Close
Menu

ਪਾਕਿਸਤਾਨ-ਅਫ਼ਗਾਨ ਸਰਹੱਦ ਬਣੀ ਪੋਲੀਓ ਫੈਲਾਉਣ ਦਾ ਕਾਰਨ

-- 19 April,2015

ਇਸਲਾਮਾਬਾਦ, ਵਿਸ਼ਵ ਵਿੱਚ ਸਿਰਫ ਪਾਕਿਸਤਾਨ ਤੇ ਅਫ਼ਗਾਨਿਸਤਾਨ ਅਜਿਹੇ ਦੇਸ਼ ਹਨ ਜਿਹੜੇ ਇਕ-ਦੂਜੇ ਅੰਦਰ ਪੋਲੀਓ ਫੈਲਾ ਰਹੇ ਹਨ। ਇਸ ਦਾ ਨਤੀਜਾ ਹੈ ਕਿ ਦੋਵਾਂ ਦੇਸ਼ਾਂ ਵਿੱਚ ਇਸ ਰੋਗ ਦੇ ਛੇਤੀ ਖਾਤਮੇ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਇਸ ਰੋਗ ਦੇ ਫੈਲਣ ਦਾ ਕਾਰਨ ਦੋਵਾਂ ਦੇਸ਼ਾਂ ਦੀ ਕਰੀਬ 2500 ਕਿਲੋਮੀਟਰ ਲੰਬੀ ਸਰਹੱਦ ਬਣੀ ਹੋਈ ਹੈ।
ਸਰਹੱਦ ਦੇ ਲਾਂਘਿਆਂ ਉਪਰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਥਾਈ ਕੈਂਪ ਬਣਾਏ ਗਏ ਹਨ ਪ੍ਰੰਤੂ ਬਹੁਤ ਵੱਡੀ ਗਿਣਤੀ ਵਿੱਚ ਦੋਹਾਂ ਪਾਸਿਆਂ ਦੇ ਲੋਕ ਇਨ੍ਹਾਂ ਲਾਂਘਿਆਂ ਰਾਹੀਂ ਸਰਹੱਦ ਟੱਪਣ ਦੀ ਬਜਾਏ ਗੈਰਕਾਨੂੰਨੀ ਢੰਗ ਨਾਲ ਚੋਰੀ-ਛਿਪੇ ਦੂਜੇ ਪਾਸੇ ਲੰਘ ਜਾਂਦੇ ਹਨ। ਜਦੋਂ ਪਾਕਿਸਤਾਨ ਵਾਲੇ ਪਾਸੇ ਸਰਹੱਦੀ ਖੇਤਰ ਵਿੱਚ ਪੋਲੀਓ ਰੋਕੂ ਮੁਹਿੰਮ ਚੱਲਦੀ ਹੈ ਤਾਂ ਹਜ਼ਾਰਾਂ ਲੋਕ ਬੱਚਿਆਂ ਸਮੇਤ ਅਫਗਾਨਿਸਤਾਨ ਵਿੱਚ ਚਲੇ ਜਾਂਦੇ ਹਨ। ਇਸ ਤਰ੍ਹਾਂ ਜਦੋਂ ਅਫਗਾਨਿਸਤਾਨ ਵਾਲੇ ਪਾਸੇ ਸਰਹੱਦੀ ਖੇਤਰ ਵਿੱਚ ਪੋਲੀਓ ਰੋਕੂ ਮੁਹਿੰਮ ਚੱਲਦੀ ਹੈ ਤਾਂ ਹਜ਼ਾਰਾਂ ਲੋਕ ਬੱਚਿਆਂ ਸਮੇਤ ਪਾਕਿਸਤਾਨ ਵਾਲੇ ਪਾਸੇ ਆ ਜਾਂਦੇ ਹਨ। ਦੋਵਾਂ ਪਾਸਿਆਂ ਦੇ ਬਹੁ-ਗਿਣਤੀ ਅਨਪੜ੍ਹ ਲੋਕਾਂ ਵਿੱਚ ਇਹ ਅੰਧਵਿਸ਼ਵਾਸ ਘਰ ਕਰ ਚੁੱਕਾ ਹੈ ਕਿ ਪੋਲੀਓ ਬੂੰਦਾਂ ਸ਼ਰਾਬ ਤੇ ਸੂਰ ਦੇ ਮਾਸ ਨਾਲ ਪੱਛਮੀ ਦੇਸ਼ਾਂ ਨੇ ਤਿਆਰ ਕੀਤੀਆਂ ਹਨ ਜਿਨ੍ਹਾਂ ਦੀ ਇਸਲਾਮ ਵਿੱਚ ਸਖਤ ਮਨਾਹੀ ਹੈ। ਇਸ ਲਈ ਹਜ਼ਾਰਾਂ ਬੱਚੇ ਪੋਲੀਓ ਰੋਕੂ ਬੂੰਦਾਂ ਤੋਂ ਸੱਖਣੇ ਰਹਿ ਜਾਂਦੇੇ ਹਨ। ਉਂਜ ਵੀ ਪਾਕਿਸਤਾਨ ਵਿੱਚ ਇਸ ਵੇਲੇ ਕਰੀਬ 16 ਲੱਖ ਅਫਗਾਨ ਸ਼ਰਨਾਰਥੀ ਪਿਸ਼ਾਵਰ ਤੇ ਆਸ-ਪਾਸ ਦੇ ਖੇਤਰਾਂ ਵਿੱਚ ਆਰਜ਼ੀ ਤੌਰ ’ਤੇ ਰਹਿ ਰਹੇ ਹਨ। ਉਹ ਅਕਸਰ ਇਧਰ-ਉਧਰ ਹੋ ਜਾਣ ਕਾਰਨ ਪੋਲੀਓ ਰੋਕੂ ਬੂੰਦਾਂ ਤੋਂ ਸੱਖਣੇ ਰਹਿ ਜਾਂਦੇ ਹਨ।
ਦੋਵੇਂ ਦੇਸ਼ ਇਸ ਵੱਡੀ ਸਮੱਸਿਆ ਕਾਰਨ ਪ੍ਰੇਸ਼ਾਨ ਹਨ। ਦੋਵਾਂ ਦੇਸ਼ਾਂ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਅੱਜ ਕਾਬਲ ਵਿੱਚ ਸਾਂਝੀ ਮੀਟਿੰਗ ਹੋਣੀ ਸੀ ਜੋ ਸੁਰੱਖਿਆ ਬਲਾਂ ਨੇ ਆਖਰੀ ਪਲਾਂ ’ਤੇ ਰੋਕ ਦਿੱਤੀ। ਅਜਿਹਾ ਸੁਰੱਖਿਆ ਕਾਰਨਾਂ ਕਰਕੇ ਕੀਤਾ ਗਿਆ ਹੈ। ਦੋਵੇਂ ਦੇਸ਼ ਹੁਣ ਇਹ ਵਿਚਾਰ ਕਰ ਰਹੇ ਹਨ ਕਿ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੀ ਮੁਹਿੰਮ ਇਕ ਹੀ ਸਮੇਂ ਸਰਹੱਦ ਦੇ ਦੋਵੇਂ ਪਾਸੇ ਚਲਾਈ ਜਾਵੇ। ਪਾਕਿਸਤਾਨ ਦੇ ਕਬਾਇਲੀ ਖੇਤਰ ਅਤੇ ਸਮੁੱਚੇ ਅਫਗਾਨਿਸਤਾਨ ਵਿੱਚ ਅਸੁਰੱਖਿਅਤ ਮਾਹੌਲ ਹੋਣ ਕਾਰਨ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਨੀ ਪੈ ਸਕਦੀ ਹੈ।

Facebook Comment
Project by : XtremeStudioz