Close
Menu

ਪਾਕਿਸਤਾਨ ਨੇ ਮਲੇਸ਼ੀਆ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ

-- 02 September,2013

ਇਪੋਹ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਹਿਲਾਂ ਹੀ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੇ ਤਿੰਨ ਵਾਰ ਦੇ ਚੈਂਪੀਅਨ ਪਾਕਿਸਤਾਨ ਨੇ ਅੱਜ ਇੱਥੇ ਮੇਜ਼ਬਾਨ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਨੌਵੇਂ ਏਸ਼ੀਆ ਕੱਪ ਹਾਕੀ ਟੂਰਨਾਮੈਂਟ ’ਚ ਕਾਂਸੀ ਦਾ ਤਗ਼ਮਾ ਜਿੱਤਿਆ।

ਹਾਲੈਂਡ ਦੇ ਦਿ ਹੈੱਗ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਕੁਆਲੀਫਾਈ ਕਰਨ ਲਈ ਪਾਕਿਸਤਾਨ ਨੂੰ ਹਰ ਹਾਲ ’ਚ ਟੂਰਨਾਮੈਂਟ ਜਿੱਤਣਾ ਸੀ ਪਰ ਟੀਮ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਸਾਲ 1971 ’ਚ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੇ ਇਸ ਵਕਾਰੀ ਟੂਰਨਾਮੈਂਟ ਲਈ ਕੁਆਲੀਫਾਈ ਨਹੀਂ ਕੀਤਾ ਹੈ।
ਸੁਲਤਾਨ ਅਜਲਨ ਸ਼ਾਹ ਸਟੇਡੀਅਮ ’ਚ ਤੀਜੇ ਤੇ ਚੌਥੇ ਸਥਾਨ ਦੇ ਪਲੇਅ ਆਫ ’ਚ ਪਾਕਿਸਤਾਨ ਵੱਲੋਂ ਅਬਦੁੱਲ ਹਸੀਮ ਖਾਨ(35ਵੇਂ ਤੇ 56ਵੇਂ ਮਿੰਟ) ਨੇ ਦੋ ਜਦੋਂ ਕਿ ਕਪਤਾਨ ਮੁਹੰਮਦ ਇਮਰਾਨ(54ਵੇਂ ਮਿੰਟ) ਨੇ ਇਕ ਗੋਲ ਕੀਤਾ। ਮਲੇਸ਼ੀਆ ਵੱਲੋਂ ਇੱਕਮਾਤਰ ਗੋਲ 34ਵੇਂ ਮਿੰਟ ’ਚ ਫੈਜ਼ਲ ਸਾਰੀ ਨੈ ਕੀਤਾ। ਮਲੇਸ਼ੀਆ ਕੋਲ ਇਸੇ ਟੀਮ ਖ਼ਿਲਾਫ਼ ਪੂਲ ਮੈਚ ’ਚ ਮਿਲੀ 1-4 ਦੀ ਹਾਰ ਦਾ ਬਦਲਾ ਲੈਣ ਦਾ ਮੌਕਾ ਸੀ ਪਰ ਮੇਜ਼ਬਾਨ ਟੀਮ ਨੇ ਆਪਣੀ ਗ਼ਲਤੀਆਂ ਕਾਰਨ ਵਿਰੋਧੀ ਟੀਮ ਨੂੰ ਵਾਪਸੀ ਦਾ ਮੌਕਾ ਦਿੱਤਾ। ਦੋਵਾਂ ਟੀਮਾਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਪਾਕਿਸਤਾਨ ਮੈਚ ਦੇ ਪਹਿਲੇ ਮਿੰਟ ’ਚ ਹੀ ਖੁਸ਼ਕਿਸਮਤ ਰਿਹਾ ਜਦੋਂ ਮਲੇਸ਼ੀਆ ਦੇ ਪਹਿਲੇ ਪੈਨਲਟੀ ਕਾਰਨ ’ਤੇ ਮੁਹੰਮਦ ਰੇਜੀ ਅਬਦ ਰਹੀਮ ਦੀ ਡਰੈਗ ਫਲਿੱਕ ਕਰਾਸ ਬਾਰ ਨਾਲ ਟਕਰਾ ਗਈ। ਇਸ ਤੋਂ ਕੁਝ ਮਿੰਟ ਬਾਅਦ ਤਜਰਬੇਕਾਰ ਸ਼ਕੀਲ ਅੱਬਾਸੀ ਦੇ ਕਮਜ਼ੋਰ ਸ਼ਾਟ ਨੂੰ ਮਲੇਸ਼ੀਆ ਦੇ ਗੋਲਕੀਪਰ ਰੌਸਲਾਨ ਜਮਾਲੂਦੀਨ ਨੇ ਆਸਾਨੀ ਨਾਲ ਰੋਕ ਦਿੱਤਾ।
ਪਾਕਿਸਤਾਨ ਨੂੰ ਇਸ ਤੋਂ ਬਾਅਦ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਟੀਮ ਇਕ ਦਾ ਵੀ ਫਾਇਦਾ ਨਹੀਂ ਉਠਾ ਸਕੀ। ਇਸ ਦੌਰਾਨ ਲਗਾਤਾਰ ਮੀਂਹ ਪੈ ਰਿਹਾ ਸੀ। ਮਲੇਸ਼ੀਆ ਨੂੰ ਮੈਚ ਦੇ 34ਵੇਂ ਮਿੰਟ ’ਚ ਸਾਰੀ ਨੇ ਬੜ੍ਹਤ ਦਿਵਾਈ ਜਿਸ ਨੇ ਜੀਵਨ ਮੋਹਨ ਦੇ ਪਾਸ ’ਤੇ ਪਾਕਿਸਤਾਨ ਦੇ ਗੋਲਕੀਪਰ ਸਲਮਾਨ ਅਕਬਰ ਨੂੰ ਚਕਮਾ ਦਿੰਦੇ ਹੋਏ ਗੇਂਦ ਨੂੰ ਗੋਲ ’ਚ ਪਹੁੰਚਾਇਆ। ਮਲੇਸ਼ੀਆ ਨੂੰ ਹਾਲਾਂਕਿ ਜਸ਼ਨ ਮਨਾਉਣ ਦਾ ਜਿਆਦਾ ਮੌਕਾ ਨਹੀਂ ਮਿਲਿਆ ਕਿਉਂਕਿ ਪਾਕਿਸਤਾਨ ਨੇ ਅੱਧੇ ਸਮੇਂ ਤੋਂ ਸੱਤ ਸੈਕਿੰਡ ਪਹਿਲਾਂ ਬਰਾਬਰੀ ਹਾਸਲ ਕਰ ਲਈ। ਇਸ ਤੋਂ ਬਾਅਦ ਮੀਂਹ ਥੋੜਾ ਘੱਟ ਗਿਆ ਤੇ ਪਾਕਿਸਤਾਨ ਨੇ ਜ਼ੋਰਦਾਰ ਖੇਡ ਦਿਖਾਇਆ।
ਦੂਜੇ ਪਾਸੇ ਭਾਰਤ ਖ਼ਿਲਾਫ਼ ਸੈਮੀ ਫਾਈਨਲ ਦੀ ਤਰ੍ਹਾਂ ਅੱਜ ਵੀ ਮਲੇਸ਼ੀਆ ਨੇ ਕਾਫੀ ਮੂਵ ਬਣਾਏ ਪਰ ਟੀਮ ਇਸ ਨੂੰ  ਗੋਲ ’ਚ ਤਬਦੀਲ ਨਾ ਕਰ ਸਕੀ। ਕਪਤਾਨ ਇਮਰਾਨ ਨੇ 54ਵੇਂ ਮਿੰਟ ’ਚ ਟੀਮ ਦੇ ਪੰਜਵੇਂ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਪਾਕਿਸਤਾਨ ਨੂੰ 2-1 ਨਾਲ ਅੱਗੇ ਕੀਤਾ ਜਦੋਂ ਕਿ ਦੋ ਮਿੰਟ ਬਾਅਦ ਹਸੀਮ ਖਾਨ ਨੇ ਆਪਣਾ ਦੂਜਾ ਗੋਲ ਕਰਕੇ ਸਕੋਰ 3-1 ਕਰ ਦਿੱਤਾ ਜੋ ਕਿ ਫੈਸਲਾਕੁੰਨ ਸਾਬਿਤ ਹੋਇਆ।

Facebook Comment
Project by : XtremeStudioz