Close
Menu

ਪਰਵਾਸੀ ਪੰਜਾਬੀਆਂ ਨੇ ਅਕਾਲੀਆਂ ਨੂੰ ਦਿਖਾਇਆ ਟ੍ਰੇਲਰ: ਭਗਵੰਤ ਮਾਨ

-- 21 July,2015

ਟੋਰਾਂਟੋ ’ਚ ਕਾਨਫਰੰਸ ਦੌਰਾਨ ਪਰਵਾਸੀਅਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਅਕਾਲੀ ਚੋਰਮੋਰੀ ਰਾਹੀਂ ਖਿਸਕੇ

ਸੰਗਰੂਰ, 21 ਜੁਲਾਈ -ਵਿਦੇਸ਼ਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਮਾੜੇ ਅਕਸ ਨੂੰ ਸੁਧਾਰਨ ਗਏ ਅਕਾਲੀ ਆਗੂਆਂ ਨੂੂੰ ਮੂੰਹ ਦੀ ਖਾਣੀ ਪਈ ਹੈ। ਟੋਰਾਂਟੋ ਵਿੱਚ ਪੰਜਾਬੀਆਂ ਦੇ ਗੁੱਸੇ ਦਾ ਸ਼ਿਕਾਰ ਹੋਏ ਅਕਾਲੀ ਮੰਤਰੀਆਂ ਨੂੰ ਪੁਲੀਸ ਦੀ ਮਦਦ ਨਾਲ ਚੋਰ ਮੋਰੀਆਂ ਰਾਹੀਂ ਖਿਸਕਣਾ ਪਿਆ ਹੈ। ਵਿਦੇਸ਼ਾਂ ’ਚ ਬੈਠੇ ਪੰਜਾਬੀਆਂ ਨੇ ਸੁਖਬੀਰ ਬਾਦਲ ਦੇ ਚਹੇਤਿਆਂ ਨੂੰ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਵਿਖਾਇਆ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ੲਿਥੇ ਜਾਰੀ ੲਿਕ ਪ੍ਰੈਸ ਬਿਅਾਨ ਵਿੱਚ ਕਹੀ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਵਿਦੇਸ਼ ਫੇਰੀ ਤੋਂ ਪਹਿਲਾਂ ਅਕਾਲੀ ਦਲ ਦੀ ਇੱਕ ਟੀਮ ਨੂੰ ਜਾਇਜ਼ਾ ਲੈਣ ਲਈ ਅਮਰੀਕਾ ਅਤੇ ਕੈਨੇਡਾ ਭੇਜਿਆ ਹੈ ਜਿਸ ਵਿੱਚ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ, ਤੋਤਾ ਸਿੰਘ, ਸੋਹਣ ਸਿੰਘ ਠੰਡਲ, ਸੁਰਜੀਤ ਸਿੰਘ ਰੱਖੜਾ, ਬਲਵਿੰਦਰ ਸਿੰਘ ਭੂੰਦੜ ਆਦਿ ਸ਼ਾਮਲ ਹਨ। ਵਿਦੇਸ਼ ਜਾਣ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਨੇ ਦਾਅਵਾ ਕੀਤਾ ਸੀ ਕਿ ਵਿਦੇਸ਼ਾਂ ’ਚ ਬੈਠੇ ਪੰਜਾਬੀ ਅਕਾਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਵਧੇਰੇ ਸੰਤੁਸ਼ਟ ਹਨ, ਪਰ ਟੋਰਾਂਟੋ ਵਿੱਚ ਰੱਖੀ ਅਕਾਲੀ ਕਾਨਫਰੰਸ ਦੌਰਾਨ ਪੰਜਾਬੀਆਂ ਨੇ ਅਕਾਲੀ ਮੰਤਰੀਆਂ ਦਾ ਜ਼ਬਰਦਸਤ ਵਿਰੋਧ ਕੀਤਾ ਤੇ ਕਿਸੇ ਨੂੰ ਵੀ ਸਟੇਜ ਤੋਂ ਬੋਲਣ ਨਹੀਂ ਦਿੱਤਾ। ਹਾਲਾਤ ਅਜਿਹੇ ਬਣ ਗਏ ਕਿ ਅਕਾਲੀਆਂ ਨੂੰ ਪੁਲੀਸ ਦੀ ਮਦਦ ਨਾਲ ਚੋਰ ਮੋਰੀਆਂ ਰਾਹੀਂ ਉਥੋਂ ਖਿਸਕਣਾ ਪਿਆ। ਸ੍ਰੀ ਮਾਨ ਨੇ ਕਿਹਾ ਕਿ ਵਿਦੇਸ਼ ਗਏ ਅਕਾਲੀਆਂ ਕੋਲੋਂ ਪੰਜਾਬ ਵਿੱਚ ਨਸ਼ਿਆਂ ’ਚ ਗਰਕ ਰਹੀ ਜਵਾਨੀ, ਪਰਵਾਸੀਆਂ ਦੀਆਂ ਜਾਇਦਾਦਾਂ ’ਤੇ ਹੋ ਰਹੇ ਨਜਾਇਜ਼ ਕਬਜ਼ੇ ਅਤੇ ੳੁਨ੍ਹਾਂ ’ਤੇ ਝੂਠੇ ਕੇਸ ਦਰਜ ਕਰਨ ਵਰਗੇ ਸਵਾਲ ਪੁੱਛੇ ਜਾ ਰਹੇ ਹਨ, ਜਿਨ੍ਹਾਂ ਦਾ ਅਕਾਲੀਅਾਂ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਹੈ। ਉਨ੍ਹਾਂ ਪਰਵਾਸੀ ਪੰਜਾਬੀਆਂ ਵੱਲੋਂ ਵਿਖਾਈ ਦਲੇਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਅਕਾਲੀਆਂ ਨੂੰ ਪੰਜਾਬ ਵਿੱਚ ਵੀ ਸਟੇਜਾਂ ਛੱਡ ਕੇ ਭੱਜਣਾ ਪਵੇਗਾ।

Facebook Comment
Project by : XtremeStudioz