Close
Menu

ਪਾਕਿਸਤਾਨ ਨੂੰ ਹਰਾ ਕੇ ਭਾਰਤ ਲਗਾਤਾਰ ਚੌਥੀ ਵਾਰ ਬਣਿਆ ਵਿਸ਼ਵ ਕਬੱਡੀ ਚੈਂਪੀਅਨ

-- 15 December,2013

final 3ਲੁਧਿਆਣਾ,15 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਭਾਰਤ ਦੀ ਪੁਰਸ਼ ਕਬੱਡੀ ਟੀਮ ਨੇ ਮੁੜ ਇਤਿਹਾਸ ਸਿਰਜਦਿਆਂ ਚੌਥੇ ਵਿਸ਼ਵ ਕੱਪ ਕਬੱਡੀ 2013 ਦੇ ਫਸਵੇਂ ਅਤੇ ਇਕ-ਇਕ ਅੰਕ ਦੇ ਸੰਘਰਸ਼ ਵਾਲੇ ਫਾਈਨਲ ਵਿੱਚ ਪਾਕਿਸਤਾਨ ਨੂੰ 48-39 ਨਾਲ ਹਰਾ ਕੇ ਕਬੱਡੀ ਦੇ ਮੁੜ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀਆਂ ਸ. ਪਰਕਾਸ਼ ਸਿੰਘ ਬਾਦਲ ਅਤੇ ਜਨਾਬ ਸ਼ਾਹਬਾਜ਼ ਸ਼ਰੀਫ ਦੀ ਮੌਜੂਦਗੀ ਵਿੱਚ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਸਾਹਮਣੇ ਖੇਡੇ ਗਏ ਫਾਈਨਲ ਵਿੱਚ ਭਾਰਤ ਤੇ ਪਾਕਿਸਤਾਨ ਦੇ ਰੇਡਰਾਂ ਅਤੇ ਜਾਫੀਆਂ ਨੇ ਬਿਹਤਰ ਖੇਡ ਦਿਖਾਈ। ਵਿਸ਼ਵ ਕੱਪ ਵਿੱਚ ਭਾਰਤ ਦੀ ਇਹ ਲਗਾਤਾਰ ਚੌਥੀ ਖਿਤਾਬੀ ਜਿੱਤ ਹੈ ਅਤੇ ਪਾਕਿਸਤਾਨ ਦੀ ਟੀਮ ਨੂੰ ਤੀਜੀ ਵਾਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਖਿਤਾਬ ਜਿੱਤਣ ਦਾ ਸੁਫਨਾ ਫੇਰ ਚਕਨਾਚੂਰ ਹੋਇਆ।

ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਰਸ਼ਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਚੜ੍ਹਦਾ ਤੇ ਲਹਿੰਦਾ ਪੰਜਾਬ ਕਬੱਡੀ ਤੋਂ ਇਲਾਵਾ ਕੁਸ਼ਤੀ, ਹਾਕੀ, ਅਥਲੈਟਿਕਸ ਤੇ ਰੱਸ਼ਾਕਸ਼ੀ ਦੇ ਮੁਕਾਬਲਿਆਂ ਦੀ ਸਾਂਝੀ ਮੇਜ਼ਬਾਨੀ ਕਰੇਗਾ। ਉਨ੍ਹਾਂ ਕਿਹਾ ਕਿ ਪੰਜਵੇਂ ਵਿਸ਼ਵ ਕੱਪ ਦੇ ਮੁਕਾਬਲੇ ਅਗਲੇ ਸਾਲ ਲਾਹੌਰ ਵਿਖੇ ਵੀ ਕਰਵਾਏ ਜਾਣਗੇ। ਉਨ੍ਹਾਂ ਜਨਾਬ ਸ਼ਾਹਬਾਜ਼ ਸ਼ਰੀਫ ਦਾ ਪੰਜਾਬ ਆਉਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਦੋਵੇਂ ਪੰਜਾਬ ਮਿਲ ਕੇ ਹੀ ਕਬੱਡੀ ਨੂੰ ਓਲੰਪਿਕ ਖੇਡਾਂ ਤੱਕ ਲਿਜਾ ਸਕਦੇ ਹਨ।

ਲਹਿੰਦੇ ਪੰਜਾਬ ਦੇ ਵਜ਼ੀਰ-ਏ-ਆਲਾ ਸ਼ਾਹਬਾਜ਼ ਸ਼ਰੀਫ, ਚੜ੍ਹਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਜੇਤੂ ਟੀਮਾਂ ਜੇਤੂ ਰਾਸ਼ੀ ਦੇ ਚੈਕ ਤੇ ਟਰਾਫੀਆਂ ਅਤੇ ਖਿਡਾਰੀਆਂ ਨੂੰ ਤਮਗੇ ਦਿੱਤੇ। ਭਾਰਤ ਨੇ ਪਹਿਲੇ ਸਥਾਨ ਨਾਲ 2 ਕਰੋੜ ਦਾ ਇਨਾਮ ਜਿੱਤਿਆ ਜਦੋਂ ਕਿ ਉਪ ਜੇਤੂ ਪਾਕਿਸਤਾਨ ਨੇ 1 ਕਰੋੜ ਰੁਪਏ ਅਤੇ ਤੀਸਰੇ ਸਥਾਨ ‘ਤੇ ਆਈ ਅਮਰੀਕਾ ਦੀ ਟੀਮ ਨੇ 51 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ। ਇਸ ਮੌਕੇ ਮਹਿਲਾ ਵਰਗ ਵਿੱਚ ਤੀਜੀ ਵਾਰ ਚੈਂਪੀਅਨ ਬਣੀ ਭਾਰਤ ਦੀ ਟੀਮ ਨੂੰ 1 ਕਰੋੜ ਰੁਪਏ, ਉਪ ਜੇਤੂ ਬਣੀ ਨਿਊਜ਼ੀਲੈਂਡ ਨੂੰ 51 ਲੱਖ ਰੁਪਏ ਅਤੇ ਤੀਜੇ ਸਥਾਨ ‘ਤੇ ਰਹੀ ਡੈਨਮਾਰਕ ਦੀ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ।

ਫਾਈਨਲ ਦੀ ਸ਼ੁਰੂਆਤ ਜਨਾਬ ਸ਼ਰੀਫ ਅਤੇ ਸ. ਬਾਦਲ ਨੇ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਕੀਤੀ। ਫਾਈਨਲ ਮੈਚ ਦੀ ਸ਼ੁਰੂਆਤ ਬਹੁਤ ਹੀ ਰੋਮਾਂਚਕ ਹੋਈ ਜਦੋਂ ਪਹਿਲੀਆਂ ਦੋਵੇਂ ਰੇਡਾਂ ‘ਤੇ ਦੋਵੇਂ ਟੀਮਾਂ ਦੇ ਸਟਾਰ ਰੇਡਰ ਸੁਖਬੀਰ ਸਰਾਵਾਂ ਤੇ ਲਾਲਾ ਉਬੈਦਉੱਲਾ ਨੂੰ ਜੱਫਾ ਲੱਗ ਗਿਆ। ਮੈਚ ਬਹੁਤ ਹੀ ਫਸਵਾਂ ਅਤੇ ਲਗਾਤਾਰ ਬਰਾਬਰੀ ‘ਤੇ ਚੱਲਦਾ ਰਿਹਾ। ਮੈਚ 10-10, 11-11, 14-14 ‘ਤੇ ਬਰਾਬਰ ਚੱਲਿਆ। ਪਹਿਲੇ ਅੱਧ ਵਿੱਚ ਭਾਰਤ ਨੇ ਸਿਰਫ ਦੋ ਅੰਕਾਂ ਦੀ ਲੀਡ (23-21) ਦੀ ਲਈ। ਦੂਜੇ ਅੱਧ ਵਿੱਚ ਵੀ ਮੁਕਾਬਲਾ ਬਰਾਬਰੀ ‘ਤੇ ਚੱਲਿਆ ਅਤੇ ਸਕੋਰ 25-25 ‘ਤੇ ਇਕ ਵਾਰ ਬਰਾਬਰ ਹੋ ਗਿਆ ਪਰ ਅੰਤ ਭਾਰਤ ਨੇ ਮੈਚ ਜਿੱਤ ਲਿਆ।

ਸੁਖਬੀਰ ਸਰਾਵਾਂ ਨੂੰ 2 ਜੱਫੇ ਲੱਗਣ ਤੋਂ ਬਾਅਦ ਸਾਬਤ ਸੂਰਤ ਖਿਡਾਰੀ ਗੁਰਮੀਤ ਮੰਡੀਆਂ ਨੂੰ ਰੇਡਾਂ ਦਾ ਮੌਕਾ ਮਿਲਿਆ ਅਤੇ ਉਸ ਨੇ ਲਗਾਤਾਰ ਤਿੰਨ ਅੰਕ ਹਾਸਲ ਕਰ ਕੇ ਭਾਰਤ ਨੂੰ ਅਹਿਮ ਲੀਡ ਦਿਵਾਈ ਜੋ ਅੰਤ ਤੱਕ ਜੇਤੂ ਸਾਬਤ ਹੋਈ। ਭਾਰਤ ਦੇ ਰੇਡਰਾਂ ਵਿੱਚੋਂ ਬਲਬੀਰ ਦੁੱਲਾ ਨੇ 16, ਲਵਪ੍ਰੀਤ ਨੀਨਾ ਤੇ ਗੁਰਮੀਤ ਮੰਡੀਆਂ ਨੇ 6-6 ਅੰਕ ਲਏ ਜਦੋਂ ਕਿ ਜਾਫੀ ਬਲਬੀਰ ਪਾਲਾ ਨੇ 7 ਤੇ ਖੁਸ਼ਦੀਪ ਦਿੜ੍ਹਬਾ ਨੇ 3 ਜੱਫੇ ਲਾਏ ਜਦੋਂ ਕਿ ਪਾਕਿਸਤਾਨ ਵੱਲੋਂ ਰੇਡਰ ਚਿਸ਼ਤੀ ਨੇ 9, ਲਾਲਾ ਉਬੈਦਉੱਲਾ ਤੇ ਬਾਬਰ ਗੁੱਜਰ ਨੇ 6-6 ਅੰਕ ਲਏ ਅਤੇ ਜਾਫੀਆਂ ਵਿੱਚੋਂ ਮੋਹਸੀਨ ਨਜ਼ੀਰ ਨੇ 3 ਤੇ ਮਤਬੂਲ ਅਲੀ ਨੇ 2 ਜੱਫੇ ਲਾਏ।

ਪੁਰਸ਼ ਵਰਗ ਦੇ ਸਰਵੋਤਮ ਰੇਡਰ ਤੇ ਜਾਫੀ ਨੂੰ ਮਿਲੇ ਪ੍ਰੀਤ ਟਰੈਕਟਰ

ਮਹਿਲਾ ਵਰਗ ਦੀ ਸਰਵੋਤਮ ਰੇਡਰ ਤੇ ਜਾਫੀ ਨੂੰ ਮਿਲੀਆਂ ਆਲਟੋ ਕਾਰ

ਪੁਰਸ਼ ਵਰਗ ਵਿੱਚ ਸਰਵੋਤਮ ਰੇਡਰ ਬਣੇ ਬਲਬੀਰ ਦੁੱਲਾ ਤੇ ਸਰਵੋਤਮ ਜਾਫੀ ਬਣੇ ਬਲਬੀਰ ਪਾਲਾ ਨੂੰ ਇਕ-ਇਕ ਪ੍ਰੀਤ ਟਰੈਕਟਰ ਜਦੋਂ ਕਿ ਮਹਿਲਾ ਵਰਗ ਵਿੱਚ ਸਰਵੋਤਮ ਰੇਡਰ ਬਣੀ ਭਾਰਤ ਦੀ ਰਾਮ ਬਤੇਰੀ ਅਤੇ ਸਰਵੋਤਮ ਜਾਫੀ ਬਣੀ ਭਾਰਤ ਦੀ ਅਨੂ ਰਾਣੀ ਨੂੰ ਇਕ-ਇਕ ਮਾਰੂਤੀ ਆਲਟੋ ਕਾਰ ਇਨਾਮ ਵਿੱਚ ਦਿੱਤੀ ਗਈ।

Facebook Comment
Project by : XtremeStudioz