Close
Menu

ਪਾਕਿ ਜੇਲ੍ਹ ਤੋਂ ਰਿਹਾਅ ਹਾਮਿਦ ਅੰਸਾਰੀ ਵਤਨ ਪਰਤਿਆ

-- 19 December,2018

ਅਟਾਰੀ, 19 ਦਸੰਬਰ
ਪਾਕਿਸਤਾਨ ਸਥਿਤ ਪਿਸ਼ਾਵਰ ਜੇਲ੍ਹ ਤੋਂ ਰਿਹਾਅ ਹੋਇਆ ਭਾਰਤੀ ਨਾਗਰਿਕ ਹਾਮਿਦ ਨਾਹਿਲ ਅੰਸਾਰੀ (33) ਛੇ ਸਾਲਾਂ ਦੀ ਕੈਦ ਉਪਰੰਤ ਅੱਜ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤਿਆ। ਉਸ ਦੇ ਵਤਨ ਪਰਤਣ ਉੱਤੇ ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ ਦੇ ਜਤਿਨ ਦੇਸਾਈ ਅਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ। ਵਾਹਗਾ-ਅਟਾਰੀ ਸਰਹੱਦ ਵਿਖੇ ਪਾਕਿਸਤਾਨ ਰੇਂਜਰਜ਼ ਡਿਪਟੀ ਸੁਪਰਡੈਂਟ ਫੈਸਲ ਵੱਲੋਂ ਹਾਮਿਦ ਨਾਹਿਲ ਅੰਸਾਰੀ ਨੂੰ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਅਨਿਲ ਚੌਹਾਨ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਹਾਮਿਦ ਅੰਸਾਰੀ ਦੀ ਮਾਂ ਫੌਜੀਆ ਅੰਸਾਰੀ ਨੇ ਆਪਣੇ ਪੁੱਤਰ ਦੇ ਰਿਹਾਅ ਹੋ ਕੇ ਵਤਨ ਪਰਤਣ ਉੱਤੇ ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਮੇਸ਼ ਯਾਦਵ ਨੇ ਕਿਹਾ ਕਿ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਦੋਵੇਂ ਪਾਸੇ ਵਿਸ਼ੇਸ਼ ਜੱਜ ਬਿਠਾ ਕੇ ਬੇਕਸੂਰ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਗੌਰਤਲਬ ਹੈ ਕਿ ਹਾਮਿਦ ਨਾਹਿਲ ਅੰਸਾਰੀ ਪਾਕਿਸਤਾਨ ਵਿੱਚ ਆਨਲਾਈਨ ਦੋਸਤ ਬਣੀ ਇੱਕ ਕੁੜੀ ਨੂੰ ਮਿਲਣ ਲਈ ਅਫਗਾਨਿਸਤਾਨ ਰਸਤੇ 2012 ਵਿੱਚ ਪਾਕਿਸਤਾਨ ਵਿੱਚ ਦਾਖਲ ਹੋਇਆ ਸੀ। ਪਾਕਿਸਤਾਨੀ ਫ਼ਰਜ਼ੀ ਪਛਾਣ ਪੱਤਰ ਰੱਖਣ ਦੇ ਦੋਸ਼ ਤਹਿਤ ਫ਼ੌਜੀ ਅਦਾਲਤ ਵੱਲੋਂ ਉਸ ਨੂੰ ਨੂੰ 15 ਦਸੰਬਰ 2015 ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ, ਜੋ 15 ਦਸੰਬਰ 2018 ਨੂੰ ਪੂਰੀ ਹੋ ਗਈ ਸੀ।

Facebook Comment
Project by : XtremeStudioz