Close
Menu

ਨੈਰੋਬੀ ਦੇ ਸ਼ਾਪਿੰਗ ਮਾਲ ’ਚ ਗਹਿਗੱਚ ਗੋਲੀਬਾਰੀ ਜਾਰੀ

-- 24 September,2013

AP9_23_2013_000135A

ਨੈਰੋਬੀ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇੱਥੇ ਵੈਸਟਗੇਟ ਸ਼ਾਪਿੰਗ ਮਾਲ ਵਿੱਚ ਕੀਨਿਆਈ ਦਸਤਿਆਂ ਅਤੇ ਇਸਲਾਮੀ ਦਹਿਸ਼ਤਪਸੰਦਾਂ ਵਿਚਕਾਰ ਗਹਿਗੱਚ ਮੁਕਾਬਲਾ ਚੱਲ ਰਿਹਾ ਸੀ ਜਿਸ ਦੌਰਾਨ ਭਾਰੀ ਗੋਲੀਬਾਰੀ ਅਤੇ ਧਮਾਕਿਆਂ ਦਾ ਖੜਾਕ ਸੁਣਾਈ ਦੇ ਰਿਹਾ ਹੈ। ਦਹਿਸ਼ਤਗਰਦ ਘੱਟੋ-ਘੱਟ 68 ਲੋਕਾਂ ਨੂੰ ਪਹਿਲਾਂ ਹੀ ਮਾਰ ਚੁੱਕੇ ਹਨ। ਹਮਲੇ ਦੇ ਅੱਜ ਤੀਜੇ ਦਿਨ ਤੜਕਸਾਰ ਭਾਰੀ ਗੋਲੀਬਾਰੀ ਹੋਈ ਅਤੇ ਕੰਪਲੈਕਸ ਦੇ ਬਾਹਰ ਫੌਜੀ ਬਚਾਅ ਕਰਦੇ ਅੱਗੇ ਵਧਦੇ ਦੇਖੇ ਗਏ। ਮੌਕੇ ’ਤੇ ਮੌਜੂਦ ਏਐਫਪੀ ਦੇ ਰਿਪੋਰਟਰਾਂ ਅਨੁਸਾਰ ਤਿੰਨ ਵੱਡੇ ਧਮਾਕੇ ਹੋਏ ਅਤੇ ਰੁਕ-ਰੁਕ ਕੇ ਗੋਲੀਬਾਰੀ ਚੱਲ ਰਹੀ ਸੀ।  ਕੀਨਿਆਈ ਫੌਜ ਨੇ ਕਿਹਾ ਕਿ ਕੰਪਲੈਕਸ ਦਾ ਇਸਰਾਇਲੀ ਮਾਲਕੀ ਵਾਲਾ ਉਪਰੀ ਹਿੱਸਾ ਸੁਰੱਖਿਅਤ ਕਰ ਲਿਆ ਗਿਆ ਜਦਕਿ ਅਲ-ਕਾਇਦਾ ਨਾਲ ਸਬੰਧਤ ਸੋਮਾਲੀ ਅਲ-ਸ਼ਬਾਬ ਦੇ ਦਹਿਸ਼ਤਪਸੰਦਾਂ ਖ਼ਿਲਾਫ਼ ਅੰਤਮ ਹਮਲਾ ਜਾਰੀ ਸੀ। ਸਮਝਿਆ ਜਾ ਰਿਹਾ ਹੈ ਕਿ ਦਰਜਨ ਭਰ ਦਹਿਸ਼ਤਪਸੰਦਾਂ ਨੇ ਮਾਲ ਦੇ ਇਕ ਹਿੱਸੇ ਵਿਚ ਕੁਝ ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ।

ਕੀਨੀਆ ਦੇ ਸੁਰੱਖਿਆ ਦਸਤਿਆਂ ਨੇ ਰਾਤੀਂ ਇਕ ਬਿਆਨ ਵਿਚ ਕਿਹਾ, ‘‘ਸਾਡਾ ਸਰੋਕਾਰ ਸਾਰੇ ਬੰਦੀਆਂ ਨੂੰ ਜਿਊਂਦੇ ਛੁਡਾਉਣਾ ਹੈ ਜਿਸ ਕਰਕੇ ਇਹ ਇਕ ਨਾਜ਼ੁਕ ਅਪਰੇਸ਼ਨ ਬਣ ਗਿਆ ਹੈ।’’ ਉਨ੍ਹਾਂ ਕਿਹਾ ਕਿ ਉਹ ਇਸ ਡਰਾਮੇ ਦਾ ਛੇਤੀ ਅੰਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਮਲਾਵਰ ਸ਼ਨਿੱਚਰਵਾਰ ਦੁਪਹਿਰੇ ਗੋਲੀਆਂ ਦਾ ਮੀਂਹ ਵਰ੍ਹਾਉਂਦੇ ਹੋਏ ਇਸ ਚਾਰ ਮੰਜ਼ਿਲਾ ਕੰਪਲੈਕਸ ਵਿਚ ਦਾਖ਼ਲ ਹੋਏ ਸਨ। ਅਲ-ਸ਼ਬਾਬ ਦੇ ਤਰਜਮਾਨ ਅਲੀ ਮੁਹੰਮਦ ਰਾਗੇ ਨੇ ਚਿਤਾਵਨੀ ਦਿੱਤੀ ਕਿ ਜੇ ਸੁਰੱਖਿਆ ਦਸਤਿਆਂ ਨੇ ਮੁਜਾਹਿਦੀਨ ਖ਼ਿਲਾਫ ਤਾਕਤ ਵਰਤੀ ਤਾਂ ਇਸ ਦਾ ਖਮਿਆਜ਼ਾ ਬੰਦੀਆਂ ਨੂੰ ਭੁਗਤਣਾ ਪਵੇਗਾ।
ਕੀਨੀਆ ਦੇ ਰਾਸ਼ਟਰਪਤੀ ਉਹੁਰੂ ਕੇਨਿਅੱਤਾ ਨੇ ਕੱਲ੍ਹ ਕੌਮ ਦੇ ਨਾਂ ਭਾਸ਼ਣ ਦਿੰਦਿਆਂ ਵਚਨ ਦਿੱਤਾ ਸੀ ਕਿ ਹਮਲਾਵਰਾਂ ਨੂੰ ਇਹ ਘੋਰ ਨਿੰਦਾਜਨਕ ਕਾਰਾ ਕਰਕੇ ਜਾਣ ਨਹੀਂ ਦਿੱਤਾ ਜਾਵੇਗਾ। ਅਸੀਂ ਇਨ੍ਹਾਂ ਦੇ ਖੈਰਖਾਹਾਂ ਨੂੰ ਤੇਜ਼ੀ ਨਾਲ ਸਜ਼ਾ ਦੇਵਾਂਗੇ ਤੇ ਬਿਨਾਂ ਸ਼ੱਕ ਤਕਲੀਫਦੇਹ ਸਜ਼ਾ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਹਮਲੇ ’ਚ ਮਰਨ ਵਾਲਿਆਂ ’ਚ ਉਨ੍ਹਾਂ ਦਾ ਭਤੀਜਾ ਤੇ ਉਸ ਦੀ ਮੰਗੇਤਰ  ਸ਼ਾਮਲ ਸਨ। ਅਧਿਕਾਰੀਆਂ ਦੇ ਅਨੁਮਾਨ ਮੁਤਾਬਕ 200 ਲੋਕ ਜ਼ਖ਼ਮੀ ਹੋਏ ਹਨ ਅਤੇ ਰੈੱਡਕਰਾਸ ਨੇ ਦੇਸ਼ ਭਰ ਦੇ ਖੂਨਦਾਨੀਆਂ ਨੂੰ ਅਪੀਲ ਕੀਤੀ ਹੈ।
ਪੁਲੀਸ ਸੂਤਰਾਂ ਨੇ 68 ਮੌਤਾਂ ਦੀ ਪੁਸ਼ਟੀ ਕੀਤੀ ਹੈ ਪਰ ਮਾਲ ਵਿਚ ਅਜੇ ਕਈ ਲਾਸ਼ਾਂ ਪਈਆਂ ਹਨ, ਜਿਸ ਕਰਕੇ ਮੌਤਾਂ ਦੀ ਗਿਣਤੀ ਵਧਣ ਦਾ ਅੰਦੇਸ਼ਾ ਹੈ।  ਅਲ-ਸ਼ਬਾਬ ਦੇ ਬਾਗ਼ੀਆਂ ਨੇ ਕਿਹਾ ਕਿ ਉਨ੍ਹਾਂ ਸੋਮਾਲੀਆ ਵਿਚ ਕੀਨੀਆ ਦੇ ਫ਼ੌਜੀ ਦਖ਼ਲ ਦਾ ਬਦਲਾ ਲਿਆ ਹੈ। ਉਥੇ ਅਫਰੀਕੀ ਸੰਘ ਦੀ ਕਮਾਂਡ ਹੇਠ ਦਸਤੇ ਇਸਲਾਮੀ ਕੱਟੜਪੰਥੀਆਂ ਖ਼ਿਲਾਫ਼ ਜੂਝ ਰਹੇ ਹਨ। ਰਾਗੇ ਨੇ ਕਿਹਾ, ‘‘ਜੇ ਤੁਸੀਂ ਕੀਨੀਆ ’ਚ ਸ਼ਾਂਤੀ ਚਾਹੁੰਦੇ ਹੋ ਤਾਂ ਤੁਹਾਡੇ ਮੁੰਡੇ ਸਾਡੀ ਧਰਤੀ ’ਤੇ ਦਿਸਣੇ ਨਹੀਂ ਚਾਹੀਦੇ।’’ ਗਰੁੱਪ ਨੇ ਟਵਿੱਟਰ ’ਤੇ ਕਈ ਬਿਆਨ ਵੀ ਪਾਏ ਹਨ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਮਲਾਵਰਾਂ ਨੇ ਹਮਲੇ ਤੋਂ ਪਹਿਲਾਂ ਮੁਸਲਮਾਨਾਂ ਨੂੰ ਮਾਲ ’ਚੋਂ ਸੁਰੱਖਿਅਤ ਬਾਹਰ ਕੱਢ ਦਿੱਤਾ ਸੀ।
ਹਮਲੇ ’ਚੋਂ ਬਚ ਕੇ  ਆਈ ਮਾਲ ਦੀ ਇਕ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੇ ਪੰਜ ਸਹਿਕਰਮੀਆਂ ਨਾਲ ਟੇਬਲ ਥੱਲੇ ਛੁਪ ਗਈ ਸੀ। ਉਸ ਨੇ ਦੱਸਿਆ ਕਿ ਇਹ ਕਿਸੇ ਫਿਲਮ ਦਾ ਸੀਨ ਵਾਂਗ ਲੱਗ ਰਿਹਾ ਸੀ।
ਮਰਨ ਵਾਲਿਆਂ ਵਿਚ ਤਿੰਨ ਬਰਤਾਨਵੀ, ਦੋ ਫਰਾਂਸੀਸੀ ਔਰਤਾਂ, ਦੋ ਕੈਨੇਡੀਅਨ, ਜਿਨ੍ਹਾਂ ’ਚੋਂ ਇਕ ਡਿਪਲੋਮੈਟ ਹੈ। ਇਕ ਚੀਨੀ ਔਰਤ, ਦੋ ਭਾਰਤੀ, ਇਕ ਦੱਖਣ ਕੋਰਿਆਈ, ਇਕ ਦੱਖਣੀ ਅਫਰੀਕੀ ਅਤੇ ਇਕ ਡੱਚ ਔਰਤ ਸ਼ਾਮਲ ਹਨ। ਘਾਨਾ ਦੇ ਕਵੀ ਅਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਦੂਤ ਕੋਫ਼ੀ ਅਵੂਨੋਰ (78) ਵੀ ਮਾਰੇ ਗਏ ਹਨ ਅਤੇ ਉਨ੍ਹਾਂ ਦਾ ਪੁੱੱਤਰ ਜ਼ਖ਼ਮੀ ਹੋ ਗਿਆ।

Facebook Comment
Project by : XtremeStudioz