Close
Menu

ਪਾਵਰਕੌਮ ਵੱਲੋਂ ਬਿਜਲੀ ਦਰਾਂ ਵਿੱਚ ਵਾਧੇ ਲਈ ਫਿਰ ਕਮਰਕੱਸੇ

-- 08 December,2014

ਪਟਿਆਲਾ, ਪਾਵਰਕੌਮ ਵੱਲੋਂ ਅਗਲੇ ਵਿਤੀ ਵਰ੍ਹੇ 2015-16 ਲਈ ਬਿਜਲੀ ਦਰਾਂ ’ਚ ਵਾਧੇ ਲਈ ਮੁੱਢਲੇ ਤੌਰ ’ਤੇ ਕੇਸ ਦਾਇਰ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਪਾਵਰਕੌਮ ਨੇ 8 ਤੋਂ 10 ਫੀਸਦੀ ਵਾਧਾ ਮੰਗਿਆ ਹੈ। ਉਂਜ ਪਾਵਰਕੌਮ ਨੂੰ ਇਸ ਚਾਲੂ ਵਿਤੀ ਵਰ੍ਹੇ ਲਈ ਦਰਾਂ ਵਿੱਚ ਢਾਈ ਫੀਸਦੀ ਵਾਧੇ ਦੀ ਪ੍ਰਵਾਨਗੀ ਮਿਲੀ ਸੀ।
ਪਾਵਰਕੌਮ ਨੇ ਆਪਣੀ ਸਾਲਾਨਾ ਕੁੱਲ ਮਾਲੀਆ ਰਿਪੋਰਟ (ਏ.ਆਰ.ਆਰ.) ਵਿਚ 11317.78 ਕਰੋੜ ਰੁਪਏ ਦੀ ਪੂਰਤੀ ਲਈ ਇਹ ਵਾਧਾ ਕੀਤੇ ਜਾਣ ਦੀ ਤਜਵੀਜ਼ ਤਿਆਰ ਕੀਤੀ ਹੈ ਜੋ ਪ੍ਰਵਾਨਗੀ ਵਾਸਤੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਭੇਜੀ ਜਾ ਰਹੀ ਹੈ।
ਪਾਵਰਕੌਮ ਦੇ ਉਚ ਪੱਧਰੀ ਸੂਤਰਾਂ ਮੁਤਾਬਕ ਪਾਵਰਕੌਮ ਨੇ ਲੰਘੇ ਮਹੀਨੇ ਇਹ ਕੇਸ ਇੱਕ ਵਾਰ ਰੈਗੂਲੇਟਰੀ ਕਮਿਸ਼ਨ ਕੋਲ ਭੇਜ ਦਿੱਤਾ ਸੀ ਪਰ ਉਸ ਵੱਲੋਂ ਰਿਪੋਰਟ ਵਿਚ ਤਰੁੱਟੀਆਂ ਦਾ ਹਵਾਲਾ ਦੇ ਕੇ ਕੇਸ ਵਾਪਸ ਭੇਜ ਦਿੱਤਾ ਗਿਆ ਹੈ। ਹੁਣ ਇਸ ਰਿਪੋਰਟ ਵਿੱਚ ਤਰਮੀਮਾਂ ਤੇ ਦਰੁਸਤੀਆਂ ਕਰ ਕੇ ਇਹ ਰਿਪੋਰਟ ਮੁੜ ਕਮਿਸ਼ਨ ਦੇ ਦਫ਼ਤਰ ਦਾਖ਼ਲ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਏ.ਆਰ.ਆਰ. ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪਾਵਰਕੌਮ ਨੂੰ ਸਾਲ 2015-16 ਵਿਚ 11317.78 ਕਰੋੜ ਰੁਪਏ ਦਾ ਘਾਟਾ ਸਹਿਣਾ ਪਵੇਗਾ। ਇਸ ਦਾ ਖਰਚ  27683.96 ਕਰੋੜ ਰੁਪਏ ਹੋਵੇਗਾ ਜਦਕਿ  ਮਾਲੀਆ ਪ੍ਰਾਪਤੀ ਸਿਰਫ 24414.81 ਕਰੋੜ ਰੁਪਏ ਦੀ ਹੋਵੇਗੀ। ਇਸ ਤਰ੍ਹਾਂ ਅਗਲੇ ਵਿੱਤ ਵਰ੍ਹੇ ਦਾ ਘਾਟਾ 3269.15 ਕਰੋੜ ਰੁਪਏ ਦਰਸਾਇਆ ਗਿਆ ਹੈ। ਯਾਦ ਰਹੇ ਚਾਲੂ ਤੇ ਨਵੇਂ ਵਿੱਤ ਵਰ੍ਹੇ ਦੌਰਾਨ ਘਾਟੇ    ਵਿਚ ਫਰਕ 2219 ਕਰੋੜ ਰੁਪਏ ਦਾ ਦਰਸਾਇਆ ਗਿਆ ਹੈ।  ਚਾਲੂ ਵਿੱਤ ਵਰ੍ਹੇ ਵਿਚ ਇਹੀ ਘਾਟਾ 1049.66 ਕਰੋੜ ਰੁਪਏ ਸੀ ਜੋ ਹੁਣ 3269.15 ਦੱਸਿਆ ਜਾ ਰਿਹਾ ਹੈ। ਪਿਛਲੇ ਸਾਲ ਦੇ ਘਾਟੇ ਨੂੰ ਅਗਲੇ ਵਰ੍ਹੇ ਵਿਚ ਤਬਦੀਲ ਕਰਨ ਸਮੇਂ ਚਾਲੂ ਵਰ੍ਹੇ ਦੇ 3269.15 ਕਰੋੜ ਰੁਪਏ ਸਮੇਤ ਕੁੱਲ ਘਾਟਾ 11317.78 ਕਰੋੜ ਰੁਪਏ ਹੋ ਜਾਂਦਾ ਹੈ।  ਪਾਵਰਕੌਮ ਦੇ ਡਾਇਰੈਕਟਰ ਵਿੱਤ ਸੁਭਾਸ਼ ਅਰੋੜਾ ਤੇ ਕਮਰਸ਼ੀਅਲ ਇੰਜੀਨੀਅਰ ਸੁਰਿੰਦਰਪਾਲ  ਨੇ ਬਿਜਲੀ ਦਰਾਂ ਵਿਚ ਵਾਧੇ ਲਈ ਕੇਸ ਤਿਆਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

Facebook Comment
Project by : XtremeStudioz