ ਮੇਲੇ ‘ਚ ਭਾਰਤ-ਜਰਮਨੀ ਵਪਾਰਕ ਸੰਮੇਲਨ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਆਪਣੀ ‘ਮੇਕ ਇਨ ਇੰਡੀਆ’ ਪਹਿਲਕਦਮੀ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਖਿੱਚਣ ਦੀ ਪੂਰੀ ਕੋਸ਼ਿਸ਼ ਕੀਤੀ। ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਸਮੇਤ ਮੀਟਿੰਗ ‘ਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ‘ਮੇਕ ਇਨ ਇੰਡੀਆ’ ਲੋੜ ਹੈ। ਸਾਡਾ ਵਿਸ਼ਵਾਸ਼ ਹੈ ਕਿ ਭਾਰਤ ਨੂੰ ਵਿਸ਼ਵ ਦਾ ਨਿਰਮਾਣ ਕੇਂਦਰ ਬਣਾਉਣ ਦੇ ਸਾਡੇ ਸਫਰ ਵਿਚ ਸਾਡੇ ਆਪਣੇ ਕਾਇਦੇ ਕਾਨੂੰਨ ਰੋਕ ਨਹੀਂ ਸਕਦੇ। ਜਿਥੇ ਕਿਤੇ ਲੋੜ ਹੋਈ ਅਸੀਂ ਨਿਯਮਾਂ ‘ਚ ਸੋਧ ਕਰਾਂਗੇ। ਜਰਮਨੀ ਦੀਆਂ ਕੰਪਨੀਆਂ ਨੂੰ ਇਹ ਭਰੋਸਾ ਦਿੰਦਿਆਂ ਕਿ ਭਾਰਤ ਹੁਣ ਬਦਲਿਆ ਹੋਇਆ ਦੇਸ਼ ਹੈ, ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਜ਼ਿਆਦਾ ਪਾਰਦਰਸ਼ੀ, ਹੁੰਗਾਰਾ ਭਰਨ ਵਾਲੀ ਅਤੇ ਸਥਿਰ ਹੈ।
ਮੋਦੀ ਵਲੋਂ ਨਿਰਮਾਣ ਖੇਤਰ ਵਿਚ ਭਾਈਵਾਲੀ ਦਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦੇ ਵਿਸ਼ਵ ਨਿਰਮਾਣ ਕੇਂਦਰ ਬਣਨ ਦੀ ਵੱਡੀ ਗੁੰਜਾਇਸ਼ ਹੈ ਅਤੇ ਉਨ੍ਹਾਂ ਇਸ ਯਤਨ ਵਿਚ ਸਮੁੱਚੇ ਵਿਸ਼ਵ ਨੂੰ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਹੀ ਅਰਥਵਿਵਸਥਾ ਵਿਚ ਭਾਈਵਾਲ ਬਣਨ ਦਾ ਸੱਦਾ ਦਿੱਤਾ ਹੈ। ਇਸ ਮੌਕੇ ਚਾਂਸਲਰ ਮਰਕਲ ਨੇ ਕਿਹਾ ਕਿ ਮੇਲੇ ਵਿਚ ਜੋ ਭਾਰਤ ਦਿਖਾ ਰਿਹਾ ਹੈ ਉਹ ਉਸ ਤੋਂ ਪ੍ਰਭਾਵਤ ਹੋਈ ਹੈ। ਮਰਕਲ ਨੇ ਕਿਹਾ ਕਿ ਜਰਮਨੀ ਭਾਰਤ ਨਾਲ ਬਹੁਤ ਨੇੜਲੇ ਭਾਈਵਾਲੀ ਬਣਾਉਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਨੋਵਰ ਮੇਲਾ ਸਾਡੇ ਸਬੰਧਾਂ ਦਾ ਨਵਾਂ ਅਧਿਆਇ ਖੋਲ੍ਹੇਗਾ। ਪੈਵਲੀਅਨ ਦੇ ਉਦਘਾਟਨ ਪਿੱਛੋਂ ਪ੍ਰਧਾਨ ਮੰਤਰੀ ਨੇ ਭਾਰਤੀ ਸਟਾਲਾਂ ਅਤੇ ਬਾਕੀ ਮੇਲੇ ਦਾ ਦੌਰਾ ਕੀਤਾ। ਭਾਰਤੀ ਪੈਵਲੀਅਨ ‘ਚ ਉਨ੍ਹਾਂ ਜਰਮਨੀ ਦੀ ਚਾਂਸਲਰ ਨੂੰ ਚਾਹ ਅਤੇ ਸਨੈਕਸ ਦੀ ਪੇਸ਼ਕਸ਼ ਵੀ ਕੀਤੀ।
ਜਰਮਨ ਮੀਡੀਆ ‘ਚ ਮੋਦੀ ਦੀ ਚਰਚਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਅੱਜ-ਕੱਲ੍ਹ ਜਰਮਨੀ ਦੇ ਦੌਰੇ ‘ਤੇ ਹਨ ਬੀਤੇ ਦਿਨ ਉਨ੍ਹਾਂ ਨੇ ਉਦਯੋਗ, ਵਪਾਰਕ ਮੇਲੇ ‘ਚ ਹੈਨੋਵਰ ਸ਼ਹਿਰ ਵਿਖੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜਰਮਨ ਚਾਂਸਲਰ ਐਂਜਲਾ ਮਾਰਕਲ ਨੇ ਆਪਣੇ ਸੰਬੋਧਨ ਨਾਲ ਮੇਲੇ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਵਿਸ਼ਵਾਸ ਨਾਲ ਆਪਣੇ ਦੇਸ਼ ਦੀ ਤਰੱਕੀ, ਆਰਥਿਕ ਵਿਕਾਸ ਤੇ ਵਿਸ਼ਵ ਪੱਧਰੀ ‘ਮੇਕ ਇੰਨ ਇੰਡੀਆ’ ਦੀ ਲਹਿਰ ਸ਼ੁਰੂ ਕੀਤੀ ਹੈ। ਜਰਮਨੀ ਦੀਆਂ ਅਖ਼ਬਾਰਾਂ ‘ਚ ਚਰਚਾ ਬਣੀ ਹੈ। ਵੱਖ-ਵੱਖ ਅਖ਼ਬਾਰਾਂ ਨੇ ਮੁੱਖ ਸੁਰਖੀਆਂ ਵੀ ਲਾਈਆਂ ਹਨ।

Facebook Comment
Project by : XtremeStudioz