Close
Menu

ਪਾਕਿਸਤਾਨ 1971 ਦੀ ਜੰਗ ਵਿਚ ਬੰਦੀ ਬਣਾਏ ਜਵਾਨਾਂ ਨੂੰ ਵੀ ਤੁਰੰਤ ਰਿਹਾਅ ਕਰੇ-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ

-- 01 March,2019

ਭਾਰਤ-ਪਾਕਿ ਵਿਚ ਪੈਦਾ ਹੋਏ ਤਣਾਅ ਦੇ ਬਾਵਜੂਦ ਕਰਤਾਰਪੁਰ ਕੋਰੀਡੋਰ ਦਾ ਕੰਮ ਜਾਰੀ ਰਹੇਗਾ

ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਰੋਜਾਨਾ 5 ਹਜ਼ਾਰ ਤੋਂ 10 ਹਜ਼ਾਰ ਸ਼ਰਧਾਲੂਆਂ ਦੇ ਜਾਣ ਦਾ ਪ੍ਰਬੰਧ ਕੀਤਾ ਜਾਵੇ-ਕੈਪਟਨ ਅਮਰਿੰਦਰ ਸਿੰਘ

ਡੇਰਾ ਬਾਬਾ ਨਾਨਕ /ਗੁਰਦਾਸਪੁਰ, 1 ਮਾਰਚ (   ) ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਜਿਥੇ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਥਮਨ ਦੀ ਦੇਸ਼ ਵਾਪਸੀ ਦਾ ਸਵਾਗਤ ਕੀਤਾ ਹੈ ਓਥੇ ਉਨਾਂ ਪਾਕਿਸਤਾਨ ਨੂੰ ਕਿਹਾ ਕਿ ਉਹ 1971 ਦੀ ਜੰਗ ਦੌਰਾਨ ਬੰਦੀ ਬਣਾਏ ਭਾਰਤੀ ਜਵਾਨਾਂ ਦੀ ਮੋਜੂਦਗੀ ਨੂੰ ਮੰਨੇ ਅਤੇ ਉਨਾਂ ਨੂੰ ਵੀ ਤੁਰੰਤ ਰਿਹਾਅ ਕੀਤਾ ਜਾਵੇ।

ਭਾਰਤ-ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਮੌਕੇ ਸਰਹੱਦੀ ਲੋਕਾਂ ਅਤੇ ਸਰੁੱਖਿਆਂ ਬਲਾਂ ਦਾ ਹੌਸਲਾ ਵਧਾਉਣ ਲਈ ਅੱਜ ਡੇਰਾ ਬਾਬਾ ਨਾਨਕ ਵਿਖੇ ਪੁਹੰਚੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਜੰਗੀ ਕੈਦੀਆਂ ਦਾ ਇਹ ਮਸਲਾ ਪਾਕਿਸਤਾਨ ਨਾਲ ਉਠਾਉਣਾ ਚਾਹੀਦਾ ਹੈ। 

ਉਨਾਂ ਕਿਹਾ ਕਿ ਭਾਵੇਂ ਕਿ ਪਾਕਿਸਤਾਨ ਦੀਆਂ ਹਰਕਤਾਂ ਕਾਰਨ ਸਰਹੱਦ ਉੱਪਰ ਤਣਾਅ ਵਾਲੀ ਸਥਿਤੀ ਬਣੀ ਹੋਈ ਪਰ ਇਸਦੇ ਬਾਵਜੂਦ ਕਰਤਾਰਪੁਰ ਲਾਂਘੇ ਨੂੰ ਖੋਲਣ ਲਈ ਸਰਕਾਰ ਵਲੋਂ ਯਤਨ ਜਾਰੀ ਰਹਿਣਗੇ। ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਕੋਰੀਡੋਰ ਮੁਕੰਮਲ ਹੋਣ ਉਪਰੰਤ ਰੋਜਾਨਾ 5 ਹਜਾਰ ਤੋਂ 10 ਹਜਾਰ ਸ਼ਰਧਾਲੂਆਂ ਦੇ ਰੋਜਾਨਾ ਦਰਸ਼ਨ ਕਰਨ ਜਾਣ ਦੀ ਵਿਵਸਥਾ ਕੀਤੀ ਜਾਵੇ। ਉਨਾਂ ਆਪਣੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ 1928 ਦੇ ਹੜਾਂ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਜੋ ਨੁਕਸਾਨ ਪੁਜਾ ਸੀ, ਵਾਹਿਗੂਰ ਦੀ ਕਿ੍ਰਪਾ ਸਦਕਾ ਉਨਾਂ ਨੇ ਸੇਵਾ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਮੁੜ ਨਿਰਮਾਣ ਕਰਵਾਇਆ ਸੀ।

ਕਰਤਾਰਪੁਰ ਕੋਰੀਡਰ ਸਬੰਧੀ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਵਿਵਾਦ ਸਬੰਧੀ ਉਨਾਂ ਕਿਹਾ ਕਿ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ। ਉਨਾਂ ਆਸ ਪ੍ਰਗਟ ਕੀਤੀ ਕਿ ਦੋਵਾਂ ਦੇਸ਼ਾਂ ਦਰਮਿਆਨ ਹਲਾਤ ਸੁਖਾਵੇਂ ਹੋਣਗੇ ਅਤੇ ਪੂਰੀ ਦੁਨੀਆਂ ਦੇ ਸਿੱਖ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕਣਗੇ।

ਮੁੱਖ ਮੰਤਰੀ ਪੰਜਾਬ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਵਿਖੇ ਲੋਕਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਸਰਹੱਦੀ ਲੋਕਾਂ ਨੇ ਹਮੇਸ਼ਾ ਹੀ ਔਖੀ ਘੜੀ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਹੈ। ਉਨਾਂ ਕਿਹਾ ਕਿ ਜਦੋਂ ਕਰਤਾਰਪੁਰ ਕੋਰੀਡੇਰ ਮੁਕੰਮਲ ਹੋ ਜਾਵੇਗਾ ਤਾਂ ਉਹ ਖੁਦ ਸਭ ਤੋਂ ਪਹਿਲਾਂ ਸੰਗਤ ਦੇ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ। ਉਨਾਂ ਸਰਹੱਦੀ ਲੋਕਾਂ ਨੂੰ ਕਿਹਾ ਕਿ ਉਹ ਬਿਲਕੁੱਲ ਵੀ ਨਾ ਘਬਰਾਉਣ ਕਿਉਕਿ ਸਰੁੱਖਿਆ ਬਲ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਸਮਰੱਥ ਹਨ । ਉਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਮੌਕੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ । 

ਉਨਾਂ ਕਿਹਾ ਕਿ 1965 ਦੀ ਜੰਗ ਦੌਰਾਨ ਵੀ ਉਹ ਭਾਰਤੀ ਸੈਨਾ ਦੇ ਜਨਰਲ ਹਰਬਖਸ਼ ਸਿੰਘ ਨਾਲ ਡੇਰਾ ਬਾਬਾ ਨਾਨਕ ਵਿਖੇ ਆਏ ਸਨ ਅਤੇ ਜੇਕਰ ਹੁਣ ਦੁਬਾਰਾ ਕੋਈ ਅਜਿਹੀ ਸਥਿਤੀ ਬਣਦੀ ਹੈ ਤਾਂ ਉਹ ਮੁੜ ਡੇਰਾ ਬਾਬਾ ਨਾਨਕ ਵਿਖੇ ਆ ਕੇ ਲੋਕਾਂ ਨਾਲ ਖੜਨਗੇ।

ਉਪਰੰਤ ਉਨਾਂ ਡੇਰਾ ਬਾਬਾ ਨਾਨਕ ਕਸਬੇ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਕੇਂਦਰ ਸਰਕਾਰ ਨਾਲ ਰਾਬਤਾ ਬਣਾਇਆ ਹੋਇਆ ਹੈ ਅਤੇ ਕਿਸੇ ਵੀ ਹਲਾਤ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀ ਪੂਰੀ ਤਿਆਰੀ ਹੈ। ਇਸ ਮੌਕੇ ਲੋਕਾਂ ਵਲੋ ਲਗਾਏ ਗਏ ‘ਭਾਰਤ ਮਾਤਾ ਦੀ ਜੈ ’ ਦੇ ਨਾਅਰਿਆਂ ਸਬੰਧੀ ਉਨਾਂ ਕਿਹਾ ਕਿ ਜਦੋਂ ਉਹ ਫੌਜ ਵਿਚ ਸਨ ਤਾਂ ਉਦੋ ਵੀ ਇਥੇ ਦੇ ਲੋਕਾਂ ਵਿਚ ਦੇਸ਼ ਭਗਤੀ ਦਾ ਇਹੋ ਜਜ਼ਬਾ ਸੀ ਜੋ ਅੱਜ ਵੀ ਬਰਕਰਾਰ ਹੈ।

ਡੇਰਾ ਬਾਬਾ ਨਾਨਕ ਦੇ ਦੌਰੇ ਮੌਕੇ ਮੁੱਖ ਮੰਤਰੀ ਪੰਜਾਬ ਨੇ ਬੀ.ਐਸ.ਐਫ ਦੀ 10 ਬਟਾਲੀਅਨ ਦੇ ਜਵਾਨਾਂ ਨਾਲ ਚਾਹ ਦਾ ਕੱਪ ਪੀਤਾ ਤੇ ਉਨਾਂ ਦੀ ਹੌਸਲਾ ਅਫਜਾਈ ਕੀਤੀ। ਇਸ ਤੋਂ ਇਲਾਵਾ ਉਨਾਂ ਭਾਰਤੀ ਫੌਜ ਦੇ ਕੈਂਪ ਵਿਖੇ ਪੁਹੰਚ ਕੇ ਜਵਾਨਾਂ ਦੀ ਬਹਾਦਰੀ ਨੂੰ ਸਰਾਹਿਆ ਅਤੇ ਪੰਜਾਬ ਦੇ ਲੋਕਾਂ ਵਲੋਂ ਉਨਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸਰਹੱਦੀ ਖੇਤਰ ਵਿਚ ਹਲਾਤ ਦਾ ਜਾਇਜਾ ਲੈਣ ਲਈ ਸਿਵਲ ਅਤੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਡੀ.ਆਈ.ਜੀ ਬਾਰਡਰ ਰੇਂਜ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸੁਰੱਖਿਆ ਦੇ ਪੱਖ ਤੋਂ ਜੋ ਕਦਮ ਚੁੱਕੇ ਗਏ ਹਨ ਉਸ ਸਬੰਧੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਪੰਜਾਬ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਵੇ ਅਤੇ ਸਹੀ ਜਾਣਕਾਰੀ ਲੋਕਾਂ ਤਕ ਪੁਜਦਾ ਕੀਤੀ ਜਾਵੇ।

ਧਿਆਨਪੁਰ ਵਿਖੇ ਹੈਲੀਕਾਪਟਰ ਤੋ ਉਤਰਨ ਮੌਕੇ ਮੁੱਖ ਮੰਤਰੀ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਿਆਨਪੁਰ ਦੇ ਵਿਦਿਆਰਥੀਆਂ ਨਾਲ ਮੁਖਾਤਿਬ ਹੁੰਦਿਆਂ ਉਨਾਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੜਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਪੜ ਲਿਖ ਕੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ।

ਡੇਰਾ ਬਾਬਾ ਨਾਨਕ ਦੇ ਪੁਲਿਸ ਸਟੇਸ਼ਨ ਵਿਖੇ ਪੁਹੰਚ ਕੇ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਅਤੇ ਪੀ.ਏ.ਪੀ ਕਮਾਂਡੋ ਨੂੰ ਕਿਹਾ ਕਿ ਉਹ ਸੁਰੱਖਿਆ ਪੱਖੋ ਪੂਰੀ ਅਹਿਤਿਆਤ ਵਰਤਣ ਅਤੇ ਫੌਜ ਤੋਂ ਬਾਅਦ ਉਹ ਦੂਸਰੀ ਮਜ਼ਬੂਤ ਸੁਰੱਖਿਆ ਲਾਈਨ ਵਜੋਂ ਕੰਮ ਕਰਨ।

ਇਸ ਮੌਕੇ ਮੁੱਖ ਮੰਤਰੀ ਪੰਜਾਬ ਨਾਲ ਸ. ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ, ਸ੍ਰੀ ਰਵੀਨ ਠੁਕਰਾਲ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਦਿਨਕਰ ਗੁਪਤਾ ਡੀ.ਜੀ.ਪੀ ਪੰਜਾਬ ਵੀ ਮੋਜੂਦ ਸਨ।

ਇਸ ਤੋਂ ਇਲਾਵਾ ਹਰਪ੍ਰਤਾਪ ਸਿੰਘ ਅਜਨਾਲਾ ਵਿਧਾਇਕ ਅਜਨਾਲਾ, ਐਸ.ਪੀ.ਐਸ ਪਰਮਾਰ ਆਈ.ਜੀ ਬਾਰਡਰ ਰੇਂਜ ਅੰਮਿ੍ਰਤਸਰ, ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ, ਓਪਿੰਦਰਜੀਤ ਸਿਘ ਘੁੰਮਣ ਐਸ.ਐਸ.ਪੀ ਬਟਾਲਾ, ਰਜੇਸ਼ ਸ਼ਰਮਾ ਡੀ.ਆਈ.ਜੀ  ਬੀ.ਐਸ.ਐਫ ਗੁਰਦਾਸਪੁਰ ਸੈਕਟਰ, ਵਰਿੰਦਰ ਵਾਜਪਾਈ ਕਮਾਂਡੈਂਟ 10 ਬਟਾਲੀਅਨ ਬੀ.ਐਸ.ਐਫ ਵੀ ਮੋਜੂਦ ਸਨ।

Facebook Comment
Project by : XtremeStudioz