Close
Menu

ਪਾਣੀ, ਸੀਵਰੇਜ ਤੇ ਸਫ਼ਾਈ ਬਿੱਲਾਂ ਦੀ ਵਸੂਲੀ ਦਾ ਹੋਵੇਗਾ ਪੱਕਾ ਬੰਦੋਬਸਤ

-- 02 August,2015

ਚੰਡੀਗੜ੍ਹ, ਪੰਜਾਬ ਸਰਕਾਰ ਵੱਲੋਂ ਪੀਣ ਵਾਲੇ ਪਾਣੀ, ਸੀਵਰੇਜ ਅਤੇ ਸਫ਼ਾਈ ਆਦਿ ਦੇ ਬਿੱਲਾਂ ਦੀ ਵਸੂਲੀ ਬਿਜਲੀ ਦੀ ਵਰਤੋਂ ’ਤੇ ਨਵਾਂ ‘ਟੈਕਸ’ ਲਾ ਕੇ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਤਿੰਨਾਂ ਸਹੂਲਤਾਂ ਦੀ ਵਸੂਲੀ ਬਿਜਲੀ ਦੀ ਵਰਤੋਂ ’ਤੇ ਨਵਾਂ ਸੈੱਸ ਲਾ ਕੇ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਇਹ ਸੈੱਸ ਕੁੱਲ ਬਿਜਲੀ ਵਰਤੋਂ ਦਾ 5 ਫੀਸਦੀ ਤੱਕ ਲਾਇਆ ਜਾ ਸਕਦਾ ਹੈ। ਇਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਲੰਘੇ ਹਫ਼ਤੇ ੳੁੱਚ ਅਧਿਕਾਰੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪਾਣੀ, ਸੀਵਰੇਜ ਅਤੇ ਸਫ਼ਾਈ ਦੇ ਬਿੱਲਾਂ ਦੀ ਵਸੂਲੀ ਦੇ ਢੰਗ ਤਰੀਕਿਆਂ ’ਤੇ ਚਰਚਾ ਕੀਤੀ ਗਈ।
ਸੂਤਰਾਂ ਮੁਤਾਬਕ ਮੀਟਿੰਗ ਵਿੱਚ ਹਾਜ਼ਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਅਤੇ ਸੁਖਬੀਰ ਬਾਦਲ ਦਰਮਿਆਨ ਬਿੱਲਾਂ ਦੀ ਵਸੂਲੀ ਲਈ ਬਿਜਲੀ ਦਰਾਂ ’ਤੇ ‘ਸੈੱਸ’ ਲਾਉਣ ਦੇ ਮੁੱਦੇ ੳੁਤੇ ਮਤਭੇਦ ਵੀ ਸਾਹਮਣੇ ਆਏ। ਸ੍ਰੀ ਜੋਸ਼ੀ ਬਿਜਲੀ ਵਰਤੋਂ ’ਤੇ ਨਵਾਂ ਸੈੱਸ ਲਾੳੁਣ ਵਿਰੁੱਧ ਹਨ, ਜਦੋਂ ਕਿ ਉਪ ਮੁੱਖ ਮੰਤਰੀ ਸੈੱਸ ਲਾਉਣ ਲਈ ਬਜ਼ਿੱਦ ਮੰਨੇ ਜਾ ਰਹੇ ਹਨ। ਪੇਂਡੂ ਜਲ ਸਪਲਾਈ ਵਿਭਾਗ ਨੂੰ ਵੀ ਇਸ ਸੈੱਸ ’ਤੇ ਉਜਰ ਹੈ। ਸੂਤਰਾਂ ਮੁਤਾਬਕ ਇਕ ਆਈਏਐਸ ਅਧਿਕਾਰੀ ਦਾ ਤਰਕ ਸੀ ਕਿ ਸਰਕਾਰ ਨੂੰ ਬਿਜਲੀ ’ਤੇ ਨਵਾਂ ਸੈੱਸ ਲਾ ਕੇ ਪਾਣੀ, ਸੀਵਰੇਜ ਅਤੇ ਸਫ਼ਾਈ ਆਦਿ ਬਿੱਲਾਂ ਦੀ ਵਸੂਲੀ ਕਰਨੀ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਖ਼ਪਤਕਾਰਾਂ ਵੱਲੋਂ ਇਹ ਸਹੂਲਤਾਂ ਤਾਂ ਲਈਆਂ ਜਾ ਰਹੀਆਂ ਹਨ ਪਰ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਇਕ ਹੋਰ ਸੀਨੀਅਰ ਅਧਿਕਾਰੀ ਨੇ ਦਲੀਲ ਦਿੱਤੀ ਕਿ ਸਰਕਾਰ ਨੂੰ ਇਸ ਦੀ ਵਸੂਲੀ ਵੱਖਰੇ ਬਿੱਲਾਂ ਰਾਹੀਂ ਕਰਨੀ ਚਾਹੀਦੀ ਹੈ। ਕੁੱਝ ਹੋਰ ਅਫ਼ਸਰਾਂ ਦਾ ਤਰਕ ਸੀ ਕਿ ਸੂਬੇ ਦੀ ਬਹੁਤੀ ਵਸੋਂ ਖਾਸ ਕਰ ਪੇਂਡੂ ਖੇਤਰਾਂ ਵਿੱਚ ਅਜਿਹੀ ਵੀ ਹੈ, ਜੋ ਸਰਕਾਰੀ ਪਾਣੀ ਦੀ ਸਹੂਲਤ ਨਹੀਂ ਲੈਂਦੀ। ਇਸ ਲਈ ਬਿਜਲੀ ਦੇ ਸਾਰੇ ਖਪਤਕਾਰਾਂ ’ਤੇ ਨਵਾਂ ਸੈੱਸ ਲਾਉਣਾ ਵਾਜਬ ਨਹੀਂ ਮੰਨਿਆ ਜਾ ਸਕਦਾ।  ਪੰਜਾਬ ਸਰਕਾਰ ਜੇ ਨਵਾਂ ਟੈਕਸ ਲਾ ਦਿੰਦੀ ਹੈ ਤਾਂ ਲੋਕਾਂ ’ਤੇ 1200 ਤੋਂ 1400 ਕਰੋਡ਼ ਰੁਪਏ ਤੱਕ ਦਾ ਬੋਝ ਪਵੇਗਾ। ਇਸ ਸਮੇਂ ਪੇਂਡੂ ਖੇਤਰ ਦੇ ਲੋਕਾਂ ਵੱਲੋਂ ਪਾਣੀ ਦਾ ਬਿੱਲ ਪ੍ਰਤੀ ਮਹੀਨਾ 50 ਤੋਂ 200 ਰੁਪਏ ਤੱਕ ਦਿੱਤਾ ਜਾਂਦਾ ਹੈ। ਬਿਜਲੀ ਦੀ ਵਰਤੋਂ ’ਤੇ ਸੈੱਸ ਲਾਉਣ ਨਾਲ ਇਸ ਵਿੱਚ ਭਾਰੀ ਵਾਧਾ ਹੋ ਜਾਵੇਗਾ। ਇਕ ਸੀਨੀਅਰ ਅਧਿਕਾਰੀ ਨਾਲ ਇਸ ਮੁੱਦੇ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਗੁਪਤ ਰੱਖਦਿਆਂ ਪੁਸ਼ਟੀ ਕੀਤੀ ਕਿ ਇਹ ਟੈਕਸ ਜਲਦੀ ਲਾਗੂ ਹੋਣ ਦੇ ਆਸਾਰ ਹਨ।

ਸਹੂਲਤਾਂ ਬਦਲੇ ਵੱਡੇ ਬਿੱਲਾਂ ਦੀ ਤਜਵੀਜ਼
ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦਾ ਕਹਿਣਾ ਸੀ ਕਿ ਗਰਮੀ ਦੇ ਦਿਨਾਂ ਵਿੱਚ ਬਿਜਲੀ ਦੀ ਖਪਤ ਵਧ ਜਾਂਦੀ ਹੈ। ਇਸ ਲਈ ਬਿਜਲੀ ਦੀ ਵਰਤੋਂ ਦੇ ਹਿਸਾਬ ਨਾਲ ਹੀ ਸੈੱਸ ਲਾਉਣਾ ਤਰਕਸੰਗਤ ਨਹੀਂ ਹੋਵੇਗਾ। ਸੂਤਰਾਂ ਮੁਤਾਬਕ ਸੁਖਬੀਰ ਬਾਦਲ ਨੇ ਅਨਿਲ ਜੋਸ਼ੀ ਦੇ ਤਰਕ ਨਾਲ ਅਸਹਿਮਤੀ ਜਤਾਈ ਅਤੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਬਿੱਲਾਂ ਦੀ ਵਸੂਲੀ ਕਿਸੇ ਢੰਗ ਨਾਲ ਤਾਂ ਕਰਨੀ ਹੀ ਪਵੇਗੀ। ਉਪ ਮੁੱਖ ਮੰਤਰੀ ਦੇ ਵਿਦੇਸ਼ੋਂ ਪਰਤਣ ਤੋਂ ਬਾਅਦ ਇਸ ਮਾਮਲੇ ’ਤੇ ਮੁੜ ਵਿਚਾਰ ਹੋਵੇਗੀ।

Facebook Comment
Project by : XtremeStudioz