Close
Menu

ਪਾਰਟੀ ਆਗੂਆਂ ਦੀ ਡਿਬੇਟ ‘ਚ ਹਾਰਪਰ ਰਹੇ ਨਿਸ਼ਾਨੇ ‘ਤੇ : ਸੰਤੁਲਤ ਜਵਾਬਾਂ ਨਾਲ ਕੀਤੇ ਵਿਰੋਧੀ ਖ਼ਾਮੋਸ਼

-- 07 August,2015

ਓਟਾਵਾ: ਫ਼ੈਡਰਲ ਪਾਰਟੀਆਂ ਵੱਲੋਂ ਅਗਲੀਆਂ ਚੋਣਾਂ ਵਿਚ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ ਹੀ ਹਰ ਵਾਰ ਵਾਂਗ ਇਸ ਵਾਰ ਵੀ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਵਿਚਾਲੇ ਡਿਬੇਟ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਮੈਕਲੇਨ ਵੀਕਲੀ ਮੈਗਜ਼ੀਨ ਵੱਲੋਂ ਆਯੋਜਿਤ ਕੀਤੀ ਗਈ ਇਸ ਡਿਬੇਟ ਵਿਚ ਫ਼ੈਡਰਲ ਪਾਰਟੀਆਂ ਦੇ ਲੀਡਰਾਂ ਵੱਲੋਂ ਆਪਣੀ ਆਪਣੀ ਪਾਰਟੀ ਵੱਲੋਂ ਤਿਆਰ ਕੀਤੀਆ ਗਈਆਂ ਯੋਜਵਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਵੀ ਸਾਹਮਣੇ ਪੇਸ਼ ਕੀਤਾ ਗਿਆ।

ਵੀਰਵਾਰ ਰਾਤ ਨੂੰ ਪਹਿਲੀ ਡਿਬੇਟ ਦੌਰਾਨ ਕੰਜ਼ਰਵਟਿਵ ਲੀਡਰ ਸਟੀਫ਼ਨ ਹਾਰਪਰ ਵੱਲੋਂ ਆਪਣੀ ਸਰਕਾਰ ਨੂੰ ਸੱਤਾ ਵਿਚ ਬਣਾਈ ਰੱਖਣ ਲਈ ਡੋਬੇਟ ਵਿਚ ਹਿੱਸਾ ਲਿਆ ਅਤੇ ਇਸੇ ਤਰ੍ਹਾਂ ਲਿਬਰਲ ਅਤੇ ਐਨ.ਡੀ.ਪੀ. ਲੀਡਰਾਂ ਵੱਲੋਂ ਵੀ ਆਪਣੀ ਪਾਰਟੀ ਦੀਆਂ ਭਵਿੱਖਤ ਯੋਜਨਾਵਾਂ ਨੂੰ ਲੈ ਕੇ ਇਸ ਡਿਬੇਟ ਵਿਚ ਸ਼ਾਮਿਲ ਹੋਏ।

ਡਿਬੇਟ ਦੇ ਪਹਿਲੇ ਸਵਾਲ ਦੌਰਾਨ ਲਿਬਰਲ ਲੀਡਰ ਵੱਲੋਂ ਹਾਰਪਰ ਸਰਕਾਰ ‘ਤੇ ਰਿਸੈਸ਼ਨ ਨੂੰ ਲੈ ਕੇ ਵਾਰ ਕੀਤਾ ਗਿਆ। ਲਿਬਰਲ ਲੀਡਰ ਜਸਟਿਨ ਟਰੂਡੋ ਅਤੇ ਐਨ.ਡੀ.ਪੀ. ਲੀਡਰ ਥੌਮਸ ਮਲਕੇਅਰ, ਦੋਵਾਂ ਵੱਲੋਂ ਹੀ ਹਾਰਪਰ ਸਰਕਾਰ ਦੀਆਂ ਕਮੀਆਂ ਅਤੇ ਖਾਮੀਆਂ ਨੂੰ ਸਾਹਮਣੇ ਲਿਆਉਣ ਵਿਚ ਪੂਰਾ ਜ਼ੋਰ ਲਗਾਇਆ ਗਿਆ।

ਇਸ ਗੱਲ ਦਾ ਜਵਾਬ ਦਿੰਦਿਆਂ ਸਟੀਫ਼ਨ ਹਾਰਪਰ ਨੇ ਟਰੂਡੋ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਵੀ ਉਤਾਰ ਚੜ੍ਹਾਅ ਆਏ ਹਨ, ਉਨਹਾਂ ਦੌਰਾਨ ਕੰਜ਼ਰਵਟਿਵ ਸਰਕਾਰ ਦੀਆਂ ਨੀਤੀਆਂ ਨੇ ਹੀ ਦੇਸ਼ ਨੂੰ ਮੁੜ ਤਰੱਕੀ ਵੱਲ ਲਿਆਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਸਟੀਫ਼ਨ ਹਾਰਪਰ ਨੇ ਕਿਹਾ ਕਿ ਕੰਜ਼ਰਵਟਿਵ ਸਰਕਾਰ ਦੌਰਾਨ ਕੈਨੇਡੀਅਨ ਆਰਥਿਕਤਾ ਆਪਣੇ ਸਭ ਤੋਂ ਵਧੀਆ ਪੜ੍ਹਾਅ ‘ਤੇ ਪੁੱਜੀ ਹੈ। 2008 ਵਿਚ ਵਿਸ਼ਵ ਪੱਧਰ ‘ਤੇ ਆਈ ਮਹਾਨ ਮੰਦੀ ਤੋਂ ਬਾਅਦ ਕੈਨੇਡਾ ਨੇ ਆਰਥਿਕ ਵਿਕਾਸ ਦੇ ਅਤੇ ਨੌਕਰੀਆਂ ਪੈਦਾ ਕਰਨ ਦੇ ਰਿਕਾਰਡ ਵਿਸ਼ਵ ਪੱਧਰ ‘ਤੇ ਕਾਇਮ ਕੀਤੇ ਹਨ।

ਇਸਦੇ ਨਾਲ ਹੀ ਸਟੀਫ਼ਨ ਹਾਰਪਰ ਨੇ ਇਸ ਗੱਲ ਵੱਲ ਵੀ ਧਿਆਨ ਦਵਾਇਆ ਕਿ ਕੰਜ਼ਰਵਰਿਵ ਸਰਕਾਰ ਵੱਲੋਂ ਹੀ ਕੈਨੇਡੀਅਨਜ਼ ਨੂੰ ਪਿਛਲੀ ਉਮਰ ਵਿਚ ਸਟੇਬਲ ਆਮਦਨੀ ਦਾ ਭਰੋਸਾ ਦਵਾਇਆ ਹੈ। ਪੈਨਸ਼ਨਰੀਜ਼ ਲਈ ਲਿਆਂਦੀ ਗਈ ਯੋਜਨਾ ਸਦਕਾ ਹੁਣ ਕਿਸੇ ਵੀ ਬਜ਼ੁਰਗ ਨੂੰ ਆਪਣੇ ਬੁੜਾਪੇ ਸਮੇਂ ਆਮਦਨੀ ਦਾ ਫ਼ਿਕਰ ਕਰਨ ਦੀ ਲੋੜ ਨਹੀਂ ਰਹੀ ਹੈ।

ਇਸ ਡਿਬੇਟ ਵਿਚ ਮਲਕੇਅਰ ਅਤੇ ਟਰੂਡੋ ਵੱਲੋਂ ਪਹਿਲੀ ਵਾਰ ਹਿੱਸਾ ਲਿਆ ਜਾ ਰਿਹਾ ਹੈ। ਗ੍ਰੀਨ ਪਾਰਟੀ ਦੀ ਲੀਡਰ ਐਲਾਜ਼ਾਬੈੱਥ ਵੱਲੋਂ ਹਾਰਪਰ ‘ਤੇ ਆਪਣੇ ਕੰਮਾਂ ਦੇ ਵਿਓਰੇ ਨੂੰ ਚੁਣ ਕੇ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਸ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਹ 2008 ਵਿਚ ਵੀ ਡਿਬੇਟ ਵਿਚ ਹਿੱਸਾ ਲੈ ਚੁੱਕੀ ਹੈ ਅਤੇ ਹਾਰਪਰ ਵੱਲੋਂ ਆਪਣੀ ਪਿਛਲੀ ਡਿਬੇਟ ਦੇ ਮੁੱਦਿਆਂ ਨੂੰ ਹੀ ਪੇਸ਼ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਟਰੂਡੋ ਵੱਲੋਂ ਹਾਰਪਰ ਸਰਕਾਰ ‘ਤੇ ਕੋ-ਆਪਰੇਸ਼ਨ ਨਾ ਕਰਨ ਦਾ ਇਲਜ਼ਾਮ ਵੀ ਲਗਾਇਆ ਗਿਆ ਹੈ।

ਇਨ੍ਹਾਂ ਇਲਜ਼ਾਮਾ ਦਾ ਜਵਾਬ ਦਿੰਦਿਆ ਹਾਰਪਰ ਨੇ ਕਿਹਾ ਕਿ ਕੰਜ਼ਰਵਟਿਵ ਸਰਕਾਰ ਕੈਨੇਡਾ ਦੀ ਪਹਿਲੀ ਅਜਿਹੀ ਸਰਕਾਰ ਹੈ, ਜਿਸ ਵੱਲੋਂ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਵਿਚ ਕਮੀ ਲਿਆਂਦੀ ਗਈ ਹੈ। ਇਸ ਨਾਲ ਨਾ ਸਿਰਫ਼ ਵਾਤਾਵਰਨ ਨੂੰ ਸਗੋਂ ਅੰਤਿਮ ਰੂਪ ਵਿਚ ਦੇਸ਼ ਨੂੰ ਲਾਭ ਮਿਲੇਗਾ। ਵਾਤਾਵਰਨ ਦਾ ਮੁੱਦਾ ਬੇਸ਼ੱਕ ਸਿੱਧੇ ਰੂਪ ਵਿਚ ਰਾਜਨੀਤਿਕ ਮੁੱਦਿਆਂ ਨਾਲ ਨਹੀਂ ਜੁੜਦਾ ਪਰ ਇਸ ਨਾਲ ਅੰਤਿਮ ਰੂਪ ਵਿਚ ਦੇਸ਼ ਵੱਲੋਂ ਲਾਗੂ ਕੀਤੀਆਂ ਜਾਣ ਵਾਲੀਆ ਕਈ ਅਜਿਹੀਆ ਯੋਜਨਾਵਾਂ ‘ਤੇ ਅਸਰ ਪਵੇਗਾ, ਜੋ ਭਵਿੱਖ ਵਿਚ ਇਸ ਦਿਸ਼ਾ ਵਿਚ ਅੱਗੇ ਵਧਣਗੀਆਂ। ਹਾਰਪਰ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਹਾਲੇ ਵੀ ਸਥਿਰ ਮਾਤਰਾ ਵਿਚ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ ਅਤੇ ਲਗਾਤਾਰ ਦੇਸ਼ ਦੀ ਆਰਥਿਕਤਾ ਵਿਚ ਵੀ ਸੁਧਾਰ ਲਿਆਂਦਾ ਜਾ ਰਿਹਾ ਹੈ।

ਇਸੇ ਤਰ੍ਹਾਂ ਕਲੈਰਿਟੀ ਐਕਟ ਨੂੰ ਲੈ ਕੇ ਵੀ ਫ਼ੈਡਰਲ ਲੀਡਰ ਜਸਟਿਨ ਟਰੂਰੋ ਵੱਲੋਂ ਥੌਮਸ ਮਲਕੇਅਰ ‘ਤੇ ਇਸ ਮੁੱਦੇ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਗਾਇਆ। ਟਰੂਡੋ ਨੇ ਕਿਹਾ ਕਿ ਮਿਸਟਰ ਮਲਕੇਅਰ ਕਲੈਰਿਟੀ ਐਕਰ ਵਿਚ ਬਦਲਾਵ ਲਿਆ ਕੇ ਇਸ ਨੂੰ ਦੇਸ਼ ਦੇ ਟੁਕੜੇ ਕਰਨ ਵਾਲਿਆਂ ਲਈ ਹੋਰ ਵੀ ਲਾਭਕਾਰੀ ਬਣਾ ਰਹੇ ਹਨ ਅਤੇ ਅਜਿਹਾ ਕਰਦੇ ਹੋਏ ਉਹ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਦੇ ਵੀ ਖਿਲਾਫ਼ ਜਾ ਰਹੇ ਹਨ, ਜਿਸ ਵਿਚ ਇਹ ਸਪਸ਼ਟ ਕੀਤਾ ਗਿਆ ਸੀ ਕਿ ਇਕ ਵੋਟ ਨਾਲ ਦੇਸ਼ ਨੂੰ ਤੋੜਨ ਦਾ ਫ਼ੈਸਲਾ ਨਹੀਂ ਲਿਆ ਜਾ ਸਕਦਾ। ਟਰੂਡੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਲਈ ਇਹ ਜ਼ਰੂਰੀ ਨਹੀਂ ਕਿ ਫ਼ਰਾਂਸੀਸੀ ਭਾਸ਼ਾ ਵਿਚ ਅਲੱਗ ਬੋਲੀ ਬੋਲੀ ਜਾਵੇ ਸਗੋਂ ਇਹ ਵੀ ਜ਼ਰੂਰੀ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਦੇ ਫ਼ੈਸਲੇ ਦੀ ਕਦਰ ਕੀਤੀ ਜਾਵੇ। ਇਸ ਗੱਲ ਦੇ ਜਵਾਬ ਵਿਚ ਮਲਕੇਅਰ ਨੇ ਕਿਹਾ ਕਿ ਉਸਦਾ ਸਾਰਾ ਰਾਜਨੀਤਿਕ ਜੀਵਨ ਵੱਖ ਹੋਣ ਦੇ ਵਿਰੋਧ ਵਿਚ ਹੀ ਲੰਘਿਆ ਹੈ।

ਆਰਥਿਕਤਾ ਦੇ ਮੁੱਦੇ ‘ਤੇ ਵੀ ਲਿਬਰਲ ਲਿਡਰ ਟਰੂਡੋ ਵੱਲੋਂ ਕੰਜ਼ਰਵਟਿਵ ਸਰਕਾਰ ਦੀ ਆਰਥਿਕ ਨੀਤੀ ਨੂੰ ਇਕ ਫ਼ੇਲੀਅਰ ਦੱਸਿਆ ਗਿਆ ਅਤੇ ਸਟੀਫ਼ਨ ਹਾਰਪਰ ‘ਤੇ ਇਹ ਦੋਸ਼ ਵੀ ਲਗਾਇਆ ਕਿ ਉਨ੍ਹਾਂ ਵੱਲੋਂ ਕਿਸੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ। ਟਰੂਡੋ ਨੇ ਹਾਰਪਰ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਤੁਸੀਂ ਇਸ ਗੱਲ ਤੋਂ ਬਿਲਕੁਲ ਅਨਜਾਨ ਹੀ ਰਹੇ, ਜੋ ਦੇਸ਼ ਦੀ ਜਨਤਾ ਮਹਿਸੂਸ ਕਰ ਰਹੀ ਸੀ। ਇਸ ਗੱਲ ਦਾ ਜਵਾਬ ਦਿੰਦਿਆਂ ਸਟੀਫ਼ਨ ਹਾਰਪਰ ਨੇ ਦੋਵੇਂ ਲੀਡਰਾਂ ਵੱਲੋਂ ਪਿਛਲੇ ਸਮੇਂ ਵਿਚ ਕੀਤੇ ਅਲੱਥ ਖਰਚਿਆਂ ਦੀ ਗੱਲ ਕੀਤੀ ਅਤੇ ਕਿਹਾ ਕਿ ਦੇਸ਼ ਨੂੰ ਸਹੀ ਲੀਹ ‘ਤੇ ਲਿਆਉਣ ਵਾਲੀ ਕੰਜ਼ਵਰਟਿਵ ਸਰਕਾਰ ਹੀ ਹੈ, ਜਿਸਨੇ ਹੁਣ ਤੱਕ ਦੇਸ਼ ਦੀ ਆਰਥਿਕਤਾ ਨੂੰ ਉਸ ਮੁਕਾਮ ‘ਤੇ ਲਿਆਂਦਾ ਹੈ, ਜਿਸ ਨਾਲ ਕੈਨੇਡਾ ਹੁਣ ਵਿਸ਼ਵ ਦੀਆਂ ਮਹਾਨ ਆਰਥਿਕ ਸ਼ਕਤੀਆਂ ਵਿਚ ਗਿਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਵੱਲੋਂ ਵਧੇਰੇ ਨਿਵੇਸ਼ ਕਰਨ ਦੀ ਅਤੇ ਇਸ ਲਈ ਟੈਕਸਾਂ ਵਿਚ ਵਾਧੇ ਕਰਨ ਦੀ ਗਵਾਹੀ ਭਰੀ ਗਈ ਹੈ, ਜਦੋਂ ਕਿ ਕੰਜ਼ਰਵਟਿਵ ਸਰਕਾਰ ਨੇ ਹਮੇਸ਼ਾ ਹੀ ਟੈਕਸਾਂ ਵਿਚ ਵਾਧੇ ਨੂੰ ਟਾਲਣ ਅਤੇ ਨਿਵੇਸ਼ ਨੂੰ ਸੰਤੁਲਿਤ ਰੱਖਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਹਾਰਪਰ ਨੇ ਕਿਹਾ ਕਿ ਸਾਡੇ ਕੋਲ ਹਾਲੇ ਵੀ ਅਜਿਹੀਆਂ ਕਈ ਹੋਰ ਯੋਜਵਾਨਾ ਹਨ, ਜਿਨ੍ਹਾਂ ਨਾਲ ਭਵਿੱਖ ਵਿਚ ਵੀ ਲਗਾਤਾਰ ਅਸੀਂ ਨੌਕਰੀਆਂ ਪੈਦਾ ਕਰਦੇ ਰਹਾਂਗੇ ਅਤੇ ਮਿਡਲ ਕਲਾਸ ਨੂੰ ਦੇਸ਼ ਦੀ ਆਰਥਿਕ ਤਰੱਕੀ ਵਿਚ ਹਿੱਸੇਦਾਰ ਬਣਾਉਂਦੇ ਹੋਏ ਨਿਵੇਸ਼ ਦਾ ਮੌਕਾ ਦੇ ਸਕਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਲਗਭਗ ਹਰ ਸੈਕਟਰ ਵਿਚ ਤਰੱਕੀ ਦਰਜ ਕੀਤੀ ਗਈ ਹੈ ਅਤੇ ਲਗਾਤਾਰ ਇਸ ਗੱਲ ‘ਤੇ ਧਿਆਨ ਵੀ ਦਿੱਤਾ ਜਾ ਰਿਹਾ ਹੈ ਕਿ ਕਿਸ ਸੈਕਟਰ ਨੂੰ ਹੋਰ ਅੱਗੇ ਲਿਆਂਦਾ ਜਾ ਸਕਦਾ ਹੈ।

ਇਸ ਡਿਬੇਟ ਵਿਚ ਬੇਸ਼ੱਕ ਫ਼ੈਡਰਲ ਲੀਡਰਾਂ ਵੱਲੋਂ ਹਾਰਪਰ ਸਰਕਾਰ ‘ਤੇ ਕਈ ਸਵਾਲ ਚੁੱਕੇ ਗਏ ਹਨ ਪਰ ਸਟੀਫ਼ਨ ਹਾਰਪਰ ਵੱਲੋਂ ਦਿੱਤੇ ਗਏ ਜਵਾਬਾਂ ਨਾਲ ਨਾ ਸਿਰਫ਼ ਵਿਰੋਧੀ ਲੀਡਰ ਲਾਜਵਾਬ ਹੋਏ ਹਨ, ਬਲਕੇ ਇਸ ਡਿਬੇਟ ਨੂੰ ਲਾਈਵ ਵੇਖ ਰਹੀ ਦੇਸ਼ ਦੀ ਜਨਤਾ ਵੀ ਇਸ ਗੱਲ ਨਾਲ ਸਹਿਮਤ ਹੋਈ ਹੈ। ਇੰਟਰਨੈੱਟ, ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਵੱਲੋਂ ਹਾਰਪਰ ਸਰਕਾਰ ਦੀ ਕਾਰਗੁਜ਼ਾਰੀ ਲਈ ਸੰਤੁਸ਼ਟੀ ਵੀ ਜਤਾਈ ਜਾ ਰਹੀ ਹੈ।

Facebook Comment
Project by : XtremeStudioz