Close
Menu

ਪੁਜਾਰਾ ਦਾ ਸੈਂਕੜਾ, ਭਾਰਤ ਮਜ਼ਬੂਤ

-- 21 December,2013

ਜੋਹਾਨਸਬਰਗ – ਟੀਮ ਇੰਡੀਆ ਦੀ ਨਵੀਂ ਦੀਵਾਰ ਚੇਤੇਸ਼ਵਰ ਪੁਜਾਰਾ (ਅਜੇਤੂ 135) ਦੇ ਵਿਦੇਸ਼ੀ ਜ਼ਮੀਨ ‘ਤੇ ਪਹਿਲੇ ਸੈਂਕੜੇ ਤੇ ਉਸਦੀ ਵਿਰਾਟ ਕੋਹਲੀ (ਅਜੇਤੂ 77) ਨਾਲ ਤੀਜੀ ਵਿਕਟ ਲਈ 191 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਵਿਸ਼ਵ ਦੀ ਨੰਬਰ ਇਕ ਟੀਮ ਦੱਖਣੀ ਅਫਰੀਕਾ ‘ਤੇ ਪਹਿਲੇ ਕ੍ਰਿਕਟ ਟੈਸਟ ਵਿਚ ਆਪਣਾ ਸ਼ਿਕੰਜਾ ਕੱਸਦੇ ਹੋਏ ਮਜ਼ਬੂਤ ਸਥਿਤੀ ਹਾਸਲ ਕਰ ਲਈ।
ਭਾਰਤ ਨੇ ਸ਼ੁੱਕਰਵਾਰ ਨੂੰ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਦੋ ਵਿਕਟਾਂ ‘ਤੇ 284 ਦੌੜਾਂ ਬਣਾ ਲਈਆਂ ਤੇ ਮੈਚ ਵਿਚ ਉਸਦੀ ਕੁਲ ਬੜ੍ਹਤ 320 ਦੌੜਾਂ ਦੀ ਹੋ ਗਈ ਹੈ। ਭਾਰਤ ਹੁਣ ਇਸ ਮੈਚ ਵਿਚ ਡਰਾਈਵਿੰਗ ਸੀਟ ‘ਤੇ ਪਹੁੰਚ ਚੁੱਕਾ ਹੈ। ਤੇਜ਼ ਗੇਂਦਬਾਜ਼ਾਂ ਜ਼ਹੀਰ ਖਾਨ ਤੇ ਇਸ਼ਾਂਤ ਸ਼ਰਮਾ ਨੇ ਇਸ ਤੋਂ ਪਹਿਲਾਂ ਚਾਰ-ਚਾਰ ਵਿਕਟਾਂ ਲੈ ਕੇ ਦੱਖਣੀ ਅਫਰੀਕਾ ਨੂੰ ਸਵੇਰੇ 244 ਦੌੜਾਂ ‘ਤੇ ਢੇਰ ਕਰਕੇ ਭਾਰਤ ਨੂੰ ਪਹਿਲੀ ਪਾਰੀ ਵਿਚ 36 ਦੌੜਾਂ ਦੀ ਅਹਿਮ ਬੜ੍ਹਤ ਦਿਵਾਈ।
ਭਾਰਤੀ ਬੱਲੇਬਾਜ਼ਾਂ ਨੇ ਆਪਣੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਇਸ ਦੇ ਬਾਅਦ ਪ੍ਰਵਾਨ ਚੜ੍ਹਾਇਆ, ਹਾਲਾਂਕਿ ਸ਼ਿਖਰ ਧਵਨ 15 ਦੌੜਾਂ ਬਣਾ ਕੇ ਆਊਟ ਹੋਇਆ ਪਰ ਮੁਰਲੀ ਵਿਜੇ (39), ਪੁਜਾਰਾ (ਅਜੇਤੂ 135) ਤੇ ਪਹਿਲੀ ਪਾਰੀ ਦੇ ਸੈਂਕੜਾ ਧਾਰੀ ਵਿਰਾਟ (ਅਜੇਤੂ 77) ਨੇ ਜਮ ਕੇ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕੀ ਹਮਲੇ ਨੂੰ ਬੌਣਾ ਸਾਬਤ ਕਰ ਦਿੱਤਾ।
ਦੱਖਣੀ ਅਫਰੀਕਾ ਦੇ ਕਪਤਾਨ ਗ੍ਰੀਮ ਸਮਿਥ ਨੇ ਇਸ ਜੋੜੀ ਨੂੰ ਤੋੜਨ ਲਈ ਸੱਤ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਪਰ ਸਫਲਤਾ ਹੱਥ ਨਾ ਲੱਗੀ। ਸਟੰਪਸ ਦੇ ਸਮੇਂ ਪੁਜਾਰਾ 221 ਗੇਂਦਾਂ ‘ਤੇ 18 ਚੌਕਿਆਂ ਤੇ ਵਿਰਾਟ 132 ਗੇਂਦਾਂ ‘ਤੇ 18 ਚੌਕੇ ਲਗਾ ਚੁੱਕਾ ਸੀ।
ਮੇਜ਼ਬਾਨ ਟੀਮ ਦੀ ਗੇਂਦਬਾਜ਼ੀ ਉਸਦੇ ਪ੍ਰਮੁੱਖ ਤੇਜ਼ ਗੇਂਦਬਾ²ਜ਼ ਮੋਰਨ ਮੋਰਕਲੇ ਦੇ ਗਿੱਟੇ ਵਿਚ ਸੱਟ ਕਾਰਨ ਹੋਰ ਵੀ ਕਮਜ਼ੋਰ ਪੈ ਗਈ। ਮੋਰਕਲੇ ਭਾਰਤ ਦੀ ਦੂਜੀ ਪਾਰੀ ਵਿਚ ਸਿਰਫ ਦੋ ਹੀ ਓਵਰ ਕਰਵਾ ਸਕਿਆ। ਉਹ ਆਪਣੀ ਸੱਟ ਕਾਰਨ ਬਾਕੀ ਮੈਚ ਲਈ ਬਾਹਰ ਹੋ ਚੁੱਕਾ ਹੈ। ਭਾਰਤੀ ਬੱਲੇਬਾਜ਼ਾਂ ਨੇ ਮੋਰਕਲ ਦੀ ਗੈਰ-ਹਾਜ਼ਰੀ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਮੈਚ ਨੂੰ ਆਪਣੀ ਪਕੜ ਵਿਚ ਕਰ ਲਿਆ। ਮੋਰਕਲ ਦੀ ਗੈਰ ਹਾਜ਼ਰੀ ਵਿਚ ਡੇਲ ਸਟੇਨ ਤੇ ਵੇਨਾਰਨ ਫਿਲੇਂਡਰ ਨੂੰ ਵੀ ਸੰਘਰਸ਼ ਕਰਨਾ ਪਿਆ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਸਵੇਰੇ 6 ਵਿਕਟਾਂ ‘ਤੇ 213 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਤੇ ਉਸਦੀ ਪਹਿਲੀ ਪਾਰੀ ਲੰਚ ਤੋਂ ਪਹਿਲਾਂ 75.3 ਓਵਰਾਂ ਵਿਚ 244 ਦੌੜਾਂ ‘ਤੇ ਸਿਮਟ ਗਈ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ 280 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਦੀ ਪਾਰੀ ਵਿਚ ਤੀਜੇ ਦਿਨ ਡਿੱਗੀਆਂ ਚਾਰ ਵਿਕਟਾਂ ਵਿਚੋਂ ਤਿੰਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦੇ ਖਾਤੇ ਵਿਚ ਗਈਆਂ, ਜਦਕਿ ਇਸ਼ਾਂਤ ਨੂੰ ਇਕ ਵਿਕਟ ਮਿਲੀ।

Facebook Comment
Project by : XtremeStudioz