Close
Menu

ਨੇਪਾਲ ‘ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 5489 ਤੋਂ ਟੱਪੀ

-- 01 May,2015

ਕਾਠਮੰਡੂ  –  ਨੇਪਾਲ ਵਿਚ ਭਿਆਨਕ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 5489 ਤੋਂ ਟੱਪ ਗਈ ਹੈ। ਇਹ ਜਾਣਕਾਰੀ ਨੇਪਾਲ ਦੇ ਗ੍ਰਹਿ ਮੰਤਰੀ ਨੇ ਵੀਰਵਾਰ ਦਿੱਤੀ। ਉਨ੍ਹਾਂ ਦੱਸਿਆ ਕਿ 10965 ਵਿਅਕਤੀ ਜ਼ਖਮੀ ਹੋਏ ਹਨ। ਖਬਰ ਏਜੰਸੀ ਸਿਨਹੁਆ ਅਨੁਸਾਰ ਨੈਸ਼ਨਲ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਦੱਸਿਆ ਕਿ ਸਿੰਧੂਪਾਲ ਚੌਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲਾ ਹੈ, ਜਿਥੇ 1587 ਵਿਅਕਤੀ ਮਾਰੇ ਗਏ।
5 ਦਿਨਾਂ ਮਗਰੋਂ ਇਕ ਲੜਕੇ ਨੂੰ ਜ਼ਿੰਦਾ ਕੱਢਿਆ : ਨੇਪਾਲ ‘ਚ ਸ਼ਨੀਵਾਰ ਨੂੰ ਆਏ ਭੂਚਾਲ ਦੇ 5 ਦਿਨਾਂ ਮਗਰੋਂ ਇਕ ਲੜਕੇ ਨੂੰ ਹੋਟਲ ਦੇ ਮਲਬੇ ਵਿਚੋਂ ਜ਼ਿੰਦਾ ਕੱਢਿਆ ਹੈ। ਇਹ ਜਾਣਕਾਰੀ  ਅਧਿਕਾਰੀਆਂ ਨੇ ਵੀਰਵਾਰ ਦਿੱਤੀ। ਨੇਪਾਲ ਦੀ ਆਰਮਡ ਫੋਰਸ ਨੇ ਵੀਰਵਾਰ ਸਵੇਰੇ ਕਾਠਮੰਡੂ ਦੇ ਗੋਂਗਾਬੂ ਇਲਾਕੇ ਵਿਚੋਂ 15 ਸਾਲਾ ਲੜਕੇ ਨੂੰ ਸੁਰੱਖਿਅਤ ਕੱਢਿਆ ਹੈ। ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਨੁਵਾਕੋਟ ਜ਼ਿਲੇ ਦੇ ਪੇਂਬਾ ਲਾਮਾ ਹੋਟਲ ਦੇ ਮਲਬੇ ਹੇਠ ਦੱਬ ਗਿਆ ਸੀ।
ਭਾਰਤ ਨੇ 8 ਹਜ਼ਾਰ ਤੋਂ ਵੱਧ ਤੰਬੂਆਂ ਦੀ ਖੇਪ ਭੇਜੀ : ਭੂਚਾਲ ਪ੍ਰਭਾਵਿਤ ਨੇਪਾਲ ਲਈ ਭਾਰਤ ਨੇ ਅੱਜ 8450 ਤੰਬੂਆਂ ਦੀ ਖੇਪ ਰਵਾਨਾ ਕੀਤੀ ਹੈ।  ਰਾਸ਼ਟਰੀ ਆਫਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਵਲੋਂ ਜਾਰੀ ਬਿਆਨ ਅਨੁਸਾਰ ਇਹ ਸਾਰੇ ਤੰਬੂ ਵੱਖ-ਵੱਖ  ਇਲਾਕਿਆਂ  ਵਿਚ  ਭੂਚਾਲ ‘ਚ ਆਪਣਾ ਘਰ ਗੁਆ ਚੁੱਕੇ ਲੋਕਾਂ ਨੂੰ ਵੰਡੇ ਜਾਣਗੇ।
ਨੇਪਾਲ ਦੀਆਂ ਲੋੜਾਂ ਅਨੁਸਾਰ ਪੂਰਤੀ ਕਰਾਂਗੇ : ਪਾਰਿਕਰ : ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਅੱਜ ਭੂਚਾਲ ਪੀੜਤ ਨੇਪਾਲ ਨੂੰ ਹਰ ਸੰਭਵ ਸਹਾਇਤਾ ਜਾਰੀ ਰੱਖਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਨੇਪਾਲ ਦੀ ਬੇਨਤੀ ਅਨੁਸਾਰ ਉਸ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 25 ਅਪ੍ਰੈਲ ਮਗਰੋਂ 3193 ਵਿਅਕਤੀਆਂ ਨੂੰ ਨੇਪਾਲ ਵਿਚੋਂ ਸੁਰੱਖਿਅਤ ਕੱਢਿਆ ਹੈ। ਇਸ ਦੌਰਾਨ 314.6 ਟਨ ਰਾਹਤ ਸਮੱਗਰੀ ਅਤੇ ਸਾਮਾਨ ਵੀ ਉਥੇ ਪਹੁੰਚਾਇਆ ਗਿਆ ਹੈ। ਹਵਾਈ ਫੌਜ ਦੇ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਰਾਹਤ ਅਤੇ ਬਚਾਅ ਮੁਹਿੰਮ ਵਿਚ 950 ਮੁਲਾਜ਼ਮਾਂ ਨੂੰ ਲਗਾਇਆ ਗਿਆ ਹੈ।

Facebook Comment
Project by : XtremeStudioz