Close
Menu

ਪੀ. ਜੀ. ਆਈ. ਭਰੇਗਾ 17 ਲੱਖ ਮੁਆਵਜ਼ਾ

-- 22 May,2015

ਚੰਡੀਗੜ੍ਹ-ਨੈਸ਼ਨਲ ਕੰਜ਼ਿਊਮਰ ਕੋਰਟ ਨੇ ਵਿਦਿਆਰਥੀ ਅਨੁਪਮਾ ਦੀ ਮੌਤ ਦੇ ਮਾਮਲੇ ‘ਚ ਦਾਇਰ ਅਪੀਲ ‘ਚ ਓਪਨ ਕੋਰਟ ‘ਚ ਸੁਣਵਾਈ ਦੌਰਾਨ ਕਿਹਾ ਕਿ ਅਨੁਪਮਾ ਦਾ ਪਰਿਵਾਰ 20 ਲੱਖ ਰੁਪਏ ਮੁਆਵਜ਼ੇ ਦਾ ਅਧਿਕਾਰੀ ਹੈ। ਜਸਟਿਸ ਵੀ. ਬੀ. ਗੁਪਤਾ ਅਤੇ ਡਾ. ਸੁਰੇਸ਼ ਚੰਦਰਾ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ ਹੈ। ਇਸ ਤੋਂ ਪਹਿਲਾ ਸਟੇਟ ਕਮਿਸ਼ਨ ਨੇ ਮਾਮਲੇ ‘ਚ ਕੁਲ 10 ਲੱਖ ਦਾ ਮੁਆਵਜ਼ਾ ਸਵੀਕਾਰ ਕੀਤਾ ਸੀ ਜਿਸ ‘ਚ ਪੀ. ਜੀ. ਆਈ. ਨੂੰ 7 ਲੱਖ ਤੇ ਸੀ. ਟੀ. ਯੂ. ਨੂੰ 3 ਲੱਖ ਰੁਪਏ ਮੁਆਵਜ਼ੇ ਦੇ ਤੌਰ ‘ਤੇ ਭਰਨ ਦੇ ਆਦੇਸ਼ ਦਿੱਤੇ ਸਨ। ਦਾਇਰ ਮਾਮਲੇ ‘ਚ ਸੀ. ਟੀ. ਯੂ. ਦੇ ਡ੍ਰਾਈਵਰ ਨੂੰ ਉਤਾਵਲੇਪਣ ‘ਚ ਡ੍ਰਾਈਵਿੰਗ ਦਾ ਦੋਸ਼ੀ ਦੱਸਿਆ ਗਿਆ ਸੀ। ਸੀ. ਟੀ. ਯੂ. ਨੇ ਆਪਣੇ ਹਿੱਸੇ ਦੀ ਰਕਮ ਭਰ ਦਿੱਤੀ ਸੀ। ਇਸ ਫੈਸਲੇ ਦੇ ਖਿਲਾਫ ਅਨੁਪਮਾ ਸਰਕਾਰ ਦੇ ਪਰਿਵਾਰ ਵਲੋਂ ਵਕੀਲ ਪੰਕਜ ਚਾਂਦਗੋਠੀਆ ਨੇ ਇਹ ਕੇਸ ਲੜਿਆ ਸੀ। ਚਾਂਦਗੋਠੀਆ ਦੇ ਮੁਤਾਬਕ ਕਮਿਸ਼ਨ ਨੇ ਦਾਇਰ ਅਪੀਲ ‘ਚ 10 ਲੱਖ ਰੁਪਏ ਮੁਆਵਜ਼ਾ ਵਧਾਇਆ ਹੈ। ਹੁਣ ਪੀ. ਜੀ. ਆਈ. ਨੂੰ ਕੁਲ 17 ਲੱਖ ਰੁਪਏ ਮੁਆਵਜ਼ਾ ਭਰਨਾ ਹੋਵੇਗਾ। ਮਾਮਲੇ ‘ਚ ਬੀਤੀ 18 ਅਪ੍ਰੈਲ ਨੂੰ ਅੰਤਿਮ ਬਹਿਸ ਪੂਰੀ ਹੋਈ ਸੀ। ਇਸ ਤੋਂ ਪਹਿਲਾਂ ਸਟੇਟ ਕਮਿਸ਼ਨ ਨੇ 1 ਅਪ੍ਰੈਲ, 2013 ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਪੀ. ਜੀ. ਆਈ. ਨੂੰ ਅਨੁਪਮਾ ਦੇ ਇਲਾਜ ‘ਚ ਲਾਪਰਵਾਹੀ ਦਾ ਦੋਸ਼ੀ ਪਾਉਂਦੇ ਹੋਏ ਇਸ ਨੂੰ 7 ਲੱਖ ਰੁਪਏ ਮੁਆਵਜ਼ਾ ਭਰਨ ਦੇ ਆਦੇਸ਼ ਦਿੱਤੇ ਸਨ। ਇਸ ਫੈਸਲੇ ‘ਚ ਰਕਮ ਨੂੰ ਘੱਟ ਦੱਸ ਕੇ ਅਪੀਲ ਦਾਇਰ ਕੀਤੀ ਗਈ ਸੀ। ਮਾਮਲੇ ਨੂੰ ਲੈ ਕੇ ਗਠਿਤ ਕੀਤੀ ਗਈ ਬਾਹਰੀ ਜਾਂਚ ਕਮੇਟੀ ਨੇ ਅਗਸਤ 2012 ‘ਚ ਸੌਂਪੀ ਆਪਣੀ ਰਿਪੋਰਟ ‘ਚ ਕਿਹਾ ਗਿਆ ਸੀ ਕਿ ਅਨੁਪਮਾ ਦੇ ਇਲਾਜ ‘ਚ ਪਹਿਲ ਦਿੱਤੀ ਜਾਣੀ ਚਾਹੀਦੀ ਸੀ। ਸੈਕਟਰ-18 ਦੇ ਇਕ ਸਰਕਾਰੀ ਸਕੂਲ ‘ਚ 11ਵੀਂ ਦੀ ਵਿਦਿਆਰਥਣ 16 ਸਾਲਾ ਅਨੁਪਮਾ 17 ਜੁਲਾਈ 2012 ਨੂੰ ਛੁੱਟੀ ਦੌਰਾਨ ਸੀ. ਟੀ. ਯੂ. ਦੀ ਬੱਸ ‘ਚ ਚੜ੍ਹਨ ਸਮੇਂ ਡਿੱਗ ਗਈ ਸੀ ਅਤੇ ਉਸ ਦਾ ਪੈਰ ਟਾਇਰ ਦੇ ਹੇਠਾਂ ਆ ਗਿਆ ਸੀ। ਉਸ ਨੂੰ ਪੀ. ਜੀ. ਆਈ. ਦੇ ਐਡਵਾਂਸ ਟ੍ਰਾਮਾ ਸੈਂਟਰ ‘ਚ ਇਲਾਜ ਲਈ ਲਿਜਾਇਆ ਗਿਆ ਸੀ ਜਿਥੇ ਕਥਿਤ ਤੌਰ ‘ਤੇ ਇਲਾਜ ‘ਚ ਦੇਰੀ ਕਾਰਨ ਉਸ ਦੇ ਪੈਰ ‘ਚ ਜ਼ਹਿਰ ਫੈਲ ਗਿਆ ਅਤੇ 20 ਜੁਲਾਈ ਨੂੰ ਉਸ ਦਾ ਪੈਰ ਕੱਟਣਾ ਪਿਆ ਜਿਸਦੇ ਬਾਅਦ 24 ਜੁਲਾਈ ਨੂੰ ਉਸ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰ ਵਲੋਂ ਵਕੀਲ ਚਾਂਦਗੋਠੀਆ ਨੇ 85 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ਸੀ। ਅਨੁਪਮਾ ਆਪਣੇ ਪਿਤਾ ਅਮਿਤ ਸਰਕਾਰ ਅਤੇ ਮਾਂ ਕੋਨਿਕਾ ਸਰਕਾਰ ਦੀ ਇਕਲੌਤੀ ਸੰਤਾਨ ਸੀ।

Facebook Comment
Project by : XtremeStudioz