Close
Menu

ਪਾਕਿਸਤਾਨ ਵਿੱਚ ਹਿੰਦੂਆਂ ਨੇ ਉਤਸ਼ਾਹ ਨਾਲ ਮਨਾਈ ਦੀਵਾਲੀ

-- 05 November,2013

ਇਸਲਾਮਾਬਾਦ,5 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਪਾਕਿਸਤਾਨ ਵਿੱਚ ਘੱਟ-ਗਿਣਤੀ ਹਿੰਦੂ ਭਾਈਚਾਰੇ ਨੇ ਦੀਵਾਲੀ ਰਵਾਇਤੀ ਉਤਸ਼ਾਹ ਤੇ ਧਾਰਮਿਕ ਰਹੁਰੀਤਾਂ ਨਾਲ ਮਨਾਈ। ਇਸ ਮੌਕੇ ਦੇਸ਼ ਦੀ ਉਨਤੀ ਲਈ ਪ੍ਰਾਰਥਨਾ ਕੀਤੀ ਗਈ।
ਪਾਕਿਸਤਾਨ ਹਿੰਦੂ ਕੌਂਸਲ ਦੇ ਪ੍ਰਧਾਨ ਜੇਠਾਨੰਦ ਕੋਹੀਸਤਾਨੀ ਨੇ ਦੱਸਿਆ ਕਿ ਪੂਰੇ ਪਾਕਿਸਤਾਨ ਵਿੱਚ ਦੀਵਾਲੀ ਮਨਾਈ ਗਈ। ਅਸੀਂ ਪਾਕਿਸਤਾਨ ਦੀ ਸਲਾਮਤੀ ਤੇ ਉਨਤੀ ਦੇ ਲਈ ਅਪੀਲ ਕੀਤੀ ਕਿਉਂਕਿ ਇਹ ਸਾਡੀ ਜਨਮ ਭੂਮੀ ਹੈ। ਇਹ ਜ਼ਿਕਰਯੋਗ ਹੈ ਕਿ ਸੂਬਾ ਸਿੰਧ ਦੇ ਵਿੱਚ ਕੋਈ 20 ਲੱਖ ਹਿੰਦੂ ਵਸਦੇ ਹਨ।
ਇਸਲਾਮਾਬਾਦ ਦੇ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਦੀਵਾਲੀ ਮੌਕੇ ਪਟਾਕੇ ਚਲਾਏ, ਆਪਣੇ ਘਰਾਂ ਨੂੰ ਰੋਸ਼ਨੀਆਂ ਦੇ ਨਾਲ ਸਜਾਇਆ ਤੇ ਸਕੇ-ਸਬੰਧੀਆਂ ਦੇ ਵਿੱਚ ਮਠਿਆਈਆਂ ਵੰਡੀਆਂ। ਜੈਕਬਾਬਾਦ ਦੇ ਵਿੱਚ ਹਿੰਦੂ ਭਾਈਚਾਰੇ ਨੇ ਸਮੁੱਚੇ ਸ਼ਹਿਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਤਾਂ ਹੈਦਰਾਬਾਦ ਵਿੱਚ ਵੀ ਹਿੰਦੂਆਂ ਨੇ ਦੀਵਾਲੀ ਉਤਸ਼ਾਹ ਦੇ ਨਾਲ ਮਨਾਈ। ‘ਦਿ ਨਿਊਜ਼’ ਦੀ ਰਿਪੋਰਟ ਅਨੁਸਾਰ ਦਾਦੂ ਜ਼ਿਲੇ ਦੇ 30 ਮੰਦਰਾਂ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ।
ਥਾਰ ਮਾਰੂਥਲ ਵਿੱਚ ਗਰੀਬ ਹਿੰਦੂਆਂ ਨੇ ਆਪਣੇ ਘਰਾਂ ਦੇ ਬਾਹਰ ਲੈਂਪ ਜਗਾ ਕੇ ਰੋਸ਼ਨੀਆਂ ਦਾ ਤਿਉਹਾਰ ਮਨਾਇਆ।
ਮੁਲਤਾਨ ਵਿੱਚ ਵੀ ਦੀਵਾਲੀ ਪੂਰੇ ਉਤਸ਼ਾਹ ਨਾਲ ਮਨਾਈ ਗਈ ਤੇ ਨੌਜਵਾਨਾਂ ਨੇ ਇਕੱਠੇ ਹੋ ਸੜਕਾਂ ਉਤੇ ਭੰਗੜੇ ਪਾਏ।
ਰੋਜ਼ਾਨਾ ‘ਡਾਅਨ’ ਦੀ ਰਿਪੋਰਟ ਅਨੁਸਾਰ ਰਾਵਲਪਿੰਡੀ ਦੇ ਵਿੱਚ ਇਸ ਵਾਰ ਦੀਵਾਲੀ ਰਵਾਇਤੀ ਉਤਸ਼ਾਹ ਨਾਲ ਨਹੀਂ ਮਨਾਈ ਗਈ ਕਿਉਂਕਿ ਹਿੰਦੂਆਂ ਦੇ ਮਨਾਂ ਵਿੱਚ ਪੇਸ਼ਾਵਰ ਵਿੱਚ ਚਰਚ ’ਤੇ ਪਿਛਲੇ ਮਹੀਨੇ ਹੋਏ ਹਮਲੇ ਕਾਰਨ ਭੈਅ ਸੀ। ਬਹੁਤੇ ਹਿੰਦੂ ਪਰਿਵਾਰਾਂ ਨੇ ਆਪਣੇ ਘਰ ਵਿੱਚ ਹੀ ਦੀਵਾਲੀ ਮਨਾਉਣ ਦੀ ਤਿਆਰੀ ਕੀਤੀ ਹੋਈ ਸੀ।
ਇਸ ਮੌਕੇ ਔਰਤਾਂ ਨੇ ਰਵਾਇਤੀ ਢੰਗ ਨਾਲ ਆਪਣੇ ਘਰਾਂ ਦੇ ਅੱਗੇ ਰੰਗੋਲੀ ਸਜਾਈ। ਰਾਵਲਪਿੰਡੀ ਫੌਜੀ ਛਾਉਣੀ ਦੀ ਵਾਸੀ ਸੀਤਾ ਕੁਮਾਰੀ ਨੇ ਦੱਸਿਆ ਕਿ ਰੰਗ ਅਮਨ, ਸ਼ਾਂਤੀ ਤੇ ਖੁਸ਼ਹਾਲੀ ਦਾ ਪ੍ਰਤੀਕ ਹਨ ਤੇ ਘਰ ਦੇ ਦਰਾਂ ਵਿੱਚ ਰੰਗੋਲੀ ਬਣਾ ਕੇ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕੀਤਾ ਜਾਂਦਾ ਹੈ, ਪਰ ਇਸ ਵਾਰ ਉਨ੍ਹਾਂ ਆਪਣੇ ਘਰ ਦੇ ਦਰਵਾਜ਼ੇ ਵਿੱਚ ਰੰਗੋਲੀ ਨਹੀਂ ਬਣਾਈ ਤਾਂ ਜੋ ਅਤਿਵਾਦੀਆਂ ਦੇ ਸੰਭਾਵੀ ਹਮਲੇ ਤੋਂ ਆਪਣੀ ਪਛਾਣ ਨੂੰ ਬਚਾ ਕੇ ਰੱਖਿਆ ਜਾਵੇ। ਉਸ ਨੇ ਦੱਸਿਆ ਕਿ ਹਿੰਦੂ ਲੋਕ ਡਰ ਡਰ ਕੇ ਤਿਉਹਾਰ ਮਨਾਉਂਦੇ ਹਨ।
ਇਕ ਹੋਰ ਹਿੰਦੂ ਜਗਮੋਹਨ ਕੁਮਾਰ ਅਰੋੜਾ ਨੇ ਦੱਸਿਆ ਕਿ ਓਕਾਫ਼ ਟਰਸਟ ਪ੍ਰਾਪਰਟੀ ਬੋਰਡ ਨੇ ਅਜੇ ਤੱਕ ਕ੍ਰਿਸ਼ਨਾ ਮੰਦਰ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰਵਾਈ ਤੇ ਲੋਕਾਂ ਨੂੰ ਹਮਲੇ ਹੋਣ ਦਾ ਡਰ ਸੀ। ਸਥਾਨਕ ਪੁਲੀਸ ਨੇ ਹਿੰਦੂਆਂ ਨੂੰ ਮੰਦਰਾਂ ਵਿੱਚ ਸੀਸੀਟੀਵੀ ਲਾਉਣ, ਸੁਰੱਖਿਆ ਗਾਰਦ ਤਾਇਨਾਤ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਸਨ। ਓਕਾਫ਼ ਬੋਰਡ ਨੇ ਬਿਨਾਂ ਹਥਿਆਰਾਂ ਤੋਂ ਸੁਰੱਖਿਆ ਗਾਰਦ ਤਾਇਨਾਤ ਕੀਤੇ ਹੋਏ ਸਨ ਤੇ ਮੰਦਰਾਂ ਦੇ ਦਰਵਾਜ਼ਿਆਂ ਦੇ ਉਤੇ ਕੋਈ ਸੈਂਸਰ ਗੇਟ ਨਹੀਂ ਲਗਵਾਏ।
ਇਹ ਜ਼ਿਕਰਯੋਗ  ਹੈ ਕਿ ਦੀਵਾਲੀ ਮੌਕੇ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਹਿੰਦੂਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਤੇ ਘੱਟ ਗਿਣਤੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।

Facebook Comment
Project by : XtremeStudioz