Close
Menu

ਪਾਕਿਸਤਾਨ ਵੱਲੋਂ ਵਿਸ਼ਵ ਕੱਪ ਜਿੱਤਣ ਦੀ ਕੋਈ ਉਮੀਦ ਨਹੀਂ: ਸ਼ੋਏਬ

-- 02 January,2015

ਕਰਾਚੀ,  ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਕਿਹਾ ਹੈ ਕਿ ਟੀਮ ਦੇ ਦੋ ਅਹਿਮ ਖਿਡਾਰੀਆਂ ਸਈਦ ਅਜਮਲ ਤੇ ਮੁਹੰਮਦ ਹਫੀਜ਼ ਦੇ ਖੇਡਣ ਬਾਰੇ ਸਥਿਤੀ ਅਸਪਸ਼ਟ ਹੋਣ ਕਾਰਨ ਪਾਕਿਸਤਾਨ ਦੇ ਆਈਸੀਸੀ ਵਿਸ਼ਵ ਕੱਪ 2015 ਦਾ ਖ਼ਿਤਾਬ ਜਿੱਤਣ ਦੀ ਆਸ ਨਹੀਂ ਹੈ।
ਸ਼ੋਏਬ ਨੇ ਵਿਸ਼ਵ ਕੱਪ ਖ਼ਿਤਾਬ ਦੇ ਦਾਅਵੇਦਾਰਾਂ ਵਿੱਚ ਆਸਟਰੇਲੀਆ, ਦੱਖਣੀ ਅਫਰੀਕਾ ਤੇ ਭਾਰਤ ਨੂੰ ਚੁਣਿਆ ਹੈ।
ਉਨ੍ਹਾਂ ਕਿਹਾ ਕਿ, ‘‘ਮੈਂ ਪਾਕਿਸਤਾਨ ਨੂੰ ਜਿੱਤਦੇ ਦੇਖਣਾ ਚਾਹੁੰਦਾ ਹਾਂ ਪਰ ਸਈਦ ਅਜਮਲ ਤੇ  ਹਫੀਜ਼ ਦੇ ਕਾਰਨ ਟੀਮ ਮਜ਼ੂਬਤ ਨਹੀਂ ਲੱਗ ਰਹੀ। ਇਸ ਲਈ ਮੈਨੂੰ ਲੱਗਦਾ ਹੈ ਕਿ  ਆਸਟਰੇਲੀਆ, ਭਾਰਤ ਤੇ ਦੱਖਣੀ ਅਫਰੀਕਾ ਵਿੱਚੋਂ ਕੋਈ ਇਕ ਖ਼ਿਤਾਬ ਜਿੱਤ ਸਕਦਾ ਹੈ। ਅਜਮਲ ਤੇ ਹਫੀਜ਼ ਦੋਵੇਂ ਹੀ ਸ਼ੱਕੀ ਗੇਂਦਬਾਜ਼ੀ ਕਾਰਨ ਮੁਅੱਤਲ  ਹਨ। ਅਜਿਹੀ ਹਾਲਤ ਵਿੱਚ ਦੋਵਾਂ ਖਿਡਾਰੀਆਂ ਦੇ ਵਿਸ਼ਵ ਕੱਪ ਵਿੱਚ ਖੇਡਣ ਦੀ ਆਸ ਨਹੀਂ ਹੈ। ਪਾਕਿਸਤਾਨ 7 ਜਨਵਰੀ ਤੱਕ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਮੇਜ਼ਬਾਨੀ ਵਿੱਚ 14 ਫਰਵਰੀ ਤੋਂ 29 ਮਾਰਚ ਤੱਕ ਚੱਲਣ ਵਾਲੇ ਵਿਸ਼ਵ ਕੱਪ ਲਈ ਟੀਮ ਐਲਾਨ ਸਕਦਾ ਹੈ।
ਇਸੇ ਦੌਰਾਨ ਸ਼ੋਏਬ ਨੇ ਕਿਹਾ ਕਿ ਉਹ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ’ਚ ਟੀਮ ਦਾ ਹਿੱਸਾ ਬਣਨਾ ਚਾਹੁੰਦਾ ਹੈ ਪਰ ਜ਼ਰੂਰੀ ਹੈ ਕਿ ਕ੍ਰਿਕਟ ਬੋਰਡ ਤੇ ਕੌਮੀ ਟੀਮ ਵਿੱਚ ਉਸ ਦੀ ਭੂਮਿਕਾ ਸਪਸ਼ਟ ਹੋਵੇ। ਉਹ ਕਾਫ਼ੀ ਸਮੇਂ ਤੋਂ ਪਾਕਿਸਤਾਨ ਟੀਮ ਤੋਂ ਬਾਹਰ ਹੈ। ਉਹ ਆਖਰੀ ਵਾਰ ਜੂਨ 2013 ਵਿੱਚ ਕੌਮੀ ਟੀਮ ਵੱਲੋਂ ਖੇਡਿਆ ਸੀ ਪਰ ਵਿਸ਼ਵ ਕੱਪ ਦੇ 30 ਸੰਭਾਵਿਤ ਖਿਡਾਰੀਆਂ ਵਿੱਚ ਉਸ ਦਾ ਨਾਂ ਹੈ ਤੇ ਉਸ ਨੂੰ ਵਿਸ਼ਵ ਕੱਪ ਖੇਡਣ ਦੀ ਆਸ ਹੈ।

Facebook Comment
Project by : XtremeStudioz