Close
Menu

ਪਾਕਿ ਵਿੱਚ ਅਲ-ਕਾਇਦਾ ਦੇ ਇੰਜਨੀਅਰ ਬਣਾ ਰਹੇ ਨੇ ਡਰੋਨਾਂ ਦਾ ਬਦਲ

-- 05 September,2013

ਵਾਸ਼ਿੰਗਟਨ,5 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇਕ ਰਿਪੋਰਟ ਮੁਤਾਬਕ ਪਾਕਿਸਤਾਨ ਵਿਚਲੇ ਅਲਕਾਇਦਾ ਇੰਜੀਨੀਅਰ ਅਮਰੀਕੀ ਡਰੋਨਾਂ ਦੇ ਟਾਕਰੇ ਲਈ ਲੇਜ਼ਰ ਚੇਤਾਵਨੀ ਪ੍ਰਣਾਲੀ ਤੇ ਸ਼ੋਲਡਰ ਫਾਇਰਡ ਮਿਸਾਈਲਾਂ ਬਣਾਉਣ ਸਮੇਤ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ।
ਵਾਸ਼ਿੰਗਟਨ ਪੋਸਟ ਨੇ ਅੱਜ ਸੀਆਈਏ ਦੇ ਸਾਬਕਾ ਕੰਟਰੈਕਟਰ ਐਡਵਰਡ ਸਨੋਡਨ ਤੋਂ ਮਿਲੇ ਗੁਪਤ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਲਕਾਇਦਾ ਲੀਡਰਸ਼ਿਪ ਅੱਜ ਵੀ ਪਾਕਿਸਤਾਨ ਵਿਚ ਸਰਗਰਮ ਹੈ ਤੇ ਇਹ ਅਮਰੀਕਾ ਦੇ ਡਰੋਨ ਹਮਲਿਆਂ ਦੇ ਟਾਕਰੇ ਲਈ ਜੁਆਬੀ ਸਿਸਟਮ ਤਿਆਰ ਕਰਨ ਲਈ ਗੰਭੀਰ ਉਪਰਾਲੇ ਕਰ ਰਹੀ ਹੈ। ਪੋਸਟ ਅਨੁਸਾਰ ਇਨ੍ਹਾਂ ਗੁਪਤ ਦਸਤਾਵੇਜ਼ਾਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਅਮਰੀਕਾ ਦੀਆਂ ਏਜੰਸੀਆਂ ਅਲਕਾਇਦਾ ਦੇ ਇਰਾਦਿਆਂ ਤੋਂ ਕਾਫੀ ਬੇਚੈਨ ਹਨ ਜਦਕਿ ਅਲਕਾਇਦਾ ਆਗੂ ਡਰੋਨਾਂ ਨੂੰ ਅਸਰਹੀਣ ਕਰਨ ਲਈ ਹਰ ਤਰ੍ਹਾਂ ਦੀ ਵਾਹ ਲਾ ਰਹੇ ਹਨ। 2011 ਦੀ ਇਕ ਗੁਪਤ ਰਿਪੋਰਟ ਦੀ ਹੈਡਲਾਈਨ ’ਚ ਡਰੋਨ ਹਮਲਿਆਂ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਅਲਕਾਇਦਾ ਇੰਜਨੀਅਰ ਅਮਰੀਕੀ ਡਰੋਨ ਹਮਲੇ ਪਛਾੜਨ ਲਈ ਲੇਜ਼ਰ ਵਾਰਨਿੰਗ ਸਿਸਟਮ ਵਿਕਸਤ ਕਰਨ ਵਿਚ ਲੱਗੇ ਹੋਏ ਹਨ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਪਾਸੇ ਤਾਂ ਇਹ ਖ਼ਤਰਾ ਹੈ ਕਿ ਅਲਕਾਇਦਾ ਇਨ੍ਹਾਂ ਡਰੋਨਾਂ ਦਾ ਤੋੜ ਲੱਭ ਸਕਦਾ ਹੈ, ਦੂਜੇ ਪਾਸੇ ਅਮਰੀਕੀ ਏਜੰਸੀਆਂ ਇਸ ਗੱਲੋਂ ਫਿਕਰਮੰਦ ਹਨ ਕਿ ਉਨ੍ਹਾਂ ਦੀ ਡਰੋਨ ਮੁਹਿੰਮ ਦਾ ਲੋਕਾਂ ਵੱਲੋਂ ਲਗਾਤਾਰ ਵਿਰੋਧ ਹੋ ਰਿਹਾ ਹੈ।
ਪੋਸਟ ’ਚ ਕਿਹਾ ਗਿਆ ਹੈ ਕਿ ਜਨਵਰੀ 2011 ’ਚ ਅਮਰੀਕੀ ਖੁਫ਼ੀਆ ਏਜੰਸੀਆਂ ਨੇ ਉੱਤਰੀ ਵਜ਼ੀਰਿਸਤਾਨ (ਪਾਕਿਸਤਾਨ) ਦੇ ਮੀਰਾਂਸ਼ਾਹ ਖੇਤਰ ਨੇੜਿਓਂ ਅਸਾਧਾਰਣ ਇਲੈਕਟ੍ਰਾਨਿਕ ਸਿਗਨਲ ਉੱਠਦੇ ਪਤਾ ਲਾਏ ਸਨ। ਡਿਫੈਂਸ ਇੰਟੈਲੀਜੈਂਸ ਏਜੰਸੀ (ਡੀਆਈਏ) ਨੇ ਦੱਸਿਆ ਕਿ ਇਹ ਸਿਗਨਲ ਅਤਿਵਾਦੀਆਂ ਦੀ ਨਵੀਂ ਜੀਪੀਐਸ ਜੈਮਿੰਗ ਸਮਰੱਥਾ ਦਾ ਪਹਿਲਾ ਨਜ਼ਰ ਆ ਰਿਹਾ ਟੈਸਟ ਹੈ।’’ ਰਿਪੋਰਟ ਅਨੁਸਾਰ ਹਾਲ ਦੀ ਘੜੀ ਅਲਕਾਇਦਾ ਵੱਲੋਂ ਗਲਤ ਢੰਗ ਨਾਲ ਹੀ ਤਜਰਬੇ ਕੀਤੇ ਜਾ ਰਹੇ ਹਨ ਪਰ ਇਸ ਨਾਲ ਉਨ੍ਹਾਂ ਦੇ ਇਰਾਦੇ ਡੋਲੇ ਨਹੀਂ ਹਨ।
ਕਰਾਚੀ ’ਚ ਡਰੋਨਾਂ ਨੂੰ ਮੋਢੇ ਤੋਂ ਦਾਗੀ ਜਾ ਸਕਦੀ ਮਿਸਾਈਲ ਨਾਲ ਡੇਗਣ ਦੇ ਯਤਨ ਕੀਤੇ ਗਏ ਸਨ।
ਡੀਆਈਏ ਦਾ ਕਹਿਣਾ ਹੈ ਕਿ ਇਕ ਵਾਰ ਅਲਕਾਇਦਾ ਦੇ ਇੰਜੀਨੀਅਰ ਸਫਲ ਹੋ ਗਏ ਤਾਂ ਅਮਰੀਕਾ ਦੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਡਰੋਨ ਅਪਰੇਸ਼ਨ ਠੱਪ ਹੋ ਜਾਣਗੇ।

Facebook Comment
Project by : XtremeStudioz