Close
Menu

ਪਾਕਿ ਫ਼ੌਜ ਵੱਲੋਂ ਕੁਪਵਾੜਾ ਜ਼ਿਲ੍ਹੇ ਦੇ ਪਿੰਡ ‘ਤੇ ਕਬਜ਼ਾ

-- 03 October,2013

ਕੁਪਵਾੜਾ,3 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਪਾਕਿ ਫ਼ੌਜ ਵੱਲੋਂ ਕੰਟਰੋਲ ਰੇਖਾ ਨੇੜੇ ਕੁਪਵਾੜਾ ਜ਼ਿਲ੍ਹੇ ਦੇ ਪਿੰਡ ‘ਸਾਲਨ ਬਾਟਾ’ ‘ਤੇ ਕਬਜ਼ਾ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ ਤੇ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ ਜਾਰੀ ਹੈ ਪਰ ਦੂਜੇ ਪਾਸੇ ਭਾਰਤੀ ਫ਼ੌਜੀ ਨੇ ਇਸ ਦਾ ਖੰਡਨ ਕਰਦਿਆਂ ਇਨ੍ਹਾਂ ਖ਼ਬਰਾਂ ਨੂੰ ‘ਪੂਰੀ ਤਰ੍ਹਾਂ ਗਲਤ’ ਕਰਾਰ ਦਿੱਤਾ ਹੈ। ਇਸ ਸਬੰਧ ਵਿਚ ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ਵਿਚ 5 ਜਵਾਨ ਜ਼ਖ਼ਮੀ ਹੋਏ ਹਨ। ਮਿਲੇ ਵੇਰਵਿਆਂ ਅਨੁਸਾਰ ਪਾਕਿਸਤਾਨੀ ਫ਼ੌਜ ਦੇ ਜਵਾਨ 23 ਸਤੰਬਰ ਤੋਂ ਇਥੇ ਕਬਜ਼ਾ ਜਮਾਈ ਬੈਠੇ ਹਨ ਤੇ ਹੁਣ ਭਾਰਤੀ ਫੌਜ ਨੇ ਵੀ ਮੋਰਚਾ ਸੰਭਾਲ ਲਿਆ ਹੈ ਤੇ ਦੋਵਾਂ ਪਾਸਿਆਂ ਤੋਂ ਗੋਲਾਬਾਰੀ ਚੱਲ ਰਹੀ ਹੈ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਪਣੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨੂੰ ਮਿਲੇ ਤੇ ਅਮਨ ਦਾ ਭਰੋਸਾ ਲੈ ਕੇ ਪਰਤੇ। ਸੂਤਰਾਂ ਨੇ ਦੱਸਿਆ ਕਿ ਅਸਲ ਵਿਚ 23 ਸਤੰਬਰ ਨੂੰ ਹੀ ਪਾਕਿਸਤਾਨੀ ਫੌਜ ਨੇ ਕੇਰਨ ਸੈਕਟਰ ਵਿਚ ਕੁਝ ਭਾਰਤੀ ਚੌਕੀਆਂ ‘ਤੇ ਕਬਜ਼ਾ ਕਰ ਲਿਆ ਸੀ ਪਰ ਭਾਰਤੀ ਫ਼ੌਜ ਨੇ ਇਸ ਨੂੰ ਘੁਸਪੈਠ ਦੀ ਘਟਨਾ ਬਣਾ ਕੇ ਪੇਸ਼ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ ਘੁਸਪੈਠ ਕਰਨ ਵਾਲੇ 10-15 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਹੁਣ ਜਦੋਂ ਸਾਹਮਣੇ ਆਇਆ ਹੈ ਕਿ 23 ਸਤੰਬਰ ਦੀ ਨਾਪਾਕ ਹਰਕਤ ਵਿਚ ਅੱਤਵਾਦੀ ਨਹੀਂ ਬਲਕਿ ਪਾਕਿ ਸੈਨਿਕ ਸ਼ਾਮਿਲ ਸਨ ਤਾਂ ਭਾਰਤੀ ਫ਼ੌਜ ਦੇ ਉਸ ਕਥਿਤ ਆਪਰੇਸ਼ਨ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਖੁਫ਼ੀਆ ਸੂਤਰਾਂ ਮੁਤਾਬਿਕ 23 ਸਤੰਬਰ ਨੂੰ ਪਾਕਿ ਫ਼ੌਜੀਆਂ ਨੇ ਕੰਟਰੇਲ ਰੇਖਾ ਨੇੜੇ ਲਾਸਦੱਤ ਦੇ ਜੰਗਲਾਂ ਵਿਚ ਭਾਰਤ ਦੀਆਂ ਤਿੰਨ ਚੌਕੀਆਂ ‘ਤੇ ਕਬਜ਼ਾ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਭਾਰਤੀ ਸੈਨਿਕਾਂ ਨਾਲ ‘ਛੋਟੇ ਪੱਧਰ ਦਾ ਯੁੱਧ’ ਵੀ ਹੋਇਆ। ਸਵਾਲ ਇਹ ਹੈ ਕਿ ਭਾਰਤੀ ਫ਼ੌਜ ਨੇ ਇਸ ਨੂੰ ਘੁਸਪੈਠ ਦੀ ਘਟਨਾ ਦੱਸ ਕੇ ਕਿਉਂ ਪੇਸ਼ ਕੀਤਾ ਅਤੇ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕਿਉਂ ਕੀਤਾ ਜਦਕਿ ਘਟਨਾ ਵਾਲੀ ਥਾਂ ਤੋਂ ਇਕ ਵੀ ਲਾਸ਼ ਨਹੀਂ ਮਿਲੀ।

Facebook Comment
Project by : XtremeStudioz