Close
Menu

ਪਿੰਜਰੇ ‘ਚ ਬੰਦ ਸੀ.ਬੀ.ਆਈ. ਕਾਂਗਰਸ ਨੂੰ ਦੇ ਰਹੀ ਹੈ 24 ਘੰਟੇ ਸੇਵਾਵਾਂ : ਸੁਖਬੀਰ ਬਾਦਲ

-- 09 August,2013

1-51

ਚੰਡੀਗੜ੍ਹ,9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਘੱਟ ਗਿਣਤੀ ਵਾਲੀ ਯੂ.ਪੀ.ਏ. ਸਰਕਾਰ ਨੂੰ ਸੱਤ੍ਹਾ ‘ਚ ਬਣਾਈ ਰੱਖਣ ਸੀ.ਬੀ.ਆਈ.  24 ਘੰਟੇ ਸੇਵਾਵਾਂ ਦੇ ਰਹੀ ਹੈ ਤੇ ਮਾਇਆਵਤੀ, ਮੁਲਾਇਮ ਸਿੰਘ ਯਾਦਵ ਤੇ ਲਾਲੂ ਪ੍ਰਸ਼ਾਦ ਯਾਦਵ ਤੇ ਹੋਰਨਾਂ ਸਹਿਯੋਗੀਅÎਾਂ ਵਿਰੁੱਧ ਝੂਠੇ ਕੇਸ ਪਾ ਕੇ  ਯੂ.ਪੀ.ਏ. ਸਰਕਾਰ ਦੀ ਡੁੱਬਦੀ ਬੇੜ੍ਹੀ ਨੂੰ ਠੁੰਮਣਾ ਦਿੱਤਾ ਜਾ ਰਿਹਾ ਹੈ।

ਅੱਜ ਇੱਥੇ ਕਾਂਗਰਸ ਸਰਕਾਰ ਵੇਲੇ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰੀ ਰਵਿੰਦਰ ਸਿੰਘ ਬੱਬਲ ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰਨ ਮੌਕੇ ਬਸਪਾ ਸੁਪਰੀਮੋ ਮਾਇਆਵਤੀ ਵਿਰੁੱਧ ਸ੍ਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਰੱਦ ਕਰਨ ਬਾਰੇ  ਗੱਲਬਾਤ  ਕਰਦਿਆਂ ਸ. ਬਾਦਲ ਨੇ ਕਿਹਾ ਕਿ  ਹਾਲਤ ਇੱਥੋਂ ਤੱਕ ਨਿੱਘਰ ਚੁੱਕੀ ਹੈ ਕਿ ਸੁਪਰੀਮ ਕੋਰਟ ਨੂੰ ਵੀ ਸੀ.ਬੀ.ਆਈ. ਨੂੰ ਪਿੰਜਰੇ ਵਿਚ ਬੰਦ ਤੋਤਾ ਕਹਿਣਾ ਪਿਆ ਸੀ ਤੇ ਅਦਾਲਤ ਨੇ ਸੀ.ਬੀ.ਆਈ. ਨੂੰ ਖੁਦਮੁਖਤਿਆਰੀ ਦੇਣ ਸਬੰਧੀ ਕੇਂਦਰ ਸਰਕਾਰ ਕੋਲੋਂ ਰਿਪੋਰਟ ਮੰਗੀ ਸੀ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਨੂੰ ਅੰਸ਼ਕ ਖੁਦਮੁਖਤਿਆਰੀ ਦੇਣ ਸਬੰਧੀ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦੇਣ ਪਿੱਛੋਂ ਹੁਣ ਜਦ ਕਾਂਗਰਸ ਨੂੰ ਇਹ ਲੱਗਾ ਕਿ ਇਸ ਤਰ੍ਹਾਂ ਨਾਲ ਉਸਦਾ ਸਹਿਯੋਗੀਆਂ ‘ਤੇ ਸੀ.ਬੀ.ਆਈ. ਵਾਲਾ ਪੰਜਾ ਢਿੱਲਾ  ਪੈ ਜਾਵੇਗਾ ਤਾਂ ਸਰਕਾਰ ਉਸ ਹਲਫੀਆ ਬਿਆਨ ਨੂੰ ਵਾਪਸ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਜਾਣਦੇ ਹਨ ਕਿ ਜੇਕਰ Îਮਾਇਆਵਤੀ, ਮੁਲਾਇਮ ਸਿੰਘ ਯਾਦਵ ਤੇ ਲਾਲੂ ਯਾਦਵ ਕਾਂਗਰਸ ਨੂੰ  ਸਮਰਥਨ ਦੇ ਰਹੇ ਹਨ ਤਾਂ ਉਸਦਾ ਕਾਰਨ ਉਨ੍ਹਾਂ ਵਿਰੁੱਧ ਸੀ.ਬੀ.ਆਈ. ਦੇ ਝੂਠੇ ਕੇਸ ਹਨ। ਸੀ.ਬੀ.ਆਈ. ਨੂੰ ਮੁਕੰਮਲ ਖੁਦਮੁਖਤਿਆਰੀ ਦੇਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਵਿਚ ਲੋਕਤੰਤਰ ਨੂੰ ਬਚਾਉਣ ਲਈ  ਇਹ ਜ਼ਰੂਰੀ ਹੈ।

ਪੁੰਛ ਖੇਤਰ ਵਿਚ ਪਾਕਿਸਤਾਨੀ ਫੌਜ ਵਲੋਂ ਪੰਜ ਭਾਰਤੀ ਜਵਾਨਾਂ ਦੀ ਹੱਤਿਆ ਨੂੰ ਕੇਂਦਰ ਸਰਕਾਰ ਵਲੋਂ ਮਖੌਲ ਬਣਾਉਣ ‘ਤੇ ਕਾਂਗਰਸ ‘ਤੇ ਵਰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਨਖਿੱਧ ਲੀਡਰਸ਼ਿਪ ਕਾਰਨ ਬਦਨਾਮੀ ਖੱਟ ਰਿਹਾ ਹੈ ਅਤੇ ਸਿਰਫ ਫੈਸਲਾਕੁੰਨ ਲੀਡਰਸ਼ਿਪ ਅਤੇ ਸਖ਼ਤ ਪ੍ਰਧਾਨ ਮੰਤਰੀ ਹੀ ਦੇਸ਼ ਦਾ ਗੁਆਚਾ ਮਾਣ ਸਨਮਾਣ ਬਹਾਲ ਕਰ ਸਕਦਾ ਹੈ।

ਕਾਂਗਰਸੀ ਆਗੂਆਂ ਵਲੋਂ ਧੜਾ ਧੜ ਅਕਾਲੀ ਦਲ ਵਿਚ ਸ਼ਾਮਲ ਹੋਣ ਸਬੰਧੀ ਸ. ਬਾਦਲ ਨੇ ਕਿਹਾ ਕਿ ਜਨਤਕ ਅਧਾਰ ਵਾਲਾ ਹਰ ਆਗੂ ਕਾਂਗਰਸ ਵਿਚ ਨਿਰਾਸ਼ ਹੈ ਅਤੇ ਉਨ੍ਹਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਸਿਰਫ ਅਕਾਲੀ ਦਲ ਹੀ ਵਰਕਰਾਂ ਦੀ ਕਦਰ ਕਰਦਾ ਹੈ। ਉਨ੍ਹਾਂ ਕਿਹਾ ਕਿ ‘ਅਕਾਲੀ ਦਲ ਵਿਚ ਕੋਈ ਅਜਿਹੀ ਹਾਈ ਕਮਾਂਡ ਨਹੀਂ ਜੋ ਸ਼ੀਸ਼ੇ ਦੇ ਘਰਾਂ ਵਿਚ ਬਹਿਕੇ ਹੁਕਮ ਚਲਾਉਂਦੀ ਹੋਵੇ’।

ਉਨ੍ਹਾਂ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ‘ਸਾਡੀ ਪਾਰਟੀ ਵਿਚ ਹਰ ਵਰਕਰ ਨੂੰ 128 ਕੇ.ਵੀ ਦੇ ਗਰਿੱਡ ਤੋਂ ਸਿੱਧੀ ਬਿਜਲੀ ਮਿਲਦੀ ਹੈ ਜਦਕਿ ਕਾਂਗਰਸ ਵਿਚ ਆਪਣਾ ਬਣਦਾ ਹੱਕ ਲੈਣ ਲਈ ਹਰ ਵਰਕਰ ਨੂੰ ਕੁੰਡੀ ਲਾਉਣੀ ਪੈਂਦੀ ਹੈ’।

ਅਗਲੇ ਤਿੰਨ ਸਾਲਾਂ ਵਿਚ ਪੰਜਾਬ ਦੀ ਕਾਇਆ ਕਲਪ ਕਰਨ ਦਾ ਵਾਅਦਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹਨਾਂ ਪਹਿਲਾਂ ਹੀ ਹਰ ਸ਼ਹਿਰ ਦੀ ਲੋੜ ਅਨੁਸਾਰ ਉਸ ਦੇ ਵਿਕਾਸ ਪਲਾਨ ਨੂੰ ਮੰਜ਼ੂਰੀ ਦੇ ਦਿੱਤੀ ਹੈ ਅਤੇ ਅਗਲੇ ਮਹੀਨੇ ਇਨ੍ਹਾਂ ਸਬੰਧੀ ਟੈਂਡਰ ਵੀ ਹੋ ਜਾਣਗੇ। ਅਕਾਲੀ ਦਲ ਵਿਚ ਸ਼੍ਰੀ ਰਵਿੰਦਰ ਸਿੰਘ ਬੱਬਲ ਦਾ ਸਵਾਗਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਾਰਟੀ ਵਿਚ ਹਰ ਵਰਕਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਇਸ ਇਲਾਕੇ ਦੀਆਂ ਵਿਕਾਸ ਯੋਜਨਾਵਾਂ ਵਿਚ ਸ਼੍ਰੀ ਬੱਬਲ ਦੇ ਵਿਚਾਰਾਂ ਨੂੰ ਵੱਡੀ ਅਹਿਮੀਅਤ ਦਿੱਤੀ ਜਾਵੇਗੀ।

ਹੁਸੈਨੀਵਾਲਾ ਬਾਰਡਰ ਨੂੰ ਵਪਾਰ ਲਈ ਖੋਲ੍ਹਣ ਸਬੰਧੀ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਜਾਣ ਬੁੱਝ ਕੇ ਇਸ ਵਿਚ ਅੜਿੱਕੇ ਡਾਹ ਰਹੀ ਹੈ।

ਆਟਾ ਦਾਲ ਸਕੀਮ ਦੀ ਵਿਸਥਾਰ ਸਬੰਧੀ ਗਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਵਿਚ 15 ਲੱਖ ਹੋਰ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਜਿਥੇ ਮੈਰਿਟ ਵਾਲੇ ਵਿਦਿਆਰਥੀਆਂ ਨੂੰ 30 ਹਜ਼ਾਰ ਰੁਪਏ ਸਾਲਾਨਾ ਵਜੀਫਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਉਥੇ ਹਰ ਆਟਾ ਦਾਲ ਸਕੀਮ ਤਹਿਤ ਆਉਣ ਵਾਲੇ ਪਰਿਵਾਰ ਦਾ 30 ਹਜ਼ਾਰ ਰੁਪਏ ਤੱਕ ਦਾ ਮੁਫਤ ਇਲਾਜ਼ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਾਰੀਆਂ ਲਿੰਕ ਸੜਕਾਂ ਦੇ ਨਵੀਨੀਕਰਨ ਲਈ 1700 ਕਰੋੜ ਰੁਪਏ ਦਾ ਪ੍ਰਾਜੈਕਟ ਮਨਜੂਰ ਕਰ ਦਿੱਤਾ ਗਿਆ ਹੈ ਅਤੇ ਸਾਰੇ ਸ਼ਹਿਰਾਂ ਨੂੰ 4/6 ਮਾਰਗੀ ਸੜਕਾਂ ਨਾਲ ਜੋੜਣ ਦੀ 40,000 ਕਰੋੜ ਰੁਪਏ ਖਰਚੇ ਜਾ ਰਹੇ ਹਨ।

ਇਸ ਮੌਕੇ ਮੁੱਖ ਤੌਰ ‘ਤੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ, ਸੰਸਦ ਸ਼ੇਰ ਸਿੰਘ ਘੁਬਾਇਆ, ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਸਾਬਕਾ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ, ਅਕਾਲੀ ਆਗੂ ਵਰਦੇਵ ਸਿੰਘ ਮਾਨ ਆਦਿ ਹਾਜ਼ਰ ਸਨ।

Facebook Comment
Project by : XtremeStudioz