Close
Menu

ਪਾਕਿ ਵੱਲੋਂ ਓਆਈਸੀ ’ਚ ਕਸ਼ਮੀਰ ਮੁੱਦਾ ਉਠਾਉਣਾ ਗ਼ੈਰਵਾਜਬ: ਭਾਰਤ

-- 28 September,2018

ਨਿਊ ਯਾਰਕ, ਪਾਕਿਸਤਾਨ ਵੱਲੋਂ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਦੀ ਬੈਠਕ ’ਚ ਕਸ਼ਮੀਰ ਦਾ ਮੁੱਦਾ ਉਠਾਏ ਜਾਣ ’ਤੇ ਭਾਰਤ ਨੇ ਇਤਰਾਜ਼ ਜਤਾਇਆ ਹੈ। ਜਥੇਬੰਦੀ ਅਤੇ ਇਸ ਦੇ ਮੈਂਬਰ ਮੁਲਕਾਂ ਵੱਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਵਿਚਾਰ ਵਟਾਂਦਰਾ ਕਰਨ ਨੂੰ ਭਾਰਤ ਨੇ ਗ਼ੈਰਵਾਜਬ ਕਰਾਰ ਦਿੱਤਾ ਹੈ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਇਜਲਾਸ ਤੋਂ ਵੱਖ ਓਆਈਸੀ ਸੰਪਰਕ ਗਰੁੱਪ ਦੀ ਬੁੱਧਵਾਰ ਨੂੰ ਹੋਈ ਬੈਠਕ ਦੌਰਾਨ ਕਸ਼ਮੀਰ ਦਾ ਮੁੱਦਾ ਉਠਾਇਆ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਅਸੀਂ ਹਮੇਸ਼ਾ ਅਫ਼ਸੋਸ ਨਾਲ ਆਖਦੇ ਹਾਂ ਕਿ ਜਿਹੜਾ ਭਾਰਤ ਦਾ ਅੰਦਰੂਨੀ ਮਾਮਲਾ ਹੈ, ਉਸ ਨੂੰ ਮੁੜ ਤੋਂ ਓਆਈਸੀ ’ਚ ਵਿਚਾਰਿਆ ਗਿਆ।’’ ਉਨ੍ਹਾਂ ਕਿਹਾ ਕਿ ਭਾਰਤ ਅੰਦਰੂਨੀ ਮਾਮਲਿਆਂ ਦੇ ਜ਼ਿਕਰ ਨੂੰ ਸਿਰੇ ਤੋਂ ਖਾਰਜ ਕਰਦਾ ਹੈ। ‘ਅਸੀਂ ਪਹਿਲਾਂ ਵੀ ਆਖਦੇ ਰਹੇ ਹਾਂ ਕਿ ਓਆਈਸੀ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ।’ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਬਾਰੇ ਪੁੱਛਣ ’ਤੇ ਰਵੀਸ਼ ਕੁਮਾਰ ਨੇ ਕਿਹਾ ਕਿ ਇਸਲਾਮਾਬਾਦ ਲੰਬੇ ਸਮੇਂ ਤੋਂ ਇਹ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ’ਚ ਪਾਕਿਸਤਾਨ ਦੇ ਬਿਆਨ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕੁਰੈਸ਼ੀ ਦਰਮਿਆਨ ਸਾਰਕ ਬੈਠਕ ਦੌਰਾਨ ਗੱਲਬਾਤ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਵੱਲੀ ਬੈਠਕ ਨਹੀਂ ਹੋਵੇਗੀ।

Facebook Comment
Project by : XtremeStudioz