Close
Menu

ਪਟੇਲ ਅੰਦੋਲਨ ਨੂੰ ਦੂਜੇ ਰਾਜਾਂ ਵਿੱਚ ਵੀ ਫੈਲਾਉਣ ਦੀ ਚਿਤਾਵਨੀ

-- 31 August,2015

ਨਵੀਂ ਦਿੱਲੀ, ਗੁਜਰਾਤ ਦੇ ਪਟੇਲਾਂ ਵਿੱਚ ਰਾਖਵੇਂਕਰਨ ਦੀ ਚਿਣਗ ਜਗਾਉਣ ਵਾਲੇ ਹਾਰਦਿਕ ਪਟੇਲ ਨੇ ਹੁਣ ਦਿੱਲੀ ਦਾ ਰੁਖ਼ ਕੀਤਾ ਹੈ। ਉਨ੍ਹਾਂ ਨੇ ਆਪਣੇ ਅੰਦੋਲਨ ਨੂੰ ਦੇਸ਼ ਦੇ ਦੂਜੇ ਰਾਜਾਂ ਵਿੱਚ ਵੀ ਫੈਲਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 12 ਰਾਜਾਂ ਦੇ ਲੋਕ ਉਨ੍ਹਾਂ ਦੇ ਅੰਦੋਲਨ ਨਾਲ ਜੁਡ਼ੇ ਹੋਏ ਹਨ। ਸ੍ਰੀ ਪਟੇਲ ਨੇ ਅੱਜ ਦਿੱਲੀ ਵਿੱਚ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਤਾਂ ਹੁਣ ਤਕ ਰਾਖਵਾਂਕਰਨ ਮਿਲ ਗਿਆ ਹੁੰਦਾ ਕਿਉਂਕਿ ਉਹ 10 ਸਾਲਾਂ ਤਕ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ ਤੇ ਜਾਣਦੇ ਹਨ ਕਿ ਕਿਸ ਨੂੰ ਕੀ ਮਿਲਣਾ ਚਾਹੀਦਾ ਹੈ?
ਗੁਜਰਾਤ ਵਿੱਚ ਆਪਣੀ ਤਾਕਤ ਦਿਖਾ ਚੁੱਕੇ 22 ਸਾਲਾ ਹਾਰਦਿਕ ਪਟੇਲ ਨੇ ਆਪਣੀ ਅਗਲੀ ਰਣਨੀਤੀ ਬਿਆਨੀ। ਉਨ੍ਹਾਂ ਕਿਹਾ ਕਿ ਉਹ ਅੰਦੋਲਨ ਨੂੰ ਜੰਤਰ-ਮੰਤਰ ਤੋਂ ਲਖਨਊ ਤਕ ਲੈ ਕੇ ਜਾਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਕਿਸੇ ਵੀ ਪਾਰਟੀ ਨਾਲ ਮੇਲ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਟੇਲਾਂ ਨੂੰ ਓ.ਬੀ.ਸੀ. ਕੋਟੇ ਵਿੱਚ ਸ਼ਾਮਲ ਕਰਵਾਉਣ ਲਈ ਜਾਟਾਂ (ਜੱਟਾਂ) ਤੇ ਗੁੱਜਰਾਂ ਦਾ ਸਾਥ ਚਾਹੀਦਾ ਹੈ ਕਿਉਂਕਿ ਉਹ ਵੀ ਖ਼ੁਦ ਨੂੰ ਓ.ਬੀ.ਸੀ. ਵਿੱਚ ਸ਼ਾਮਲ ਹੋਣ ਲਈ ਅੰਦੋਲਨ ਚਲਾ ਰਹੇ ਹਨ। ਇਸ ਲਈ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਇਨ੍ਹਾਂ ਦੋਵਾਂ ਭਾਈਚਾਰਿਆਂ ਦੀ ਮਦਦ ਲੋੜੀਂਦੀ ਹੈ। ਉਨ੍ਹਾਂ ਸਾਫ਼ ਕੀਤਾ ਕਿ ਉਹ ਦਿੱਲੀ ਕਿਸੇ ਸਿਆਸੀ ਆਗੂ ਜਾਂ ਮੰਤਰੀਆਂ ਨੂੰ ਮਿਲਣ ਨਹੀਂ ਆਏ।  ਗੁਜਰਾਤ ਵਿੱਚ ਮਿਲੇ ਹੁੰਗਾਰੇ ਤੋਂ ਬਾਗ਼ੋ-ਬਾਗ ਹਾਰਦਿਕ ਨੇ ਕਿਹਾ ਕਿ ਗੁਜਰਾਤ ਵਿੱਚ ਹੋਏ ਪ੍ਰਦਰਸ਼ਨ ਮੈਰਾਥਨ ਸਨ ਨਾ ਕਿ ਕੋੲੀ 100 ਮੀਟਰ ਦੀ ਦੌਡ਼। ਸ੍ਰੀ ਪਟੇਲ ਨੇ ਕਿਹਾ ਕਿ ਕਾਂਗਰਸ ਦੇ ਲੋਕ ੳੁਨ੍ਹਾਂ ਨੂੰ ਭਾਜਪਾ ਦਾ ਬੰਦਾ ਆਖਦੇ ਹਨ ਤੇ ਕਈ ਹੋਰ ਆਗੂ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਦੱਸਦੇ ਹਨ।
ਉਨ੍ਹਾਂ ਕਿਹਾ ਕਿ ਪਟੇਲਾਂ ਦੇ ਸੰਘਰਸ਼ ਦੌਰਾਨ ਉਨ੍ਹਾਂ ਦੀਆਂ ਰੈਲੀਆਂ ਵਿੱਚ ਆਉਂਦੀ ਭੀੜ ਵਿੱਚ ਅਤੇ ਕਾਂਗਰਸ, ਭਾਜਪਾ ਤੇ ‘ਆਪ’ ਦੀਆਂ ਰੈਲੀਆਂ ਵਿੱਚ ਆਉਂਦੀ ਭੀੜ ਦੀ ਗਿਣਤੀ ਵਿੱੱਚ ਕਾਫ਼ੀ ਅੰਤਰ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਪਿੱਛੇ ਕਿਸੇ ਦਾ ਹੱਥ ਨਹੀਂ ਹੈ। ੳੁਨ੍ਹਾਂ ਦਾ ਤਰਕ ਹੈ ਕਿ ਓ.ਬੀ.ਸੀ. ਕੋਟੇ ਵਾਲੇ 44 ਫ਼ੀਸਦੀ ਅੰਕਾਂ ਨਾਲ ਦਾਖ਼ਲਾ ਪਾ ਜਾਂਦੇ ਹਨ ਪਰ 90 ਫ਼ੀਸਦੀ ਅੰਕ ਲੈਣ ਵਾਲੇ ਪਾਟੀਦਾਰਾਂ ਨੂੰ ਦਾਖ਼ਲੇ ਨਹੀਂ ਮਿਲਦੇ। ਇਸ ਲਈ ਪਟੇਲਾਂ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ ਹੈ।

Facebook Comment
Project by : XtremeStudioz