Close
Menu

ਪੁਜਾਰਾ ਤੇ ਵਿਰਾਟ ਬਰਕਰਾਰ, ਧੋਨੀ 4 ਸਥਾਨ ਡਿਗਿਆ

-- 01 January,2014

ਦੁਬਈ – ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੱਖਣੀ ਅਫਰੀਕਾ ਵਿਰੁੱਧ ਡਰਬਨ ਟੈਸਟ ਵਿਚ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਆਈ. ਸੀ. ਸੀ. ਦੀ ਤਾਜ਼ਾ ਰੈਂਕਿੰਗ ‘ਚ ਚਾਰ ਸਥਾਨ ਡਿਗ ਕੇ 27ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਚੇਤੇਸ਼ਵਰ ਪੁਜਾਰਾ ਤੇ ਵਿਰਾਟ ਕੋਹਲੀ ਆਪਣੇ-ਆਪਣੇ ਸਥਾਨਾਂ ‘ਤੇ ਬਰਕਰਾਰ ਹਨ।
ਧੋਨੀ ਸੋਮਵਾਰ ਨੂੰ ਖਤਮ ਹੋਏ ਡਰਬਨ ਟੈਸਟ ਦੀ ਪਹਿਲੀ ਪਾਰੀ ‘ਚ 24 ਅਤੇ ਦੂਜੀ ਪਾਰੀ ‘ਚ 15 ਦੌੜਾਂ ਹੀ ਬਣਾ ਸਕਿਆ ਸੀ। ਭਾਰਤ ਨੂੰ ਇਸ ਟੈਸਟ ‘ਚ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਦੇ ਨਾਲ ਹੀ ਉਸ ਨੂੰ ਦੋ ਮੈਚਾਂ ਦੀ ਲੜੀ 0-1 ਨਾਲ ਗੁਆਉਣੀ ਪਈ ਸੀ। ਧੋਨੀ ਇਸ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ 23ਵੇਂ ਸਥਾਨ ‘ਤੇ ਸੀ ਪਰ ਹੁਣ ਉਹ 27ਵੇਂ ਨੰਬਰ ‘ਤੇ ਪਹੁੰਚ ਗਿਆ ਹੈ।
ਟੀਮ ਇੰਡੀਆ ਦਾ ਨਵਾਂ ਭਰੋਸੇਮੰਦ ਪੁਜਾਰਾ ਡਰਬਨ ਟੈਸਟ ਦੀ ਪਹਿਲੀ ਪਾਰੀ ‘ਚ 70 ਦੌੜਾਂ ਬਣਾ ਕੇ ਆਪਣੇ ਸੱਤਵੇਂ ਸਥਾਨ ਨੂੰ ਬਚਾਉਣ ‘ਚ ਸਫਲ ਰਿਹਾ। ਇਸੇ ਤਰ੍ਹਾਂ 46 ਦੌੜਾਂ ਦੀ ਪਾਰੀ ਖੇਡਣ ਵਾਲਾ ਵਿਰਾਟ ਵੀ ਆਪਣੇ 11ਵੇਂ ਨੰਬਰ ‘ਤੇ ਬਣਿਆ ਹੋਇਆ ਹੈ। ਪਹਿਲੀ ਪਾਰੀ ‘ਚ 97 ਦੌੜਾਂ ਬਣਾਉਣ ਵਾਲਾ ਓਪਨਰ ਮੁਰਲੀ ਵਿਜੇ ਛੇ ਸਥਾਨਾਂ ਦੀ ਛਲਾਂਗ ਲਗਾ ਕੇ 38ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਰੋਹਿਤ ਸ਼ਰਮਾ ਇਕ ਸਥਾਨ ਦੇ ਸੁਧਾਰ ਨਾਲ ਹੁਣ 45ਵੇਂ ਨੰਬਰ ‘ਤੇ ਆ ਗਿਆ ਹੈ। ਮੈਚ ਦੀ ਦੂਜੀ ਪਾਰੀ ‘ਚ ਸਾਹਸੀ 96 ਦੌੜਾਂ ਬਣਾਉਣ ਵਾਲਾ ਅਜਿੰਕਯ ਰਹਾਨੇ ਆਈ. ਸੀ. ਸੀ. ਰੈਂਕਿੰਗ ‘ਚ ਸਿੱਧੇ 60ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਗੇਂਦਬਾਜ਼ੀ ਵਿਚ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਸੱਤਵੇਂ ਤੇ ਲੈਫਟ ਆਰਮ ਸਪਿਨਰ ਪ੍ਰਗਿਆਨ ਓਝਾ 8ਵੇਂ ਸਥਾਨ ‘ਤੇ ਬਣਿਆ ਹੋਇਆ ਹੈ।
ਡਰਬਨ ਟੈਸਟ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਇਕ ਸਥਾਨ ਦੇ ਸੁਧਾਰ ਨਾਲ 21ਵੇਂ ਸਥਾਨ ‘ਤੇ ਆ ਗਿਆ ਹੈ। ਇਸ਼ਾਂਤ ਸ਼ਰਮਾ ਸੱਤ ਸਥਾਨ ਡਿਗ ਕੇ 32ਵੇਂ ਤੇ ਮੁਹੰਮਦ ਸ਼ੰਮੀ ਦੋ ਸਥਾਨ ਹੇਠਾਂ 44ਵੇਂ ਸਥਾਨ ‘ਤੇ ਪਹੁੰਚ ਗਿਆ ਹੈ।  ਦੱਖਣੀ ਅਫਰੀਕਾ ਦੀ ਦੂਜੀ ਪਾਰੀ ‘ਚ 6 ਵਿਕਟਾਂ ਲੈਣ ਵਾਲਾ ਰਵਿੰਦਰ ਜਡੇਜਾ ਚਾਰ ਸਥਾਨ ਦੇ ਸੁਧਾਰ ਨਾਲ 22ਵੇਂ ਸਥਾਨ ‘ਤੇ ਆ ਗਿਆ ਹੈ।

Facebook Comment
Project by : XtremeStudioz