Close
Menu

ਪਹਿਲੀ ਵਾਰ ਕੈਨੇਡੀਅਨ ਸੰਸਦ ‘ਚ ਚੜ੍ਹਾਇਆ ਗਿਆ ਨਿਸ਼ਾਨ ਸਾਹਿਬ, ਮੰਤਰੀ ਰਾਜ ਗਰੇਵਾਲ ਨੇ ਦਿੱਤੀ ਵਧਾਈ

-- 04 April,2017

ਓਟਾਵਾ—ਕੈਨੇਡਾ ‘ਚ ਸਿੱਖ ਧਰਮ ਦਾ ਮਾਣ ਵਧਾਉਂਦੇ ਹੋਏ ਪਾਰਲੀਮੈਂਟਰੀ ਹਿੱਲ ‘ਚ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਪੰਜ ਪਿਆਰਿਆਂ ਨੇ ਇਹ ਸੇਵਾ ਨਿਭਾਈ ਅਤੇ ਹਰ ਪਾਸੇ ਫਤਿਹ ਗੂੰਜ ਉੱਠੀ। ਕੈਨੇਡੀਅਨ ਸਿੱਖਾਂ ਨੇ ਇਕ-ਦੂਜੇ ਨੂੰ ਵਧਾਈ ਦਿੱਤੀ। ਉਨ੍ਹਾਂ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਸਨ। ਬਰੈਂਪਟਨ ਸਿਟੀ ਹਾਲ ‘ਚ ਐਤਵਾਰ ਨੂੰ (2 ਅਪ੍ਰੈਲ) ਦੁਪਹਿਰ 2 ਵਜੇ ਅਤੇ ਪਾਰਲੀਮੈਂਟਰੀ ਹਿੱਲ ‘ਚ ਸੋਮਵਾਰ ਨੂੰ ਸਵੇਰੇ 11.30 ਵਜੇ (3 ਅਪ੍ਰੈਲ) ਨਿਸ਼ਾਨ ਸਾਹਿਬ ਚੜ੍ਹਾਏ ਗਏ। ਇਸ ਖਾਸ ਦਿਨ ਦੇ ਸੰਬੰਧ ‘ਚ ਪਾਰਲੀਮੈਂਟ ਦੇ ਮੈਂਬਰ ਰਾਜ ਗਰੇਵਾਲ ਨੇ ਸਿੱਖਾਂ ਨੂੰ ਇਸ ਦਿਨ ਵਧਾਈ ਦਿੱਤੀ ਅਤੇ ਕਿਹਾ,’ਸਿੱਖ ਧਰਮ ਹਰੇਕ ਨੂੰ ਵੰਡ ਛਕਣ, ਕਿਰਤ ਕਰਨ ਅਤੇ ਨਾਮ ਜਪਣ ਦਾ ਹੀ ਉਪਦੇਸ਼ ਦਿੰਦਾ ਹੈ।’ ਉਨ੍ਹਾਂ ਉੱਥੇ ਆਏ ਛੋਟੇ-ਛੋਟੇ ਬੱਚਿਆਂ ਨੂੰ ਦੇਖ ਕੇ ਇਕ ਦਿਨ ਸਿੱਖ ਨਾਗਰਿਕ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਉਨ੍ਹਾਂ ਕਿਹਾ ,’ਅਸੀਂ ਦੇਸ਼ ‘ਚ ਇਤਿਹਾਸ ਰਚ ਰਹੇ ਹਾਂ।’ ਅਖੀਰ ‘ਚ ਉਨ੍ਹਾਂ ਪੰਜਾਬੀ ‘ਚ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਉਨ੍ਹਾਂ ਲਾਇਕ ਕੋਈ ਸੇਵਾ ਹੋਵੇ ਤਾਂ ਜ਼ਰੂਰ ਦੱਸਿਆ ਜਾਵੇ।

ਪਾਰਲੀਮੈਂਟ ਦੀ ਮੈਂਬਰ ਕਮਲ ਖਹਿਰਾ ਨੇ ਖਾਸ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਅਜਿਹਾ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ ਕਿ ਪਾਰਲੀਮੈਂਟਰੀ ਹਿੱਲ ‘ਚ ਨਿਸ਼ਾਨ ਸਾਹਿਬ ਝੂਲਦੇ ਨਜ਼ਰ ਆਏ ਹਨ। ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨੇ ਸਿੱਖ-ਕੈਨਡੀਅਨਾਂ ਨੂੰ ਇਸ ਮੌਕੇ ਵਧਾਈ ਦਿੱਤੀ। ਇੱਥੇ ਦੱਸ ਦੇਈਏ ਕਿ ਅਪ੍ਰੈਲ ਮਹੀਨਾ ਸਿੱਖਾਂ ਦੇ ਦਿਲਾਂ ‘ਚ ਖਾਸ ਥਾਂ ਰੱਖਦਾ ਹੈ। ਇਹ ਮਹੀਨਾ ਖਾਲਸਾ ਪੰਥ ਦੀ ਸਾਜਨਾ ਅਤੇ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਹੈ। ਓਨਟਾਰੀਓ ‘ਚ ਇਸ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ (ਸਿੱਖ ਵਿਰਾਸਤ ਮਹੀਨੇ) ਵਜੋਂ ਮਨਾਇਆ ਜਾਂਦਾ ਹੈ।
Facebook Comment
Project by : XtremeStudioz