Close
Menu

ਨੇਪਾਲੀ ਜਾਨਲੇਵਾ ਭੂਚਾਲ ‘ਚ ਫਸੇ ਲੋਕਾਂ ‘ਚ 388 ਕੈਨੇਡੀਅਨ ਵੀ ਸ਼ਾਮਿਲ

-- 27 April,2015

ਟੋਰਾਂਟੋ, ਨੇਪਾਲ ‘ਚ ਆਏ ਦਿਲ ਦਹਿਲਾਉਣ ਵਾਲੇ ਭੂਚਾਲ ‘ਚ ਫਸੇ ਲੋਕਾਂ ‘ਚ 400 ਦੇ ਕਰੀਬ ਕੈਨੇਡੀਅਨ ਵੀ ਸ਼ਾਮਿਲ ਹਨ। ਇਹ ਗਿਣਤੀ ਆਪਣੇ ਨਾਂ ਰਜਿਸਟਰਡ ਕਰਵਾਉਣ ਵਾਲੇ ਲੋਕਾਂ ਦੀ ਹੈ ਜਦ ਕਿ ਗਿਣਤੀ ਇਸ ਤੋਂ ਵੱਧ ਵੀ ਹੋ ਸਕਦੀ ਹੈ। ਰੀਨਾ ਵੋਹਰਾ ਨਾਂ ਦੀ ਕੈਨੇਡੀਅਨ ਔਰਤ ਅਨੁਸਾਰ ਜਦ ਉਹ ਇੱਕ ਪੁਰਾਤਨ ਸ਼ਹਿਰ ਦੀ ਇੱਕ ਤੰਗ ਜਿਹੀ ਗਲੀ ‘ਚੋਂ ਤੁਰੀ ਜਾ ਰਹੀ ਸੀ ਤਾਂ ਠੀਕ ਉਸ ਵੇਲੇ 7 ਪੁਆਇੰਟ 8 ਮੈਗਨੀਚਿਊਡ ਦੀ ਗਤੀ ਨਾਲ ਵੱਡਾ ਭੂਚਾਲ ਆਇਆ ਜਿਹੜਾ ਸੈਂਕੜੇ ਲੋਕਾਂ ਨੂੰ ਮੌਤ ਦੇ ਮੂੰਹ ‘ਚ ਸੁੱਟ ਕੇ ਪੂਰੇ ਖ਼ੇਤਰ ‘ਚ ਅਫ਼ਰਾ-ਤਫ਼ਰੀ ਮਚਾ ਗਿਆ। ਟੋਰਾਂਟੋ ਦੀ ਸਹਾਇਤਾ ਸੰਸਥਾ ਵਰਲਡ ਵਿਯਨ ਨਾਲ ਨੇਪਾਲ ਗਈ ਉਕਤ ਔਰਤ ਦਾ ਕਹਿਣਾ ਸੀ ਕਿ ਭਾਕਤਪੁਰ ਨਾਂ ਦੇ ਇਤਿਹਾਸਿਕ ਨਗਰ ‘ਚ ਉਨ੍ਹਾਂ ਨੇੜੇ ਇੱਕ ਤਬਾਹ ਹੋਈ ਦੁਕਾਨ ਨੇੜੇ ਲੋਕਾਂ ਨੂੰ ਕੁਰਲਾਉਂਦੇ ਹੋਏ ਵੇਖਿਆ। ਉਸ ਅਨੁਸਾਰ ਕਾਠਮੰਡੂ ਵਾਦੀ ਦੀ ਸੰਘਣੀ ਵੱਸੋਂ ‘ਚ ਉਕਤ ਆਦਮਖੋਰ ਭੂਚਾਲ 2500 ਤੋਂ ਵੱਧ ਲੋਕਾਂ ਦੀ ਜਾਨ ਲੈ ਗਿਆ ਜਦੋਂ ਕਿ ਜ਼ਖ਼ਮੀਆਂ ਦੀ ਗਿਣਤੀ 6000 ਤੋਂ ਵੱਧ ਦੱਸੀ ਜਾ ਰਹੀ ਹੈ। ਭਾਰਤ, ਤਿੱਬਤ ਅਤੇ ਬੰਗਲਾਦੇਸ਼ ਤੋਂ ਵੀ ਮੌਤ ਦੀਆਂ ਖ਼ਬਰਾਂ ਹਨ। ਵਿਦੇਸ਼ ਮਾਮਲਿਆਂ ਦੇ ਮਹਿਕਮੇ ਦਾ ਕਹਿਣਾ ਹੈ ਕਿ 388 ਕੈਨੇਡੀਅਨਾਂ ਦੇ ਨੇਪਾਲ ‘ਚ ਹੋਣ ਦਾ ਖਦਸ਼ਾ ਹੈ ਜਦ ਕਿ ਇਹ ਗਿਣਤੀ ਅੰਦਾਜ਼ਨ ਹੈ ਅਤੇ ਰਜਿਸਟਰੇਸ਼ਨ ਸਵੈ­ਸੇਵੀ ਹੈ। ਕੈਨੇਡੀਅਨਾਂ ‘ਚ ਨਿਊ ਬਰੰਸ਼ਵਿਕ ਦੀ ਨਿਊ ਡੈਮੋਕਰੇਟਿਕ ਪਾਰਟੀ ਦੀ ਸਾਬਕਾ ਲੀਡਰ ਐਲਿਜ਼ਾਬੇਥ ਵੀਅਰ ਵੀ ਸ਼ਾਮਿਲ ਹੈ, ਜਿਸ ਨੇ ਸ਼ਨੀਵਾਰ ਟਵੀਟਰ ‘ਤੇ ਪੋਸਟ ਕੀਤੀ ਹੈ ਜਿਸ ‘ਚ ਦਰਜ ਕੀਤਾ ਹੈ ਕਿ ਕਾਠਮੰਡੂ ਅਤੇ ਬਾਹਰੀ ਇਲਾਕਿਆਂ ‘ਚ ਅਜੇ ਵੀ ਤੂਫ਼ਾਨ ਦੇ ਜ਼ਮੀਨੀ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ।

Facebook Comment
Project by : XtremeStudioz