Close
Menu

ਪਾਕਿ ਜੇਲ੍ਹ ’ਚ ਬੰਦ ਪੁੱਤ ਨੂੰ ਉਡੀਕ ਰਹੀਆਂ ਬਿਰਧ ਅੱਖਾਂ

-- 08 December,2014

ਅਜਨਾਲਾ, ਭਾਰਤ-ਪਾਕਿ ਸਰਹੱਦ ਨੂੰ ਚੀਰਦੇ ਰਾਵੀ ਦਰਿਆ ਦੇ ਐਨ ਪੈਰਾਂ ਵਿੱਚ ਵਸੇ 140 ਦੇ ਕਰੀਬ ਘਰਾਂ ਦੇ ਛੋਟੇ ਜਿਹੇ ਪਿੰਡ ਬੇਦੀ ਛੰਨਾ ਦਾ ਨਾਨਕ ਸਿੰਘ ਪਿਛਲੇ 29 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ਕੋਟ ਲਖਪਤ ਅੰਦਰ ਜ਼ਿੰਦਗੀ ਦੇ ਦਿਨ ਕੱਟ ਰਿਹਾ ਹੈ। ਬਜ਼ੁਰਗ ਪਿਤਾ ਰਤਨ ਸਿੰਘ ਤੇ ਮਾਤਾ ਪਿਆਰੀ ਦੀਆਂ ਪੱਥਰ ਹੋਈਆਂ ਅੱਖਾਂ ਆਪਣੇ ਲਾਡਲੇ ਦੀ ਭਾਲ ਕਰਦੀਆਂ ਫਿਰ ਰਹੀਆਂ ਹਨ। ਉਨ੍ਹਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅੱਗੇ ਗੁਹਾਰ ਲਾਈ ਹੈ ਕਿ ਨਾਨਕ ਦੀ ਵਤਨ ਵਾਪਸੀ ਲਈ ਜਤਨ ਕੀਤੇ ਜਾਣ।

ਨਾਨਕ ਦੀ ਕਹਾਣੀ ਦਰਦਨਾਕ ਹੈ। 1985 ਵਿੱਚ ਬੇਲਾ ਆਬਾਦ ਕਰਕੇ ਰੋਟੀ ਦਾ ਜੁਗਾੜ ਕਰਨ ਵਾਲੇ ਰਾਏ ਸਿੱਖ ਬਰਾਦਰੀ ਨਾਲ ਸਬੰਧਤ ਰਤਨ ਸਿੰਘ ਅਤੇ ਉਸ ਦੀ ਪਤਨੀ ਪਿਆਰੀ ਦਾ ਵੱਡਾ ਪੁੱਤਰ ਨਾਨਕ ਸਿੰਘ 7 ਵਰ੍ਹਿਆਂ ਦੀ ਉਮਰ ਵਿੱਚ ਗ਼ਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ। ਮਾਸੂਮ ਨਾਨਕ ਨੂੰ ਕੀ ਪਤਾ ਸੀ ਕਿ ਉਸ ਨੂੰ ਇਸ ਗ਼ਲਤੀ ਦਾ ਖ਼ਮਿਆਜ਼ਾ ਕਿੰਨਾ ਵੱਡਾ ਭੁਗਤਣਾ ਪੈ ਸਕਦਾ ਹੈ। ਪਿੰਡ ਕੋਟ ਬੇਦੀ ਛੰਨਾ ਵਿਖੇ ਨਾਨਕ ਦੇ ਮਾਪਿਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਅਫ਼ਸਰਸ਼ਾਹੀ ਵੱਲੋਂ ਕੀਤੀ ਅਣਗਹਿਲੀ ਤੇ ਸਥਾਨਕ ਸਿਆਸਤਦਾਨਾਂ ਵੱਲੋਂ ਇਸ ਗੁਰਬਤ ਤੇ ਅਨਪੜ੍ਹਤਾ ਦੇ ਮਾਰੇ ਮਾਪਿਆਂ ਦੇ ਦਰਦ ਨੂੰ ਨਜ਼ਰਅੰਦਾਜ਼ ਕਰਨ ਨੇ ਰੌਂਗਟੇ ਖੜ੍ਹੇ ਕਰ ਦਿੱਤੇ।
ਰਤਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸਰਹੱਦ ’ਤੇ ਤਾਰ  ਨਹੀਂ ਲੱਗੀ ਸੀ ਅਤੇ ਉਹ ਦਰਿਆ ਤੋਂ ਪਾਰ ਬੇਲੇ ਨੂੰ ਆਬਾਦ ਕਰਕੇ ਪਰਿਵਾਰ ਲਈ ਰੋਟੀ ਦਾ ਜੁਗਾੜ ਕਰ ਰਿਹਾ ਸੀ। ਉਸ ਮੰਦਭਾਗੇ ਦਿਨ ਉਹ ਆਪਣੇ ਪੁੱਤਰ ਨੂੰ ਬਲਦਾਂ ਕੋਲ ਖੜ੍ਹਾ ਕਰਕੇ ਨੇੜਲੇ ਕਿਸਾਨ ਬਾਵਾ ਸਿੰਘ ਕੋਲ ਸੁਹਾਗਾ ਲੈਣ ਲਈ ਚਲਾ ਗਿਆ ਸੀ। ਜਦੋਂ ਪਰਤਿਆ ਤਾਂ ਨਾਨਕ ਕਿਧਰੇ ਨਜ਼ਰ ਨਹੀਂ ਆਇਆ। ਦਰਿਆ ਨੇੜਲੇ ਖੇਤਾਂ ’ਚ ਸੰਘਣਾ ਜੰਗਲ ਸੀ ਤੇ ਨਾਨਕ ਨੂੰ ਲੱਭਣ ਲਈ ਉਸ ਨੇ ਦਰਿਆ ਅਤੇ ਜੰਗਲ ਦਾ ਚੱਪਾ ਚੱਪਾ ਛਾਣ ਮਾਰਿਆ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ। ਅਗਲੇ ਦਿਨ ਉਸ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਬੀ.ਐਸ.ਐਫ ਦੇ ਉਚ ਅਧਿਕਾਰੀਆਂ ਕੋਲ ਫਰਿਆਦ ਕੀਤੀ ਤਾਂ ਉਨ੍ਹਾਂ ਪਾਕਿਸਤਾਨ ਦੇ ਰੇਂਜਰਾਂ ਨਾਲ ਸੰਪਰਕ ਕੀਤਾ। ਪਾਕਿਸਤਾਨੀ ਰੇਂਜਰਾਂ ਨੇ ਕਿਹਾ,‘‘ਸਾਡੀਆਂ ਕੁਝ ਮੱਝਾਂ ਚਰਦੀਆਂ ਹੋਈਆਂ ਤੁਹਾਡੇ ਪਿੰਡ ਚਲੀਆਂ ਗਈਆਂ ਹਨ, ਤੁਸੀਂ ਸਾਨੂੰ ਮੱਝਾਂ ਵਾਪਸ ਕਰ ਦਿਉ ਤੇ ਆਪਣਾ ਪੁੱਤਰ ਵਾਪਸ ਲੈ ਜਾਓ।’’ ਉਸ ਮੁਤਾਬਕ ਪਾਕਿਸਤਾਨੀ ਰੇਂਜਰਾਂ ਨੇ ਇਹ ਇੱਕ ਬਹਾਨਾ ਬਣਾਇਆ ਸੀ ਪਰ ਉਸ ਦਿਨ ਤੋਂ ਗੁਆਚਿਆ ਜਿਗਰ ਦਾ ਲਾਲ ਮੁੜ ਵਾਪਸ ਨਾ ਆਇਆ।
ਨਾਨਕ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਸ ਦੇ ਘਰ ਪਰਤਣ ਦੀ ਆਸ ਬੱਝੀ ਸੀ ਜਦੋਂ ਕੁਝ ਸਰਕਾਰੀ ਅਧਿਕਾਰੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਭਾਰਤੀਆਂ ਦੀ 145 ਬੰਦਿਆਂ ਦੀ ਸੂਚੀ ਲੈ ਕੇ ਉਨ੍ਹਾਂ ਦੇ ਘਰ ਪੁੱਜੇ ਸਨ। ਸੂਚੀ ਵਿੱਚ ਨਾਨਕ ਦਾ ਨਾਂ 71ਵੇਂ ਨੰਬਰ ’ਤੇ ਸੀ। ਘਰ ਦਾ ਪਤਾ ਬਿਲਕੁਲ ਠੀਕ ਲਿਖਿਆ ਸੀ। ਪਰ ਨਾਨਕ ਦਾ ਨਾਂ ਕਾਣਕ ਲਿਖਿਆ ਹੋਇਆ ਸੀ, ਨ ਤੇ ਕ ਦੇ ਸ਼ਬਦ ਜੋੜ ਦੀ ਗ਼ਲਤੀ ਕਾਰਨ ਆਏ ਅਧਿਕਾਰੀ ਪੱਲਾ ਝਾੜ ਕੇ ਚਲਦੇ ਬਣੇ ਤੇ ਨਾਨਕ ਦੀ ਘਰ ਵਾਪਸੀ ਦੀ ਉਮੀਦ ’ਤੇ ਪਾਣੀ ਫਿਰ ਗਿਆ। ਸੂਚੀ ਦੀ ਕਾਪੀ ਅੱਜ ਵੀ ਬੁੱਢੇ ਮਾਪਿਆਂ ਕੋਲ ਹੈ। ਪਿੰਡ ਵਾਸੀਆਂ ਨੂੰ ਨਾਲ ਲੈ ਕੇ ਕਈ ਵਾਰ ਸਮੇਂ ਦੀਆਂ ਸਰਕਾਰਾਂ ਅੱਗੇ ਤਰਲੇ ਮਿੰਨਤਾਂ ਕਰ ਚੁੱਕੇ ਨਾਨਕ ਦੇ ਪਰਿਵਾਰ ਦੀ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰਾਲੇ ਦੇ ਉਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਹੈ ਕਿ ਪਾਕਿਸਤਾਨ ਸਰਕਾਰ ’ਤੇ ਦਬਾਅ ਬਣਾ ਕੇ ਨਾਨਕ ਦੀ ਘਰ ਵਾਪਸੀ ਕਰਵਾਈ ਜਾਵੇ।

Facebook Comment
Project by : XtremeStudioz