Close
Menu

ਪਰਥ ਦੀ ਪਿੱਚ ਨੂੰ ਮਿਲੀ ਆਈਸੀਸੀ ਰੈਂਕਿੰਗ ਤੋਂ ਲੈਂਗਰ ਹੈਰਾਨ

-- 25 December,2018

ਮੈਲਬਰਨ, 25 ਦਸੰਬਰ
ਆਸਟਰੇਲਿਆਈ ਕੋਚ ਜਸਟਿਨ ਲੈਂਗਰ ਨੇ ਪਰਥ ਦੀ ਪਿੱਚ ਨੂੰ ਆਈਸੀਸੀ ਦੀ ‘ਔਸਤ’ ਰੇਟਿੰਗ ’ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਗੇਂਦ ਤੇ ਬੱਲੇ ਵਿਚਾਲੇ ਸੰਤੁਲਨ ਨਾ ਹੋਣ ’ਤੇ ਟੈਸਟ ਕ੍ਰਿਕਟ ‘ਪਕਾਊ’ ਹੋ ਜਾਵੇਗਾ।
ਉਸ ਨੇ ਕਿਹਾ ਕਿ ਉਹ ਪਰਥ ਦੀ ਰੇਟਿੰਗ ਨੂੰ ਲੈ ਕੇ ਬੇਹੱਦ ਹੈਰਾਨ ਸੀ। ਕੁਝ ਗੇਂਦਾਂ ਹੇਠਾਂ ਰਹੀਆਂ ਪਰ ਉਸ ਨੂੰ ਲੱਗਦਾ ਹੈ ਕਿ ਇਹ ਰੋਮਾਂਚਕ ਟੈਸਟ ਕ੍ਰਿਕਟ ਸੀ। ਇਹ ਪਰਥ ਦੀ ਸਭ ਤੋਂ ਤੇਜ਼ ਪਿੱਚ ਸੀ ਜੋ ਉਸ ਨੇ ਦੇਖੀ ਅਤੇ ਉਹ ਲੰਬੇ ਸਮੇਂ ਤੋਂ ਇਸ ਨੂੰ ਦੇਖ ਰਿਹਾ ਹੈ। ਆਸਟਰੇਲੀਆ ਨੇ ਪਰਥ ’ਚ ਦੂਜਾ ਟੈਸਟ ਜਿੱਤ ਕੇ ਚਾਰ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕੀਤੀ। ਤੀਜੇ ਟੈਸਟ ਦੇ ਸਥੱਲ ਮੈਲਬਰਨ ਕ੍ਰਿਕਟ ਗਰਾਊਂਡ ਦੀ ਪਿੱਚ ਬਾਰੇ ਲੈਂਗਰ ਨੇ ਕਿਹਾ ਕਿ ਪਿੱਚ ’ਤੇ ਕੁਝ ਘਾਹ ਦੇਖ ਕੇ ਚੰਗਾ ਲੱਗ ਰਿਹਾ ਹੈ। ਉਹ ਹਮੇਸ਼ਾਂ ਕਹਿੰਦਾ ਆਇਆ ਹੈ ਕਿ ਟੈਸਟ ਕ੍ਰਿਕਟ ’ਚ ਸਭ ਤੋਂ ਅਹਿਮ ਪਿੱਚ ਹੈ। ਜੇਕਰ ਤੁਹਾਡੇ ਕੋਲ ਸ਼ਾਨਦਾਰ ਪਿੱਚ ਹੋਵੇਗੀ ਤਾਂ ਗੇਂਦ ਅਤੇ ਬੱਲੇ ਵਿਚਾਲੇ ਮੁਕਾਬਲਾ ਹੋਵੇਗਾ ਅਤੇ ਫਿਰ ਟੈਸਟ ਕ੍ਰਿਕਟ ਜਿਊਂਦਾ ਰਹੇਗਾ।
ਆਸਟਰੇਲਿਆਈ ਕਪਤਾਨ ਟਿਮ ਪੇਨ ਤੇ ਉਸ ਦੇ ਭਾਰਤੀ ਹਮਰੁਤਬਾ ਵਿਰਾਟ ਕੋਹਲੀ ਵਿਚਾਲੇ ਛਿੜੀ ਸ਼ਬਦੀ ਜੰਗ ਕੋਚ ਜਸਟਿਨ ਲੈਂਗਰ ਨੂੰ ਆਸਟਰੇਲਿਆਈ ਕ੍ਰਿਕਟ ਦੇ ਸਿਖ਼ਰਲੇ ਦਿਨਾਂ ਦੀ ਯਾਦ ਦਿਵਾਉਂਦੀ ਹੈ।
ਲੈਂਗਰ ਨੇ ਕਿਹਾ ਕਿ ਉਸ ਨੂੰ ਇਹ ਦੇਖ ਕੇ ਚੰਗਾ ਲੱਗਿਆ। ਉਨ੍ਹਾਂ ਨੂੰ ਇਸ ਵਿਚ ਆਸਟਰੇਲਿਆਈ ਮਖ਼ੌਲ ਦੀ ਝਲਕ ਨਜ਼ਰ ਆਈ, ਇਸ ਨੂੰ ਟਿੱਪਣੀ ਆਖੋ, ਬਹਿਸ ਜਾਂ ਫਿਰ ਜੋ ਤੁਹਾਨੂੰ ਚੰਗਾ ਲੱਗੇ। ਇਸ ਵਿੱਚ ਥੋੜਾ ਮਖੌਲ ਸੀ ਅਤੇ ਉਨ੍ਹਾਂ ਨੂੰ ਇਸ ਲਈ ਖ਼ੁਦ ’ਤੇ ਮਾਣ ਹੈ।
ਕੋਚ ਨੇ ਕਿਹਾ ਕਿ ਉਸ ਨੇ ਆਟਰੇਲਿਆਈ ਕ੍ਰਿਕਟ ਦੇ ਜਿਹੜੇ ਸ਼ਾਨਦਾਰ ਦਿਨ ਦੇਖੇ ਹਨ, ਇਹ ਉਸੇ ਵਾਂਗ ਹੈ। ਇਸ ਵਾਸਤੇ ਗੁੱਸਾ ਕਰਨ ਦੀ ਲੋੜ ਨਹੀਂ ਹੈ। ਜਦੋਂ ਇਸ ਤਰ੍ਹਾਂ ਦਾ ਮਜ਼ਾਕ ਹੁੰਦਾ ਹੈ ਤਾਂ ਸਾਨੂੰ ਖ਼ੁਦ ਲਈ ਖੜ੍ਹੇ ਹੋਣ ਦਾ ਮੌਕਾ ਵੀ ਮਿਲਦਾ ਹੈ।

Facebook Comment
Project by : XtremeStudioz