Close
Menu

ਪਟਨਾ ਸਾਹਿਬ ਤੋਂ ਹੀ ਚੋਣ ਲੜਾਂਗਾ: ਸ਼ਤਰੂਘਣ ਸਿਨਹਾ

-- 04 March,2019

ਲਖਨਊ, 4 ਮਾਰਚ
ਸੰਸਦ ਮੈਂਬਰ ਸ਼ਤਰੂਘਣ ਸਿਨਹਾ ਨੇ ਅੱਜ ਕਿਹਾ ਕਿ ਭਾਜਪਾ ਨਾਲ ਵਖਰੇਵਿਆਂ ਦੇ ਬਾਵਜੂਦ ਉਹ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਉਹ ‘ਕਿਸੇ ਵੀ ਹਾਲਾਤ’ ਵਿੱਚ ਆਪਣਾ ‘ਚੋਣ ਹਲਕਾ’ ਨਹੀਂ ਬਦਲਣਗੇ। ਸਿਨਹਾ ਨੇ ਸਾਫ਼ ਕਰ ਦਿੱਤਾ ਕਿ ਪਾਰਟੀ (ਭਾਜਪਾ) ਕੋਈ ਵੀ ਫੈਸਲਾ ਲਏ, ਪਰ ਉਹ ਪਟਨਾ ਸਾਹਿਬ ਤੋਂ ਹੀ ਮੁੜ ਸੰਸਦੀ ਚੋਣ ਲੜਨਗੇ। ਰਾਂਚੀ ਤੋਂ ਫੋਨ ’ਤੇ ਗੱਲਬਾਤ ਕਰਦਿਆਂ ਸਿਨਹਾ ਨੇ ਕਿਹਾ, ‘ਹਾਲਾਤ ਕੁਝ ਵੀ ਹੋਣ, ਲੋਕੇਸ਼ਨ (ਸੰਸਦੀ ਸੀਟ) ਉਹੀ ਰਹੇਗੀ।’ ਉਂਜ ਉਨ੍ਹਾਂ ਦੀ ਪਤਨੀ ਪੂਨਮ ਸਿਨਹਾ ਦੇ ਲਖਨਊ ਸੰਸਦੀ ਸੀਟ ਤੋਂ ਚੋਣ ਲੜਨ ਦੇ ਕਿਆਸੇ ਹਨ। ਮੌਜੂਦਾ ਸਮੇਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਸੀਟ ਦੀ ਨੁਮਾਇੰਦਗੀ ਕਰਦੇ ਹਨ।
ਸਾਲ 2015 ਦੀਆਂ ਬਿਹਾਰ ਚੋਣਾਂ ਮਗਰੋਂ ਪਟਨਾ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਸ਼ਤਰੂਘਣ ਤੇ ਕੇਂਦਰ ਦੀ ਮੋਦੀ ਸਰਕਾਰ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਛੱਤੀ ਦਾ ਅੰਕੜਾ ਹੈ। ਸਿਨਹਾ, ਨੋਟਬੰਦੀ ਤੇ ਜੀਐਸਟੀ ਸਮੇਤ ਹੋਰ ਕਈ ਮੁੱਦਿਆਂ ’ਤੇ ਮੋਦੀ ਸਰਕਾਰ ਦਾ ਖੁੱਲ੍ਹ ਕੇ ਵਿਰੋਧ ਕਰ ਚੁੱਕੇ ਹਨ। ਇਹ ਹੀ ਨਹੀਂ ਸਿਨਹਾ ਨੇ ਜਨਵਰੀ ਵਿੱਚ ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਵਿਰੋਧੀ ਪਾਰਟੀਆਂ ਦੀ ਭਾਜਪਾ ਵਿਰੋਧੀ ਰੈਲੀ ਵਿੱਚ ਵੀ ਸ਼ਿਰਕਤ ਕੀਤੀ ਸੀ। ਆਪਣੀ ਹਾਲੀਆ ਲਖਨਊ ਫੇਰੀ ਦੌਰਾਨ ਸਿਨਹਾ ਨੇ ਸਪਾ ਆਗੂ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਸੀ, ਜਿਸ ਮਗਰੋਂ ਇਨ੍ਹਾਂ ਕਿਆਸਾਂ ਨੂੰ ਬਲ ਮਿਲਿਆ ਸੀ ਕਿ ਸਿਨਹਾ ਦੀ ਪਤਨੀ ਪੂਨਮ ਸਿਨਹਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਤੋਂ ਸਰਗਰਮ ਰਾਜਧਾਨੀ ਵਿੱਚ ਦਾਖ਼ਲ ਹੋ ਸਕਦੀ ਹੈ। ਇਨ੍ਹਾਂ ਅਫ਼ਵਾਹਾਂ ਬਾਰੇ ਪੁੱਛੇ ਜਾਣ ’ਤੇ ਸਿਨਹਾ ਨੇ ਕਿਹਾ, ‘ਪੂਨਮ ਸਿਨਹਾ ਪਿਛਲੇ ਲੰਮੇ ਸਮੇਂ ਤੋਂ ਸਮਾਜਿਕ ਕੰਮਾਂ ਵਿੱਚ ਲੱਗੇ ਹਨ। ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਲੋਕ ਚਾਹੁੰਦੇ ਹਨ ਕਿ ਉਹ ਚੋਣ ਲੜਨ, ਪਰ ਇਹ ਮੁਮਕਿਨ ਹੈ ਜਾਂ ਨਹੀਂ, ਸਮਾਂ ਦੱਸੇਗਾ।

Facebook Comment
Project by : XtremeStudioz