Close
Menu

ਪਿਸ਼ਾਵਰ ਵਿੱਚ ਦਹਿਸ਼ਤੀ ਕਾਰਾ: 70 ਮੌਤਾਂ

-- 23 September,2013

A man comforts a woman as she cries over the death of her relatives at the site of a blast at a church in Peshawar

ਪਿਸ਼ਾਵਰ, 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇੱਥੋਂ ਦੇ ਇੱਕ ਇਤਿਹਾਸਕ ਗਿਰਜਾਘਰ ਵਿੱਚ ਅੱਜ ਕੀਤੇ ਗਏ ਆਤਮਘਾਤੀ ਬੰਬ ਹਮਲੇ ਵਿੱਚ ਘੱਟੋ ਘੱਟ 60 ਲੋਕ ਮਾਰੇ ਗਏ ਹਨ ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਪਾਕਿਸਤਾਨ ਦੇ ਇਤਿਹਾਸ ਦਾ ਇਹ ਘੱਟ ਗਿਣਤੀ ਈਸਾਈ ਭਾਈਚਾਰੇ ’ਤੇ ਹੋਇਆ ਹੁਣ ਤਕ ਦਾ ਸਭ ਤੋਂ ਘਾਤਕ ਹਮਲਾ ਹੈ।

ਪਿਸ਼ਾਵਰ ਦੇ ਕੋਹਾਟੀ ਗੇਟ ਸਥਿਤੀ ਆਲ ਸੇਂਟਜ਼ ਚਰਚ ਵਿਖੇ ਹੋਏ ਇਸ ਹਮਲੇ ’ਚ 120 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਸ਼ਹਿਰ ਦੇ ਕਮਿਸ਼ਨਰ ਸਾਹਿਬਜ਼ਾਦਾ ਮੁਹੰਮਦ ਅਨੀਸ ਨੇ ਕਿਹਾ ਕਿ ਐਤਵਾਰੀ ਇਕੱਤਰਤਾ ਤੋਂ ਬਾਅਦ ਲੋਕ ਜਦੋਂ ਗਿਰਜਾਘਰ ’ਚੋਂ ਬਾਹਰ ਆ ਰਹੇ ਸਨ ਤਾਂ ਦੋ ਬੰਬਧਾਰੀਆਂ ਨੇ ਧਮਾਕੇ ਕਰ ਦਿੱਤੇ। ਇਸ ਵੇਲੇ ਗਿਰਜਾਘਰ ਵਿੱਚ 600-700 ਲੋਕ ਮੌਜੂਦ ਸਨ। ਧਮਾਕਿਆਂ ਕਾਰਨ ਲਾਗਲੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ।
ਸਰਕਾਰੀ ਲੇਡੀ ਰੀਡਿੰਗ ਹਸਪਤਾਲ ਦੇ ਮੁੱਖ ਕਾਰਜਕਾਰੀ ਅਫਸਰ ਅਰਸ਼ਦ ਜਾਵੇਦ ਨੇ ਔਰਤਾਂ ਅਤੇ ਬੱਚਿਆਂ ਸਮੇਤ 60 ਮੌਤਾਂ ਅਤੇ 120 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਵਿੱਚ ਇੱਕ ਮੁਸਲਿਮ ਪੁਲੀਸ ਅਫਸਰ ਅਤੇ ਤਿੰਨ ਤੋਂ ਅੱਠ ਸਾਲ ਦੀ ਉਮਰ ਦੇ ਚਾਰ ਬੱਚੇ ਵੀ ਸ਼ਾਮਲ ਹਨ। ਬੰਬ ਨਕਾਰਾ ਕਰੂ ਦਸਤੇ ਦੇ ਮੁਖੀ ਸ਼ਫ਼ਕਤ ਮਹਿਮੂਦ ਨੇ ਕਿਹਾ ਕਿ ਹਮਲਾ ਦੋ ਆਤਮਘਾਤੀ ਬੰਬਧਾਰੀਆਂ ਨੇ ਕੀਤਾ ਹੈ। ਇਨ੍ਹਾਂ ਨੇ ਛੇ-ਛੇ ਕਿਲੋਗ੍ਰਾਮ ਵਿਸਫੋਟਕਾਂ ਵਾਲੀਆਂ ਬੁਨੈਣਾਂ ਪਹਿਨੀਆਂ ਹੋਈਆਂ ਸਨ। ਟੈਲੀਵਿਜ਼ਨ ’ਤੇ ਦਿਖਾਈਆਂ ਜਾ ਰਹੀਆਂ ਤਸਵੀਰਾਂ ਤੋਂ ਪਤਾ ਚੱਲਦਾ ਸੀ ਕਿ ਧਮਾਕਿਆਂ ਲਈ ਵਰਤੇ ਬਾਲ ਬੇਅਰਿੰਗਾਂ ਕਾਰਨ ਗਿਰਜਾਘਰਾਂ ਦੀਆਂ ਕੰਧਾਂ ’ਤੇ ਨਿਸ਼ਾਨ ਪੈ ਗਏ ਹਨ। ਹਮਲੇ ਦੇ ਰੋਸ ਵਜੋਂ ਈਸਾਈਆਂ ਨੇ ਲੇਡੀ ਰੀਡਿੰਗ ਹਸਪਤਾਲ ਵਿੱਚ ਮੁਜ਼ਾਹਰਾ ਕੀਤਾ ਅਤੇ ਉਨ੍ਹਾਂ ਜੀਟੀ ਰੋਡ ’ਤੇ ਲਾਸ਼ਾਂ ਰੱਖ ਕੇ ਆਵਾਜਾਈ ਠੱਪ ਕੀਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲੇ ਵਾਲੀ ਥਾਂ ’ਤੇ ਮ੍ਰਿਤਕਾਂ ਦੇ ਅੰਗ, ਲਹੂ ਨਾਲ ਭਿੱਜੇ ਕੱਪੜੇ, ਜੁੱਤੇ ਅਤੇ ਹੋਰ ਸਾਮਾਨ ਖਿਲਰਿਆ ਪਿਆ ਸੀ। ਕਿਸੇ ਵੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਧਾਰਮਿਕ ਘੱਟ ਗਿਣਤੀਆਂ ’ਤੇ ਪਹਿਲਾਂ ਹੋਏ ਹਮਲਿਆਂ ਲਈ ਤਾਲਿਬਾਨ ਅਤੇ ਇਸ ਦੇ ਸਾਥੀ ਅਤਿਵਾਦੀ ਗਰੁੱਪਾਂ ਨੂੰ ਕਸੂਰਵਾਰ ਮੰਨਿਆ ਜਾਂਦਾ ਹੈ। ਇਸ ਸਾਲ ਮਾਰਚ ਵਿੱਚ ਇੱਕ ਜਨੂੰਨੀ ਭੀੜ ਨੇ ਲਾਹੌਰ ’ਚ ਈਸਾਈ ਕਲੋਨੀ ਨੂੰ ਅੱਗ ਲਗਾ ਦਿੱਤੀ ਸੀ ਜਿਸ ਕਰਕੇ 100 ਦੇ ਕਰੀਬ ਘਰ ਸੜ ਗਏ ਸਨ।
ਅਲ ਸੇਂਟਜ਼ ਚਰਚ ਉੱਤਰ-ਪੱਛਮੀ ਪਾਕਿਸਤਾਨ ਦੇ ਸਭ ਤੋਂ ਪੁਰਾਣੇ ਗਿਰਜਾਘਰਾਂ ’ਚੋਂ ਇੱਕ ਹੈ ਅਤੇ ਇਸ ਦਾ ਨਿਰਮਾਣ ਬਰਤਾਨਵੀ ਰਾਜ ਵੇਲੇ 1883 ਵਿੱਚ ਹੋਇਆ ਸੀ। ਪਿਸ਼ਾਵਰ ਦੇ ਕੋਹਾਟੀ ਗੇਟ ਇਲਾਕੇ ’ਚ ਹਾਲੀਆ ਸਾਲਾਂ ਦੌਰਾਨ ਕਈ ਅਤਿਵਾਦੀ ਹਮਲੇ ਹੋਏ ਹਨ।  ਆਵਾਮੀ ਨੈਸ਼ਨਲ ਪਾਰਟੀ ਦੇ ਆਗੂ ਅਤੇ ਸਾਬਕਾ ਸੂਚਨਾ ਮੰਤਰੀ ਮੀਆਂ ਇਫਤਿਖਾਰ ਹੁਸੈਨ ਹਮਲੇ ਵਾਲੀ ਥਾਂ ’ਤੇ ਪੁੱਜੇ ਅਤੇ ਉਨ੍ਹਾਂ ਪੀੜਤ ਭਾਈਚਾਰੇ ਨਾਲ ਹਮਦਰਦੀ ਜ਼ਾਹਰ ਕੀਤੀ। ਕੌਂਸਲ ਫਾਰ ਇੰਟਰਨੈਸ਼ਨਲ ਰਿਲੀਜਨ ਨੇ ਤਿੰਨ ਦਿਨਾ ਸੋਗ ਦਾ ਐਲਾਨ ਕਰਦਿਆਂ ਕਿਹਾ ਕਿ ਪਿਸ਼ਾਵਰ ਦੇ ਸਾਰੇ ਮਿਸ਼ਨਰੀ ਸਕੂਲ ਅਤੇ ਕਾਲਜ ਤਿੰਨ ਦਿਨਾਂ ਲਈ ਬੰਦ ਰਹਿਣਗੇ।

Facebook Comment
Project by : XtremeStudioz