Close
Menu

ਪਾਕਿ ਨੂੰ ਦੂਜੀ ਵਾਰ ਹਰਾ ਕੇ ਭਾਰਤ ਫਾਈਨਲ ’ਚ

-- 24 September,2018

ਦੁਬਈ, ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ (ਨਾਬਾਦ111) ਅਤੇ ਸ਼ਿਖਰ ਧਵਨ (114)ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਅੱਜ ਏਸ਼ੀਆ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿੱਚ ਪਾਕਿਸਤਾਨ ਨੂੰ ਇਕਤਰਫ਼ਾ ਮੈਚ ’ਚ 9 ਵਿਕਟਾਂ ਨਾਲ ਵੱਡੀ ਸ਼ਿਕਸਤ ਦਿੱਤੀ। ਲੀਗ ਮੁਕਾਬਲੇ ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਇਸ ਜਿੱਤ ਨਾਲ ਭਾਰਤ ਏਸ਼ੀਆ ਕੱਪ ਦੇ ਫਾਈਨਲ ਵਿੱਚ ਪੁੱਜ ਗਿਆ ਹੈ। ਪਾਕਿਸਤਾਨ ਨੇ ਪਹਿਲਾਂ ਟਾਸ ਜਿੱਤ ਕੇ ਭਾਰਤ ਨੂੰ ਜਿੱਤ ਲਈ 238 ਦੌੜਾਂ ਦਾ ਟੀਚਾ ਦਿੱਤਾ ਸੀ। ਮੈਚ ਦੌਰਾਨ ਸਭ ਤੋਂ ਪਹਿਲਾਂ ਸ਼ਿਖਰ ਧਵਨ ਨੇ ਸੈਂਕੜਾ ਜੜਿਆ। ਇਸ ਮਗਰੋਂ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਲੈਅ ਨੂੰ ਬਰਕਰਾਰ ਰੱਖਦਿਆਂ ਸੈਂਕੜਾ ਪੂਰਾ ਕੀਤਾ। ਸ਼ਿਖਰ ਧਵਨ 114 ਦੌੜਾਂ ’ਤੇ ਰਨ ਆਊਟ ਹੋਇਆ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਅੱਗੇ 238 ਦੌੜਾਂ ਦਾ ਟੀਚਾ ਰੱਖਿਆ। ਪੂਰੇ 50 ਓਵਰਾਂ ਵਿੱਚ 237 ਦੌੜਾਂ ਬਣਾਉਣ ਵਿੱਚ ਸ਼ੋਏਬ ਮਲਿਕ (78 ਦੌੜਾਂ) ਦੇ ਸ਼ਾਨਦਾਰ ਨੀਮ ਸੈਂਕੜੇ ਅਤੇ ਕਪਤਾਨ ਸਰਫ਼ਰਾਜ਼ ਅਹਿਮਦ (44 ਦੌੜਾਂ) ਦੀ ਚੌਥੀ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਨੇ ਅਹਿਮ ਭੂਮਿਕਾ ਨਿਭਾਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ 16ਵੇਂ ਓਵਰ ਤਕ ਆਪਣੀਆਂ ਤਿੰਨ ਵਿਕਟਾਂ ਸਿਰਫ਼ 58 ਦੌੜਾਂ ’ਤੇ ਗੁਆ ਲਈਆਂ ਸਨ, ਪਰ ਸਰਫ਼ਰਾਜ਼ ਅਤੇ ਸਾਬਕਾ ਕਪਤਾਨ ਮਲਿਕ ਨੇ ਪਾਕਿਸਤਾਨ ਨੂੰ ਸੰਭਾਲਿਆ। ਮਲਿਕ ਨੇ ਇਸ ਟੂਰਨਾਮੈਂਟ ਵਿੱਚ ਲਗਾਤਾਰ ਦੂਜਾ ਨੀਮ ਸੈਂਕੜਾ ਮਾਰਿਆ। ਸਲਾਮੀ ਬੱਲੇਬਾਜ਼ ਫਖ਼ਰ ਜ਼ਮਾਨ ਨੇ 44 ਗੇਂਦਾਂ ’ਤੇ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 31 ਅਤੇ ਆਸਿਫ਼ ਅਲੀ ਨੇ 21 ਗੇਂਦਾਂ ’ਤੇ ਇੱਕ ਚੌਕੇ ਅਤੇ ਦੋ ਛੱਕਿਆਂ ਦੇ ਸਹਾਰੇ 30 ਦੌੜਾਂ ਦਾ ਯੋਗਦਾਨ ਪਾਇਆ। ਇਮਾਮ-ਉਲ-ਹੱਕ (ਦਸ) ਨੂੰ ਲੈਗ ਸਪਿੰਨਰ ਯੁਜ਼ਵੇਂਦਰ ਚਾਹਲ ਨੇ ਐਲਬੀਡਬਲਯੂ ਆਊਟ ਕੀਤਾ, ਜਦਕਿ ਜ਼ਮਾਨ ਨੂੰ ਕੁਲਦੀਪ ਯਾਦਵ ਨੇ ਬਾਹਰ ਦਾ ਰਸਤਾ ਵਿਖਾਇਆ। ਬਾਬਰ ਆਜ਼ਮ (ਨੌਂ) ਨੂੰ ਰਵਿੰਦਜ ਜਡੇਜਾ ਨੇ ਆਪਣੇ ਸਿੱਧੇ ਥਰੋਅ ਰਾਹੀਂ ਰਨ ਆਊਟ ਕੀਤਾ। ਸਰਫ਼ਰਾਜ਼ ਅਤੇ ਮਲਿਕ ਦੀ ਸਾਂਝੇਦਾਰੀ ਕੁਲਦੀਪ ਨੇ ਤੋੜੀ। ਕੁਲਦੀਪ ਨੇ ਸਰਫ਼ਰਾਜ਼ ਨੂੰ ਕਪਤਾਨ ਰੋਹਿਤ ਸ਼ਰਮਾ ਹੱਥੋਂ ਕੈਚ ਕਰਵਾਇਆ।
ਜਸਪ੍ਰੀਤ ਬੁਮਰਾਹ ਦੀ ਗੇਂਦ ’ਤੇ ਸ਼ੋਏਬ ਮਲਿਕ ਵਿਕਟਾਂ ਪਿੱਛੇ ਮਹਿੰਦਰ ਸਿੰਘ ਨੂੰ ਕੈਚ ਦੇ ਬੈਠਾ। ਆਸਿਫ਼ ਅਲੀ ਨੂੰ ਚਾਹਲ ਨੇ ਅਤੇ ਸ਼ਾਬਾਦ ਖ਼ਾਨ ਨੂੰ ਬੁਮਰਾਹ ਨੇ ਆਊਟ ਕੀਤਾ। ਮੁਹੰਮਦ ਨਵਾਜ਼ 15 ਦੌੜਾਂ ਬਣਾ ਕੇ ਨਾਬਾਦ ਰਿਹਾ। ਬੁਮਰਾਹ (29 ਦੌੜਾਂ ਦੇ ਕੇ), ਚਾਹਲ (46 ਦੌੜਾਂ ਦੇ ਕੇ) ਅਤੇ ਕੁਲਦੀਪ ਨੇ (41 ਦੌੜਾਂ ਦੇ ਕੇ) ਦੋ-ਦੋ ਵਿਕਟਾਂ ਲਈਆਂ। ਪਿਛਲੇ ਮੈਚ ਵਿੱਚ ਚਾਰ ਵਿਕਟਾਂ ਲੈਣ ਵਾਲਾ ਫ਼ਿਰਕੀ ਗੇਂਦਬਾਜ਼ ਜਡੇਜਾ ਇਸ ਵਾਰ 50 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕਿਆ।

Facebook Comment
Project by : XtremeStudioz