Close
Menu

ਪਹਿਲੇ ਦਿਨ ਭਾਰਤ ਲਈ ਵੇਟਲਿਫਟਰਾਂ ਨੇ ਲਹਿਰਾਇਆ ਤਿਰੰਗਾ

-- 06 April,2018

ਗੋਲਡ ਕੋਸਟ, 6 ਅਪਰੈਲ,ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਨੇ ਰਿਕਾਰਡਤੋੜ ਪ੍ਰਦਰਸ਼ਨ ਕਰਦਿਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦਿਨ ਭਾਰਤ ਦੀ ਝੋਲੀ ਸੋਨ ਤਗ਼ਮਾ ਪਾਇਆ ਜਦਕਿ ਪੁਰਸ਼ ਵਰਗ ਵਿੱਚ ਛੁਪੇ ਰੁਸਤਮ ਸਾਬਤ ਹੋਏ ਪੀ.ਗੁਰੂਰਾਜਾ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਇਨ੍ਹਾਂ ਖੇਡਾਂ ’ਚ ਸ਼ਾਨਦਾਰ ਸ਼ੁਰੂਆਤ ਦਿਵਾਈ। ਸੋਨ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਰਹੀ ਚਾਨੂ ਨੇ ਯਾਦਗਾਰੀ ਪ੍ਰਦਰਸ਼ਨ ਕਰਦਿਆਂ ਸਨੈਚ, ਕਲੀਨ ਐਂਡ ਜਰਕ ਤੇ ਓਵਰਆਲ ਵਿੱਚ ਰਾਸ਼ਟਰਮੰਡਲ ਤੇ ਖੇਡਾਂ ਦਾ ਰਿਕਾਰਡ ਤੋੜਿਆ। ਚਾਨੂੰ ਨੇ ਗਲਾਸਗੋ ਵਿੱਚ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਕੁੱਲ 196 ਕਿਲੋ (ਸਨੈਚ 86 ਕਿਲੋ ਅਤੇ ਕਲੀਨਐਂਡ ਜਰਕ 110 ਕਿਲੋ) ਵਜ਼ਨ ਚੁੱਕਿਆ। ਵੇਟਲਿਫਟਰ ਨੇ ਕਿਹਾ, ‘ਮੈਨੂੰ ਰਿਕਾਰਡ ਤੋੜਨ ਦੀ ਭੋਰਾ ਉਮੀਦ ਨਹੀਂ ਸੀ, ਪਰ ਜਦੋਂ ਮੈਂ ਇਥੇ ਆਈ ਤਾਂ ਰਿਕਾਰਡ ਤੋੜਨਾ ਚਾਹੁੰਦੀ ਸੀ। ਮੈਂ ਦੱਸ ਨਹੀਂ ਸਕਦੀ ਕਿ ਇਸ ਵੇਲੇ ਕਿੰਝ ਮਹਿਸੂਸ ਕਰ ਰਹੀ ਹਾਂ।’
ਇਸ ਤੋਂ ਪਹਿਲਾਂ ਵੇਟਲਿਫਟਰ ਪੀ.ਗੁਰੂਰਾਜਾ ਨੇ ਪੁਰਸ਼ਾਂ ਦੇ 56 ਕਿਲੋ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਦੀ ਝੋਲੀ ਪਹਿਲਾ ਤਗ਼ਮਾ ਪਾਇਆ। ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈ ਰਹੇ 25 ਸਾਲਾ ਗੁਰੂਰਾਜਾ ਨੇ ਆਪਣਾ ਸਰਵੋਤਮ ਵਿਅਕਤੀਗਤ ਪ੍ਰਦਰਸ਼ਨ ਦੁਹਰਾਉਂਦਿਆਂ 249 ਕਿਲੋ (111 ਤੇ  138) ਦਾ ਵਜ਼ਨ ਚੁੱਕਿਆ। ਟਰੱਕ ਡਰਾਈਵਰ ਦੇ ਪੁੱਤ ਤੇ ਭਾਰਤੀ ਹਵਾਈ ਸੈਨਾ ਵਿੱਚ ਹੇਠਲੇ ਰੈਂਕ ਦੇ ਮੁਲਾਜ਼ਮ ਗੁਰੂਰਾਜਾ ਸਨੈਚ ਮਗਰੋਂ ਤੀਜੀ ਥਾਵੇਂ ਸੀ ਤੇ ਉਸ ਨੇ ਦੋ ਕੋਸ਼ਿਸ਼ਾਂ ’ਚ 111 ਕਿਲੋ ਵਜ਼ਨ ਚੁੱਕਿਆ। ਕਲੀਨ ਤੇ ਜਰਕ ਵਿੱਚ ਪਹਿਲੇ ਦੋ ਯਤਨਾਂ ਦੌਰਾਨ ਭਾਵੇਂ ਉਹ ਨਾਕਾਮ ਰਿਹਾ, ਪਰ ਆਖਰੀ ਕੋਸ਼ਿਸ਼ ਦੌਰਾਨ 138 ਕਿਲੋ ਭਾਰ ਚੁੱਕ ਕੇ ਗੁਰੂਰਾਜਾ ਨੇ ਭਾਰਤ ਲਈ ਚਾਂਦੀ ਦਾ ਤਗ਼ਮਾ ਪੱਕਾ ਕਰ ਦਿੱਤਾ।
ਭਾਰਤੀ ਬੈਡਮਿੰਟਨ ਲਈ ਰਾਸ਼ਟਰਮੰਡਲ ਖੇਡਾਂ ਦਾ ਪਹਿਲਾ ਦਿਨ ਸਫ਼ਲਤਾ ਵਾਲਾ ਰਿਹਾ। ਭਾਰਤੀ ਸ਼ਟਲਰਾਂ ਨੇ ਮਿਕਸਡ ਟੀਮ ਮੁਕਾਬਲੇ ਦੇ ਸ਼ੁਰੂਆਤੀ ਦੌਰ ਵਿੱਚ ਇਕਤਰਫ਼ਾ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ 5-0 ਦੀ ਕਰਾਰੀ ਸ਼ਿਕਸਤ ਦਿੱਤੀ। ਭਾਰਤ ਲਈ ਸਿੰਗਲਜ਼ ਮੁਕਾਬਲਿਆਂ ਵਿੱਚ ਸਾਇਨਾ ਨੇਹਵਾਲ ਤੇ ਕਿਦਾਂਬੀ ਸ੍ਰੀਕਾਤ ਆਸਾਨ ਜਿੱਤਾਂ ਦਰਜ ਕਰਦਿਆਂ ਅਗਲੇ ਗੇੜ ’ਚ ਦਾਖ਼ਲ ਹੋ ਗਏ ਜਦਕਿ ਮਿਕਸਡ ਡਬਲਜ਼ ਵਿੱਚ ਪ੍ਰਣਵ ਚੋਪੜਾ ਤੇ ਰੁਥਵਿਕਾ ਗਾਡੇ ਦੀ ਜੋੜੀ ਨੂੰ ਜਿੱਤ ਲਈ ਖਾਸਾ ਸੰਘਰਸ਼ ਕਰਨਾ ਪਿਆ। ਪੁਰਸ਼ ਡਬਲਜ਼ ਵਿੱਚ ਸਾਤਵਿਕ ਰੰਕਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਅਤੇ ਮਹਿਲਾ ਡਬਲਜ਼ ਵਿੱਚ ਅਸ਼ਵਿਨੀ ਪੋਨੱਪਾ ਤੇ ਐੱਨ.ਸਿੱਕੀ ਰੈੱਡੀ ਨੇ ਜਿੱਤ ਨਾਲ ਆਗਾਜ਼ ਕੀਤਾ।ਮਹਿਲਾ ਟੇਬਲ ਟੈਨਿਸ ਗਰੁੱਪ ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 3-0 ਨਾਲ ਹਰਾਇਆ। ਮਗਰੋਂ ਭਾਰਤੀ ਟੀਮ ਨੇ ਟ੍ਰਿਨੀਡਾਡ ਤੇ ਟੋਬੈਗੋ ਨੂੰ 3-0 ਦੀ ਸ਼ਿਕਸਤ ਦਿੱਤੀ। ਸਕੁਐਸ਼ ਵਿੱਚ ਹਰਿੰਦਰ ਪਾਲ ਸੰਧੂ ਤੇ ਵਿਕਰਮ ਮਲਹੋਤਰਾ ਨੇ ਪੁਰਸ਼ ਸਿੰਗਲਜ਼ ਵਿੱਚ ਆਪੋ ਆਪਣੇ ਮੁਕਾਬਲਿਆਂ ’ਚ ਜਿੱਤ ਦਰਜ ਕੀਤੀ। ਤੈਰਾਕੀ ਵਿੱਚ ਵੀਰਧਵਲ ਖਾਡੇ ਪੁਰਸ਼ਾਂ ਦੇ 50 ਮੀਟਰ ਬਟਰਫਲਾਈ ਵਰਗ ਵਿੱਚ ਦਾਖ਼ਲ ਹੋ ਗਿਆ ਜਦਕਿ ਸਾਜਨ ਪ੍ਰਕਾਸ਼ ਨਾਕਾਮ ਰਿਹਾ। ਸਾਈਕਲਿੰਗ ਵਿੱਚ ਭਾਰਤੀ ਮਹਿਲਾਵਾਂ ਟੀਮ ਸਪਰਿੰਟ ਵਿੱਚ ਛੇਵੇਂ ਸਥਾਨ ’ਤੇ ਰਹਿਣ ਕਰਕੇ ਤਗ਼ਮੇ ਦੀ ਦੌੜ ’ਚੋਂ ਬਾਹਰ ਹੋ ਗਈਆਂ।
ਹਾਕੀ: ਵੇਲਜ਼ ਤੋਂ ਹਾਰੀ ਭਾਰਤੀ ਮਹਿਲਾ ਟੀਮ
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ੁਰੂਆਤ ਹੀ ਨਿਰਾਸ਼ਾਜਨਕ ਰਹੀ। ਹੇਠਲੇ ਰੈਂਕਿੰਗ ਵਾਲੀ ਵੇਲਸ ਨੇ ਆਖਰੀ ਪਲਾਂ ਵਿੱਚ ਗੋਲ ਕਰਕੇ ਉਸ ਨੂੰ ਗਰੁੱਪ-ਏ ਦੇ ਮੁਕਾਬਲੇ ਵਿੱਚ 3-2 ਨਾਲ ਹਰਾ ਦਿੱਤਾ।  ਵਿਸ਼ਵ ਰੈਂਕਿੰਗ ਵਿੱਚ ਦੱਸਵੇਂ ਸਥਾਨ ’ਤੇ ਕਾਬਜ਼ ਟੀਮ ਲਈ ਇਹ ਆਸਾਨ ਮੁਕਾਬਲਾ ਮੰਨਿਆ ਜਾ ਰਿਹਾ ਸੀ ਪਰ 26ਵੇਂ ਰੈਂਕ ਵਾਲੀ ਵੇਲਜ਼ ਨੇ ਉਸ ਨੂੰ ਦਰੜ ਦਿੱਤਾ।
ਪੋਸਟਰ ਗਰਲ ਪੀਅਰਸਨ ਨੇ ਖੇਡਾਂ ਤੋਂ ਨਾਂ  ਲਿਆ ਵਾਪਸ
ਅਥਲੈਟਿਕਸ ਦੀ ਪੋਸਟਰ ਗਰਲ ਸੈਲੀ ਪੀਅਰਸਨ ਨੇ ਸੱਟ ਤੋਂ ਪੂਰੀ ਤਰ੍ਹਾਂ ਉਭਰਨ ’ਚ ਨਾਕਾਮ ਰਹਿਣ ਮਗਰੋਂ ਰਾਸ਼ਟਰਮੰਡਲ ਖੇਡਾਂ ਤੋਂ ਨਾਂ ਵਾਪਸ ਲੈ ਲਿਆ ਹੈ। ਸੌ ਮੀਟਰ ਅੜਿੱਕਾ ਦੌੜ ਵਿੱਚ ਵਿਸ਼ਵ ਚੈਂਪੀਅਨ ਆਸਟਰੇਲੀਅਨ ਅਥਲੀਟ ਪੀਅਰਸਨ ਨੇ ਕਿਹਾ ਕਿ ਆਪਣੇ ਇਸ ਫ਼ੈਸਲੇ ਤੋਂ ਉਹ ਨਿਰਾਸ਼ ਹੈ, ਪਰ ਟੋਕੀਓ ਓਲੰਪਿਕ 2020 ਨੂੰ ਧਿਆਨ ’ਚ ਰੱਖਦਿਆਂ ਇਹ ਫ਼ੈਸਲਾ ਲਿਆ ਹੈ।

Facebook Comment
Project by : XtremeStudioz