Close
Menu

ਪਦਮ ਪੁਰਸਕਾਰ ਲਈ ਨਜ਼ਰਅੰਦਾਜ਼ ਕੀਤੇ ਜਾਣ ਤੋਂ ਨਿਰਾਸ਼ ਹੈ ਸਾਇਨਾ

-- 04 January,2015

ਨਵੀਂ ਦਿੱਲੀ, ਓਲੰਪਿਕ ’ਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਖੇਡ ਮੰਤਰਾਲੇ ਵੱਲੋਂ ਨਿਯਮਾਂ ਦਾ ਹਵਾਲਾ ਦੇ ਕੇ ਇਸ ਸਾਲ ਦੇ ਪਦਮ ਭੂਸ਼ਨ ਪੁਰਸਕਾਰਾਂ ਲਈ ਉਸ ਦੀ ਅਰਜ਼ੀ ਖਾਰਜ ਕੀਤੇ ਜਾਣ ਨੂੰ ਲੈ ਕੇ ਕਾਫ਼ੀ ਨਿਰਾਸ਼ ਹੈ। ਭਾਰਤੀ ਬੈਡਮਿੰਟਨ ਫੈਡਰੇਸ਼ਨ (ਬੀਏਆਈ) ਨੇ ਪਿਛਲੇ ਸਾਲ ਅਗਸਤ ਵਿੱਚ ਖੇਡ ਮੰਤਰਾਲੇ ਨੂੰ ਸਾਇਨਾ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ, ਪਰ ਮੰਤਰਾਲੇ ਨੇ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਤਰਜੀਹ ਦਿੱਤੀ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਸਾਇਨਾ ਨਾਲੋਂ ਵਧ ਯੋਗ ਉਮੀਦਵਾਰ ਹੈ।
ਸਾਲ 2010 ਵਿੱਚ ਪਦਮ ਸ੍ਰੀ ਨਾਲ ਸਨਮਾਨਤ ਸਾਇਨਾ ਨੇ ਇਸ ਖਬਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ,‘‘ਮੈਂ ਸੁਣਿਆ ਹੈ ਕਿ ਵਿਸ਼ੇਸ਼ ਮਾਮਲੇ ਵਜੋਂ ਸੁਸ਼ੀਲ ਕੁਮਾਰ ਦਾ ਨਾਂ ਪੁਰਸਕਾਰਾਂ ਲਈ ਭੇਜਿਆ ਗਿਆ ਹੈ ਜਦਕਿ ਖੇਡ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਕੋਲ ਮੇਰਾ ਨਾਂ ਨਹੀਂ ਭੇਜਿਆ। ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੋ ਪਦਮ ਪੁਰਸਕਾਰਾਂ ਵਿਚਾਲੇ ਪੰਜ ਸਾਲ ਦਾ ਵਕਫ਼ਾ ਹੋਣਾ ਚਾਹੀਦਾ ਹੈ। ਇਸ ਲਈ ਜੇ ਉਹ ਉਸ (ਸੁਸ਼ੀਲ) ਦਾ ਨਾਂ ਭੇਜ ਸਕਦੇ ਹਨ ਤਾਂ ਉਨ੍ਹਾਂ ਨੇ ਮੇਰੇ ਨਾਂ ਦੀ ਸਿਫ਼ਾਰਸ਼ ਕਿਉਂ ਨਹੀਂ ਕੀਤੀ। ਮੈਂ ਵੀ ਪੰਜ ਸਾਲ ਦਾ ਸਮਾਂ ਪੂਰਾ ਕਰ ਚੁੱਕੀ ਹਾਂ। ਮੈਨੂੰ ਬੁਰਾ ਲੱਗ ਰਿਹਾ ਹੈ।’’ ਸਾਇਨਾ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਵੀ ਇਸੇ ਅਧਾਰ ’ਤੇ ਉਸ ਦੀ ਅਰਜ਼ੀ ਖਾਰਜ ਕੀਤੀ ਗਈ ਸੀ, ਪਰ ਇਸ ਸਾਲ ਮੰਤਰਾਲੇ ਨੇ ਸੁਸ਼ੀਲ ਦੇ ਨਾਂ ਦੀ ਸਿਫ਼ਾਰਸ਼ ਕਰਨ ਦਾ ਫੈਸਲਾ ਕੀਤਾ ਹੈ ਜਦਕਿ ਉਹ ਪੰਜ ਸਾਲ ਦੇ ਨਿਯਮਾਂ ਨੂੰ ਪੂਰਾ ਨਹੀਂ ਕਰਦਾ। ਸੁਸ਼ੀਲ ਨੂੰ 2011 ਵਿੱਚ ਪਦਮ ਸ੍ਰੀ ਮਿਲਿਆ ਸੀ।
ਸਾਇਨਾ ਨੇ ਕਿਹਾ ਕਿ ਇਸ ਮਾਮਲੇ ’ਤੇ ਉਸ ਨੇ ਬੀਤੇ ਦਿਨ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਕਿ ਜਿਨ੍ਹਾਂ ਅੱਗੋਂ ਕਿਹਾ ਸੀ ਕਿ ਸੁਸ਼ੀਲ ਦੇ ਨਾਂ ਦੀ ਸਿਫ਼ਾਰਸ਼ ਕੀਤੀ ਜਾ ਚੁੱਕੀ ਹੈ ਤੇ ਉਹ (ਸਾਇਨਾ) ਸਿਰਫ਼ ਇਸ ਮਾਮਲੇ ’ਤੇ ਉਨ੍ਹਾਂ ਨੂੰ ਗੌਰ ਕਰਨ ਦੀ ਅਪੀਲ ਕਰ ਸਕਦੀ ਹੈ। ਸਾਇਨਾ ਨੇ ਕਿਹਾ ਕਿ ਜੇ ਉਸ ਨੂੰ ਅਤੇ ਸੁਸ਼ੀਲ ਦੋਵਾਂ ਨੂੰ ਪੁਰਸਕਾਰ ਮਿਲਦਾ ਹੈ ਤਾਂ ਉਸ ਨੂੰ ਖੁਸ਼ੀ ਹੋਵੇਗੀ। ਉਸ ਨੇ ਕਿਹਾ,‘ ਸੁਸ਼ੀਲ ਮਹਾਨ ਖਿਡਾਰੀ ਹੈ। ਪਰ ਤਗਮਾ ਤਾਂ ਤਗਮਾ ਹੁੰਦਾ ਹੈ। ਅਸੀਂ ਦੋਵਾਂ ਨੇ ਓਲੰਪਿਕ ਵਿੱਚ ਤਗਮੇ ਜਿੱਤੇ ਹਨ। ਜੇ ਮੰਤਰਾਲੇ ਨੇ ਉਸ ਨੂੰ ਵਿਸ਼ੇਸ਼ ਕੇਸ ਵਜੋਂ ਪੁਰਸਕਾਰ ਦੇਣਾ ਹੀ ਸੀ ਤਾਂ ਉਹ 2012 ਓਲੰਪਿਕ ਮਗਰੋਂ ਅਜਿਹਾ ਕਰ ਸਕਦੇ ਸੀ। ਉਹ ਹੁਣ ਇਹ ਸਭ ਕਿਉਂ ਕਰ ਰਹੇ ਹਨ, ਮੈਂ ਨਿਰਾਸ਼ ਹਾਂ।’

Facebook Comment
Project by : XtremeStudioz