Close
Menu

ਪਾਕਿਸਤਾਨ ਵਿੱਚ ਪੋਲੀਓ ਰੋਕੂ ਮੁਹਿੰਮ ਹੋਈ ਨਾਕਾਮ

-- 21 March,2015

ਭਾਰਤ ਨੇ ਭਾਵੇਂ ਪੋਲੀਓ ਦਾ ਮੁਕੰਮਲ ਖਾਤਮਾ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ ਪ੍ਰੰਤੂ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਇਹ ਅਜੇ ਵੀ ਮਹਾਂਮਾਰੀ ਬਣੀ ਹੋਈ ਹੈ। ਪਾਕਿ ਸਰਕਾਰ ਦੀ ਸਖਤੀ ਦੇ ਬਾਵਜੂਦ ਪੋਲੀਓ ਰੋਕੂ ਮੁਹਿੰਮ ਟੀਮਾਂ ਉਪਰ ਸਰਹੱਦੀ ਕਬਾਇਲੀ ਖੇਤਰਾਂ ਤੇ ਸਿੰਧ ਸੂਬੇ ਵਿੱਚ ਲਗਾਤਾਰ ਹਮਲੇ ਹੋ ਰਹੇ ਹਨ। ਮੁਹਿੰਮ ਵਿੱਚ ਜੁੱਟੇ ਵੱਡੀ ਗਿਣਤੀ ਵਰਕਰ ਮਾਰੇ ਜਾ ਚੁੱਕੇ ਹਨ। ਪਿਛਲੇ ਦੋ ਸਾਲਾਂ ਵਿੱਚ 60 ਤੋਂ ਵੱਧ ਵਰਕਰ ਹਮਲਿਆਂ ਵਿੱਚ ਮਾਰੇ ਜਾ ਚੁੱਕੇ ਹਨ। ਇਨ੍ਹਾਂ ਖੇਤਰਾਂ ਦੇ ਜ਼ਿਆਦਾਤਰ ਲੋਕ ਟੀਮਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੇ। ਇਸੇ ਕਾਰਨ ਵੱਡੀ ਗਿਣਤੀ ਵਿੱਚ ਲੋਕ ਪੋਲੀਓ ਦੇ ਸ਼ਿਕਾਰ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2014 ਦੌਰਾਨ ਪਾਕਿਸਤਾਨ ਵਿੱਚ 297 ਪੋਲੀਓ ਕੇਸ ਸਾਹਮਣੇ ਆਏ ਜੋ 1999 ਤੋਂ ਕਿਸੇ ਇਕ ਸਾਲ ਵਿੱਚ ਸਭ ਤੋਂ ਵੱਧ ਹਨ। ਅਫਗਾਨਿਸਤਾਨ ਤੇ ਨਾਇਜੇਰੀਆ ਵਿੱਚ ਵੀ ਲਗਪਗ ਅਜਿਹੇ ਹਾਲਾਤ ਹਨ।
ਪਾਕਿਸਤਾਨ ਵਿੱਚ ਪੋਲੀਓ ਰੋਕੂ ਮੁਹਿੰਮ 1974 ਵਿੱਚ ਸ਼ੁਰੂ ਹੋਈ ਸੀ ਪ੍ਰੰਤੂ ਸਰਕਾਰੀ ਪੱਧਰ ’ਤੇ ਇਸ ਨੂੰ 1993 ਵਿੱਚ ਅਪਣਾਇਆ ਗਿਆ ਸੀ। ਸਾਲ 2007 ਤੱਕ ਇਸ ਮੁਹਿੰਮ ਦੇ 60 ਦੌਰ ਚੱਲੇ ਪਰ ਨਤੀਜੇ ਨਹੀਂ ਮਿਲੇ। ਸਾਲ 2011 ਦੌਰਾਨ ਹੀ ਪੋਲੀਓ ਪੀੜਤ 37 ਫੀਸਦੀ ਮਾਮਲੇ ਵਧੇ। ਵਿਸ਼ਵ ਸਿਹਤ ਸੰਸਥਾ ਨੇ ਉਸ ਸਮੇਂ ਰਿਪੋਰਟ ਦਿੱਤੀ ਕਿ ਲਾਹੌਰ, ਰਾਵਲਪਿੰਡੀ ਤੇ ਪਿਸ਼ਾਵਰ ਦੇ ਸੀਵਰੇਜ ਸਿਸਟਮ ਦੇ ਟੈਸਟਾਂ ਦੌਰਾਨ ਪੋਲੀਓ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਬਾਅਦ ਪਾਕਿਸਤਾਨ ਸਰਕਾਰ ਨੇ ਆਪਣੀ ਉੱਚ ਪੱਧਰੀ ਟੀਮ ਭਾਰਤ ਭੇਜ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਕਿਹੜੇ ਢੰਗ ਤਰੀਕੇ ਅਪਣਾਏ ਗਏ ਜਿਨ੍ਹਾਂ ਕਾਰਨ ਦੇਸ਼ ਅੰਦਰ ਪੋਲੀਓ ਦਾ ਪੂਰੀ ਤਰ੍ਹਾਂ ਖਾਤਮਾ ਹੋਇਆ ਪ੍ਰੰਤੂ ਪਾਕਿ ਸਰਕਾਰ ਫਿਰ ਵੀ ਨਤੀਜੇ ਹਾਸਲ ਨਹੀਂ ਕਰ ਸਕੀ। ਸਾਊਦੀ ਅਰਬ ਨੇ 2009 ਤੋਂ ਪਾਕਿਸਤਾਨੀ ਯਾਤਰੀਆਂ ਉਪਰ ਪੋਲੀਓ ਰੋਕੂ ਬੂੰਦਾਂ ਪੀਤੀਆਂ ਹੋਈਆਂ ਜ਼ਰੂਰੀ ਕਰਾਰ ਦਿੱਤੀਆਂ ਹੋਈਆਂ ਹਨ।
ਇਹ ਤੱਥ ਹੈ ਕਿ ਪੋਲੀਓ ਰੋਕੂ ਬੂੰਦਾਂ ਪੱਛਮੀ ਦੇਸ਼ਾਂ ਦੀ ਦੇਣ ਹਨ। ਪਾਕਿਸਤਾਨ ਦੇ ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਸਮੁੱਚੇ ਕਬਾਇਲੀ ਖੇਤਰ (ਉੱਤਰੀ ਵਜ਼ੀਰਿਸਤਾਨ, ਏਜੰਸੀਆਂ ਸਮੇਤ) ਦਾ ਪ੍ਰਸ਼ਾਸਨ ਜ਼ਿਆਦਾਤਰ ਫੈਡਰਲ (ਕੌਮੀ) ਸਰਕਾਰ ਦੇ ਅਧੀਨ ਹੈ। ਇਸ ਖੇਤਰ ਵਿੱਚ ਦਹਿਸ਼ਤੀ ਜਥੇਬੰਦੀਆਂ ਦਾ ਬੋਲਬਾਲਾ ਹੈ। ਸਰਕਾਰ ਦਾ ਪ੍ਰਭਾਵ ਨਾਂਮਾਤਰ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੀ ਪੂਰੀ ਸਰਦਾਰੀ ਹੈ। ਅਜਿਹੀਆਂ ਜਥੇਬੰਦੀਆਂ ਨੇ ਇਲਾਕੇ ਵਿੱਚ ਅਫਵਾਹਾਂ ਫੈਲਾਈਆਂ ਹੋਈਆਂ ਹਨ ਕਿ ਪੋਲੀਓ ਰੋਕੂ ਬੂੰਦਾਂ ਵਿੱਚ ਸੂਰ ਦੀ ਚਰਬੀ ਤੇ ਅਲਕੋਹਲ (ਸ਼ਰਾਬ) ਮਿਲਾਇਆ ਹੋਇਆ ਹੈ। ਇਸਲਾਮ ਵਿੱਚ ਇਨ੍ਹਾਂ ਵਸਤਾਂ ਦੀ ਵਰਤੋਂ ਕਰਨ ਦੀ ਸਖਤ ਮਨਾਹੀ ਹੈ। ਜ਼ਿਆਦਾਤਰ ਲੋਕ ਅਨਪੜ੍ਹ ਹਨ ਜਿਸ ਕਰਕੇ ਉਨ੍ਹਾਂ ਉਪਰ ਅਫਵਾਹਾਂ ਦਾ ਅਸਰ ਹੋਇਆ ਹੈ। ਪਾਕਿਸਤਾਨ ਵਿੱਚ ਵੱਡੀ ਗਿਣਤੀ ਸ਼ਰਨਾਰਥੀ ਹਨ ਜੋ ਇਕ ਤੋਂ ਦੂਜੇ ਥਾਂ ਬਦਲਦੇ ਰਹਿੰਦੇ ਹਨ। ਸਰਕਾਰੀ ਪ੍ਰਬੰਧ ਵੀ ਢਿੱਲੇ ਹਨ ਜਿਨ੍ਹਾਂ ਕਰਕੇ ਇਹ ਮੁਹਿੰਮ ਨਤੀਜਿਆਂ ਤੱਕ ਪਹੁੰਚਣ ਵਿੱਚ ਸਫਲ ਨਹੀਂ ਹੋ ਰਹੀ। ਦੂਜਾ ਵੱਡਾ ਕਾਰਨ ਦਹਿਸ਼ਤੀ ਜਥੇਬੰਦੀਆਂ ਵਿੱਚ ਇਹ ਵਿਸ਼ਵਾਸ ਬਣ ਜਾਣਾ ਹੈ ਕਿ ਪੋਲੀਓ ਰੋਕੂ ਬੂੰਦਾਂ ਪਿਆਉਣ ਦੀ ਮੁਹਿੰਮ ਨਕਲੀ ਹੈ।
ਇਸ ਦਾ ਮਕਸਦ ਉਨ੍ਹਾਂ ਦੀ ਜਾਸੂਸੀ ਕਰਨਾ ਹੈ। ਪਾਕਿਸਤਾਨ ਦੇ ਫੌਜੀ ਗੜ੍ਹ ਵਜੋਂ ਜਾਣੇ ਜਾਂਦੇ ਸ਼ਹਿਰ ਐਬਟਾਬਾਦ ਵਿੱਚ ਛੁਪੇ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੀ ਸੂਹ ਨਕਲੀ ‘ਹੈਪੇਟਾਈਟਸ ਬੀ’ ਸ਼ਨਾਖਤ ਮੁਹਿੰਮ ਚਲਾ ਕੇ ਲਾਈ ਗਈ ਸੀ। ਇਸ ਮੁਹਿੰਮ ਤਹਿਤ ਅਮਰੀਕੀ ਸੀਆਈਏ ਨਾਲ ਰਲ ਚੁੱਕੇ ਪਾਕਿਸਤਾਨੀ ਡਾਕਟਰ ਨੇ ਇਮਾਰਤ ਵਿੱਚ ਰਹਿ ਰਹੇ ਬੱਚਿਆਂ ਦੇ ਖੂਨ ਦਾ ਸੈਂਪਲ ਲਿਆ ਸੀ। ਉਨ੍ਹਾਂ ਸੈਂਪਲਾਂ ਦਾ ਡੀਐਨਏ ਟੈਸਟ ਲਾਦੇਨ ਦੇ ਇਕ ਪਰਿਵਾਰਕ ਮੈਂਬਰ ਦੇ ਡੀਐਨਏ ਟੈਸਟ ਨਾਲ ਮਿਲਾ ਕੇ ਉੱਥੇ ਲਾਦੇਨ ਦੇ ਛੁਪੇ ਹੋਣ ਦਾ ਸਬੂਤ ਜੁਟਾਇਆ ਗਿਆ ਸੀ। ਕਬਾਇਲੀ ਖੇਤਰਾਂ ਵਿੱਚ ਦਹਿਸ਼ਤਗਰਦ ਪੋਲੀਓ ਰੋਕੂ ਮੁਹਿੰਮ ਟੀਮਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੀਆਂ ਹਨ। ਉਨ੍ਹਾਂ ਉਪਰ ਹਮਲੇ ਕਰਦੀਆਂ ਹਨ।

Facebook Comment
Project by : XtremeStudioz