Close
Menu

ਪੀਐਮਐਲ (ਐਨ) ਆਗੂਆਂ ’ਤੇ ਹਮਲੇ ਕਰਾਂਗੇ: ਤਾਲਿਬਾਨ

-- 05 November,2013

ਇਸਲਾਮਾਬਾਦ,5 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ ਨਵਾਜ਼ ਸ਼ਰੀਫ ਸਰਕਾਰ ਨਾਲ ਗੱਲਬਾਤ ਨਹੀਂ ਕਰਨਗੇ ਸਗੋਂ ਸੱਤਾਧਾਰੀ ਧਿਰ ਨੂੰ ਇਸ ਖਿੱਤੇ ਵਿਚ ਅਮਰੀਕਾ ਨੂੰ ਸਹਿਯੋਗ ਦੇਣ ਕਾਰਨ ਇਸ ਪਾਰਟੀ ਦੇ ਆਗੂਆਂ ਨੂੰ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾਵੇਗਾ। ਅਮਰੀਕੀ ਡਰੋਨ ਹਮਲੇ ਵਿਚ ਮਰੇ ਜਥੇਬੰਦੀ ਦੇ ਮੁਖੀ ਹਕੀਮਉੱਲਾ ਮਹਿਸੂਦ ਦੀ ਮੌਤ ਦਾ ਬਦਲਾ ਵੀ ਛੇਤੀ ਲਿਆ ਜਾਏਗਾ।
‘ਜੀਓ ਨਿਊਜ਼’ ਚੈਨਲ ਅਨੁਸਾਰ ਉਪਰੋਕਤ ਜਥੇਬੰਦੀ ਦੇ ਇਕ ਸੀਨੀਅਰ ਕਮਾਂਡਰ, ਜਿਸ ਦਾ ਨਾਂ ਨਹੀਂ ਦੱਸਿਆ ਗਿਆ ਕਿ ਉਹ ਬਹੁਤ ਛੇਤੀ ਪੀਐਮਐਲ-ਐਨ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣਗੇ। ਤਾਲਿਬਾਨ ਦੇ ਬੁਲਾਰੇ ਸ਼ਾਹਿਦਉਲਾ ਸ਼ਾਹਿਦ ਨੇ ਕਿਹਾ, ‘‘ਤਾਲਿਬਾਨ ਨੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨ ਦਾ ਫੈਸਲਾ ਇਹ ਸੋਚ ਕੇ ਲਿਆ ਸੀ ਕਿ ਹਮਲਿਆਂ ਵਿਚ ਪਾਕਿਸਤਾਨ ਦੇ ਨਿਰਦੋਸ਼ ਲੋਕਾਂ ਨੂੰ ਮਰਨ ਤੋਂ ਰੋਕਿਆ ਜਾਏ।
ਹੁਣ ਸਾਬਤ ਹੋ ਗਿਆ ਹੈ ਕਿ ਪਾਕਿਸਤਾਨ ਸਰਕਾਰ ਗੱਲਬਾਤ ਲਈ ਸੰਜੀਦਾ ਨਹੀਂ ਸਗੋਂ ਇਸ ਖਿੱਤੇ ਵਿਚ ਅਮਰੀਕਾ ਨੂੰ ਸਹਿਯੋਗ ਕਰ ਰਹੀ ਹੈ। ਇਸ ਲਈ ਤਾਲਿਬਾਨ ਸਰਕਾਰ ਨਾਲ ਗੱਲਬਾਤ ਨਹੀਂ ਕਰੇਗੀ ਸਗੋਂ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਦੇਵੇਗੀ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਦੋਹਰੀ ਖੇਡ ਖੇਡਣ ਦੀ ਕੀਮਤ ਚੁਕਾਉਣੀ ਪਏਗੀ।’’
ਬੁਲਾਰੇ ਨੇ ਇਹ ਵੀ ਕਿਹਾ, ‘‘ਹਕੀਮਉੱਲਾ ਦੀ ਹੱਤਿਆ ਤਾਲਿਬਾਨ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੀ ਘਾਟ ਹਮੇਸ਼ਾ ਬਹੁਤ ਰੜਕਦੀ ਰਹੇਗੀ। ਇਹ ਸਾਡੇ ਲਈ ਵੱਡਾ ਸਦਮਾ ਹੋਣ ਕਾਰਨ ਅਸੀਂ ਅਜੇ ਉਨ੍ਹਾਂ ਦਾ ਪੱਕਾ ਵਾਰਿਸ ਨਹੀਂ ਚੁਣ ਸਕੇ। ਕੁਝ ਦਿਨਾਂ ਵਿਚ ਹੀ ਨਵਾਂ ਆਗੂ ਚੁਣ ਲਿਆ ਜਾਏਗਾ।’’
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਸਮਤੁੱਲਾ ਸ਼ਹੀਨ ਭਿਟਾਨੀ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੀ ਕੇਂਦਰੀ ਸ਼ੂਰਾ ਦਾ ਆਮੀਰ ਚੁਣਿਆ ਗਿਆ ਹੈ, ਐਕਟਿੰਗ ਆਮੀਰ ਨਹੀਂ। ਨਵੀਂ ਨਿਯੁਕਤੀ ਤੱਕ ਉਹ ਜਥੇਬੰਦੀ ਦਾ ਕੰਮ ਸੰਭਾਲਣਗੇ।

Facebook Comment
Project by : XtremeStudioz