Close
Menu

ਪਾਕਿਸਤਾਨ ਦੀ ਕਠਪੁਤਲੀ ਬਣ ਰਿਹਾ ਹੈ ਅਫ਼ਗ਼ਾਨਿਸਤਾਨ: ਕਰਜ਼ਈ

-- 10 March,2015

ਕਾਬੁਲ, ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਹੈ ਕਿ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਅਸ਼ਰਫ ਗਨੀ ਅੱਖਾਂ ਬੰਦ ਕਰਕੇ ਪਾਕਿਸਤਾਨ ਨਾਲ ਸਬੰਧ ਨਾ ਬਣਾਉਣ ਨਹੀਂ ਤਾਂ ਇਕ ਦਿਨ ਇਹ ਮੁਲਕ ਪਾਕਿਸਤਾਨ ਦੀ ਕਠਪੁਤਲੀ ਬਣ ਜਾਵੇਗਾ।
ਉਨ੍ਹਾਂ ਬਰਤਾਨੀਆਂ ਦੇ ਇਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ ’ਚ ਕਿਹਾ, ‘ਅਸੀਂ ਪਾਕਿਸਤਾਨ ਨਾਲ ਦੋਸਤਾਨਾ ਰਿਸ਼ਤੇ ਚਾਹੁੰਦੇ ਹਾਂ, ਗੁਲਾਮੀ ਨਹੀਂ।’ ਸ੍ਰੀ ਕਰਜ਼ਈ 10 ਸਾਲਾਂ ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ ਤੇ ਉਨ੍ਹਾਂ ਮਗਰੋਂ ਮੁਲਕ ਦੀ ਵਾਗਡੋਰ ਸ੍ਰੀ ਗਨੀ ਦੇ ਹੱਥ ਆਈ ਹੈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਹੈ ਕਿ ਦੇਸ਼ ਦੀ ਸਰਕਾਰ ਵੱਲੋਂ ਪਿਛਲੇ ਮਹੀਨੇ ਆਪਣੇ ਛੇ ਫੌਜੀ ਕੈਡੇਟਾਂ ਨੂੰ ਟਰੇਨਿੰਗ ਲਈ ਪਾਕਿਸਤਾਨ ਭੇਜਣਾ ਗਲਤ ਹੈ। ਸ੍ਰੀ ਕਰਜ਼ਈ ਨੇ ਕਿਹਾ, ‘ਸਾਨੂੰ ਉਸ ਗੁਆਂਢੀ ਕੋਲ ਟਰੇਨਿੰਗ ਲਈ ਆਪਣੇ ਫੌਜੀ ਨਹੀਂ ਭੇਜਣੇ ਚਾਹੀਦੇ, ਜਿਹੜਾ ਸਾਡੀ ਧਰਤੀ ’ਤੇ ਫਿਦਾਇਨ ਹਮਲਾਵਰ ਭੇਜਦਾ ਹੈ।’ ਉਨ੍ਹਾਂ ਦਾ ਇਸ਼ਾਰਾ ਪਾਕਿਸਤਾਨ ਵਿੱਚ ਖੁੱਲ੍ਹੇ ਤੌਰ ’ਤੇ ਘੁੰਮ ਰਹੇ ਅਤਿਵਾਦੀਆਂ ਵੱਲ ਸੀ, ਜਿਹੜੇ ਅਫਗਾਨਿਸਤਾਨ ਵਿੱਚ ਵਾਰਦਾਤਾਂ ਕਰਕੇ ਮੁੜ ਪਾਕਿਸਤਾਨ  ਪੁੱਜ ਜਾਂਦੇ ਹਨ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਅਫਗਾਨਿਸਤਾਨ ਨੇ ਬਰਤਾਨਵੀ ਬਸਤੀਵਾਦ ਤੇ ਸੋਵੀਅਤ ਘੁਸਪੈਠ ਖ਼ਿਲਾਫ਼ ਲੜਾਈ ਲੜੀ ਹੈ, ਇਹ ਮਾਣਮੱਤਾ ਇਤਿਹਾਸ ਬੇਕਾਰ ਹੋ ਜਾਵੇਗਾ ਜੇਕਰ ਦੇਸ਼ ਪਾਕਿਸਤਾਨ ਦੇ ਪ੍ਰਭਾਵ ਹੇਠ ਆ ਗਿਆ। ਸ੍ਰੀ ਕਰਜ਼ਈ ਨੇ ਕਿਹਾ ਕਿ ਇਸ ਦੇਸ਼ ਦੇ ਅਧਿਕਾਰੀਆਂ ਨੂੰ ਜੇਕਰ ਟਰੇਨਿੰਗ ਲਈ ਭੇਜਣਾ ਹੈ ਤਾਂ ਭਾਰਤ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਗਨੀ ਵੱਲੋਂ ਹਾਲ ਹੀ ਦੇ ਮਹੀਨਿਆਂ ਦੌਰਾਨ ਪਾਕਿਸਤਾਨ ਨੂੰ ਅੱਖਾਂ ਬੰਦ ਕਰਕੇ ਦਿੱਤੀਆਂ ਜਾ ਰਹੀਆਂ ਰਿਆਇਤਾਂ ਤੇ ਉਸ ਨਾਲ ਵਧਾਈ ਜਾ ਰਹੀ ਨੇੜਤਾ ਦੇਸ਼ ਲਈ ਭਿਆਨਕ ਸਾਬਤ ਹੋਵੇਗੀ। ਕਰਜ਼ਈ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਰਹੇ ਆਰ ਡੀ ਸਪਾਂਟਾ ਨੇ ਕਿਹਾ ਕਿ ਨਵੀਂ ਸਰਕਾਰ ਦੇਸ਼ ਨੂੰ ਅਜਿਹੇ ਰਾਹ ਤੋਰ ਰਹੀ ਹੈ ਜਿਸ ਨਾਲ ਉਹ ਪਾਕਿਸਤਾਨ ਦੇ ਅਧੀਨ ਹੋ ਜਾਵੇਗੀ, ਕਿਉਂਕਿ ਪਾਕਿਸਤਾਨ ਦੀ ਸੋਚ ਅਫਗਾਨਿਸਤਾਨ ਬਾਰੇ ਨਹੀਂ ਬਦਲੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਵੀਂ ਸਰਕਾਰ ਵੱਲੋਂ ਭਾਰਤ ਨਾਲ ਵਧਾਈ   ਜਾ ਰਹੀ ਦੂਰੀ ਖਤਰਨਾਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਰਤ ਵੱਲੋਂ ਵਿਕਾਸ ਦੇ ਕਈ ਪ੍ਰਾਜੈਕਟ ਚਲਾਏ ਜਾ ਰਹੇ ਹਨ ਤੇ ਭਾਰਤ ਨੇ ਦੇਸ਼ ਵਿੱਚ 2 ਅਰਬ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ। ਬੀਤੇ ਮਹੀਨੇ ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਮੰਨਿਆ ਸੀ ਕਿ ਆਈਐਸਆਈ ਦੇ ਤਾਲਿਬਾਨ ਨਾਲ ਸਬੰਧ ਹਨ, ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਅਫਗਾਨਿਸਤਾਨ ਵਿੱਚ ਅਸਿੱਧੀ ਲੜਾਈ ਚੱਲ ਰਹੀ ਹੈ।

Facebook Comment
Project by : XtremeStudioz