Close
Menu

ਪਾਸਵਾਨ ਤੇ ਨਿਤੀਸ਼ ਦੇ ਦਬਾਅ ਅੱਗੇ ਝੁਕੀ ਭਾਜਪਾ

-- 24 December,2018

ਨਵੀਂ ਦਿੱਲੀ, 24 ਦਸੰਬਰ
ਰਾਮ ਵਿਲਾਸ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨ ਸ਼ਕਤੀ ਪਾਰਟੀ (ਐਲਜੇਪੀ) ਵੱਲੋਂ ਪਾਏ ਦਬਾਅ ਅੱਗੇ ਝੁਕਦਿਆਂ ਭਾਜਪਾ ਨੇ ਅੱਜ ਬਿਹਾਰ ਵਿੱਚ ਅਗਾਮੀ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦਾ ਐਲਾਨ ਕਰਦਿਆ ਐਲਜੇਪੀ ਦੀ ਝੋਲੀ 6 ਸੀਟਾਂ ਪਾ ਦਿੱਤੀਆਂ। ਹੁਣ ਨਵੇਂ ਫਾਰਮੂਲੇ ਤਹਿਤ ਮੁਤਾਬਕ ਭਾਜਪਾ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਜਨਤਾ ਦਲ (ਯੂਨਾਈਟਿਡ) 17-17 ਸੀਟਾਂ ’ਤੇ ਚੋਣ ਲੜਨਗੇ। ਇਹ ਹੀ ਨਹੀਂ ਪਾਸਵਾਨ ਨੂੰ ਰਾਜ ਸਭਾ ਸੀਟ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਸ੍ਰੀ ਸ਼ਾਹ ਨੇ ਇਹ ਐਲਾਨ ਅੱਜ ਇਥੇ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਰਾਮ ਵਿਲਾਸ ਪਾਸਵਾਨ ਤੇ ਨਿਤੀਸ਼ ਕੁਮਾਰ ਨਾਲ ਸੰਖੇਪ ਮੁਲਾਕਾਤ ਮਗਰੋਂ ਕੀਤਾ। ਸ੍ਰੀ ਸ਼ਾਹ ਦੇ ਐਲਾਨ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ, ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਮੁਖੀ ਉਪੇਂਦਰ ਕੁਸ਼ਵਾਹਾ ਦੇ ਐਨਡੀਏ ਛੱਡ ਕੇ ਯੂਪੀਏ ਵਿੱਚ ਸ਼ਾਮਲ ਹੋਣ ਮਗਰੋਂ ਬਣੇ ਹਾਲਾਤ ਦੇ ਚੱਲਦਿਆਂ ਬਿਹਾਰ ’ਚ ਸੰਸਦੀ ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਤੇ ਜੇਡੀਯੂ ਨਾਲ ਖਰਾ ਸੌਦਾ ਕਰਨ ਵਿੱਚ ਸਫ਼ਲ ਰਹੀ ਹੈ। ਯਾਦ ਰਹੇ ਕਿ ਆਰਐੱਲਐਸਪੀ ਨੂੰ ਬਿਹਾਰ ’ਚ ਲੋੋੜੀਂਦੀਆਂ ਸੰਸਦੀ ਸੀਟਾਂ ਨਾ ਦਿੱਤੇ ਜਾਣ ਕਰਕੇ ਹੀ ਸ੍ਰੀ ਕੁਸ਼ਵਾਹਾ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ’ਚ ਰਾਜ ਮੰਤਰੀ ਵਜੋਂ ਅਸਤੀਫ਼ਾ ਦੇ ਕੇ ਯੂਪੀਏ ’ਚ ਸ਼ਾਮਲ ਹੋ ਗਏ ਸਨ। ਇਥੇ ਨਿਤੀਸ਼ ਕੁਮਾਰ ਤੇ ਪਾਸਵਾਨ ਦੀ ਹਾਜ਼ਰੀ ਵਿੱਚ ਸ੍ਰੀ ਸ਼ਾਹ ਨੇ ਪੱਤਰਕਾਰਾਂ ਅੱਗੇ ਦਾਅਵਾ ਕੀਤਾ ਕਿ ਐਨਡੀਏ, ਜਿਸ ਨੇ ਸਾਲ 2014 ਵਿੱਚ ਬਿਹਾਰ ’ਚ ਲੋਕ ਸਭਾ ਦੀਆਂ 31 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ, 2019 ਵਿੱਚ ਇਸ ਤੋਂ ਵੀ ਵੱਧ ਸੀਟਾਂ ਜਿੱਤ ਕੇ ਕੇਂਦਰ ਵਿੱਚ ਮੁੜ ਸਰਕਾਰ ਬਣਾਏਗੀ। ਬਿਹਾਰ ਵਿੱਚ ਲੋਕ ਸਭਾ ਦੀਆਂ 40 ਸੀਟਾਂ ਹਨ। ਬਿਹਾਰ ਵਿੱਚ ਸੀਟਾਂ ਦੀ ਵੰਡ ਨੂੰ ਐਲਜੇਪੀ ਲਈ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ, ਕਿਉਂਕਿ ਆਰਐਲਐਸਪੀ ਮੁਖੀ ਉਪੇਂਦਰ ਕੁਸ਼ਵਾਹਾ ਦੇ ਐਨਡੀਏ ਛੱਡ ਕੇ ਯੂਪੀਏ ਵਿੱਚ ਸ਼ਾਮਲ ਹੋਣ ਮਗਰੋਂ ਪਾਸਵਾਨ ਦੀ ਪਾਰਟੀ ਬਿਹਾਰ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਤੇ ਜੇਡੀਯੂ ਨਾਲ ਖਰਾ ਸੌਦਾ ਕਰਨ ਵਿੱਚ ਸਫ਼ਲ ਰਹੀ ਹੈ। ਉਧਰ ਹਾਜੀਪੁਰ ਤੋਂ ਸੰਸਦ ਮੈਂਬਰ ਰਾਮਵਿਲਾਸ ਪਾਸਵਾਨ ਨੂੰ ਰਾਜ ਸਭਾ ਭੇਜਣ ਦੇ ਫ਼ੈਸਲੇ ’ਤੇ ਟਿੱਪਣੀ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਇਸ ਫ਼ੈਸਲੇ ਲਈ ਭਾਜਪਾ ਦਾ ਧੰਨਵਾਦ ਕਰਦੇ ਹਨ ਤੇ ਇਹ ਪਾਸਵਾਨ ਵੱਲੋਂ ਮੁਲਕ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੇਵਾ ਨੂੰ ਪਛਾਣ ਦੇਣ ਦਾ ਇਕ ਯਤਨ ਹੈ।

Facebook Comment
Project by : XtremeStudioz