Close
Menu

ਪੁਲਵਾਮਾ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਮੁਕਾਬਲੇ ’ਚ ਹਲਾਕ

-- 12 March,2019

ਸ੍ਰੀਨਗਰ, 12 ਮਾਰਚ
ਲੰਘੇ ਮਹੀਨੇ 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਦੱਖਣੀ ਕਸ਼ਮੀਰ ਦੇ ਤਰਾਲ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ ਹੈ। ਜੈਸ਼-ਏ-ਮੁਹੰਮਦ ਨਾਲ ਸਬੰਧਤ ਮ੍ਰਿਤਕ ਅਤਿਵਾਦੀ ਦੀ ਪਛਾਣ ਮੁਦਾਸਿਰ ਅਹਿਮਦ ਖ਼ਾਨ (23) ਵਜੋਂ ਹੋਈ ਹੈ। ਤਰਾਲ ਦੇ ਪਿੰਗਲਿਸ਼ ਇਲਾਕੇ ਵਿਚ ਹੋਏ ਮੁਕਾਬਲੇ ’ਚ ਖ਼ਾਨ ਤੋਂ ਇਲਾਵਾ ਇਕ ਹੋਰ ਅਤਿਵਾਦੀ ਵੀ ਮਾਰਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਇਹ ਮੁਕਾਬਲਾ ਐਤਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ ਤੇ ਸੋਮਵਾਰ ਸੁਵੱਖਤੇ ਤੱਕ ਜਾਰੀ ਰਿਹਾ। ਦੂਜੇ ਅਤਿਵਾਦੀ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ ਹੈ। ਇਸ ਤੋਂ ਪਹਿਲਾਂ ਉਸ ਦੇ ਜੈਸ਼-ਏ-ਮੁਹੰਮਦ ਦਾ ਕਾਰਕੁਨ ਸੱਜਾਦ ਭੱਟ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਦੀ ਕਾਰ ਪੁਲਵਾਮਾ ਹਮਲੇ ਲਈ ਵਰਤੀ ਗਈ ਸੀ। ਭੱਟ ਦੇ ਭਰਾ ਨੇ ਮ੍ਰਿਤਕ ਦੀ ਦੇਹ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਇਹ ਕਾਫ਼ੀ ਸੜ ਚੁੱਕੀ ਸੀ ਤੇ ਪਛਾਣੀ ਨਹੀਂ ਜਾ ਰਹੀ ਸੀ। ਜਦਕਿ ਖ਼ਾਨ ਦੇ ਪਰਿਵਾਰ ਨੇ ਉਸ ਦੀ ਮ੍ਰਿਤਕ ਦੇਹ ਸਵੀਕਾਰ ਕਰ ਲਈ ਹੈ। ਫ਼ੌਜ, ਸੂਬਾ ਪੁਲੀਸ ਤੇ ਨੀਮ ਫ਼ੌਜੀ ਬਲਾਂ ਵੱਲੋਂ ਕਾਹਲੀ ਵਿਚ ਸੱਦੀ ਗਈ ਸਾਂਝੀ ਮੀਡੀਆ ਕਾਨਫ਼ਰੰਸ ਮੌਕੇ 15 ਕੋਰ ਦੇ ਜੀਓਸੀ ਕੰਵਲ ਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਖ਼ਾਨ ਸੀਆਰਪੀਐੱਫ ਦੇ ਕਾਫ਼ਲੇ ’ਤੇ ਕੀਤੇ ਗਏ ਹਮਲੇ ਦਾ ‘ਮੁੱਖ ਸਾਜ਼ਿਸ਼ਕਰਤਾ’ ਸੀ। ਜੰਮੂ ਕਸ਼ਮੀਰ ਵਿਚ ਸੀਆਰਪੀਐੱਫ ਦੇ ਇੰਸਪੈਕਟਰ ਜਨਰਲ ਜੁਲਫ਼ੀਕਾਰ ਹਸਨ ਨੇ ਕਿਹਾ ਕਿ ਮੁਦਾਸਿਰ ਅਹਿਮਦ ਖ਼ਾਨ ਉਰਫ਼ ‘ਮੁਹੰਮਦ ਭਾਈ’ ਮੁਕਾਬਲੇ ’ਚ ਮਾਰੇ ਗਏ ਦੋ ਅਤਿਵਾਦੀਆਂ ਵਿਚੋਂ ਇਕ ਹੈ ਹਾਲਾਂਕਿ ਉਨ੍ਹਾਂ ਇਸ ਮੁਕਾਬਲੇ ਨੂੰ ਸੁਰੱਖਿਆ ਬਲਾਂ ਦੀ ਮੌਤ ਦਾ ‘ਬਦਲਾ’ ਲੈਣ ਦੀ ਕਾਰਵਾਈ ਮੰਨਣ ਤੋਂ ਟਾਲਾ ਵੱਟਿਆ ਤੇ ਕਿਹਾ ਕਿ ਉਹ ਸ਼ਾਂਤੀ ਦੇ ਹਾਮੀ ਹਨ। ਦੂਜੇ ਅਤਿਵਾਦੀ ਦੀ ਸ਼ਨਾਖ਼ਤ ਲਈ ਯਤਨ ਜਾਰੀ ਹਨ ਤੇ ਉਸ ਦੇ ਪਾਕਿ ਨਾਗਰਿਕ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਅਤਿਵਾਦੀਆਂ ਦੇ ਕਬਜ਼ੇ ’ਚੋਂ ਕੁਝ ਸਮੱਗਰੀ ਮਿਲੀ ਹੈ ਤੇ ਇਸ ਨੂੰ ਐਨਆਈਏ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਲੈਫ਼ਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਵੱਖ-ਵੱਖ ਮੁਕਾਬਲਿਆਂ ’ਚ 18 ਅਤਿਵਾਦੀ ਮਾਰੇ ਗਏ ਹਨ। ਸੀਆਰਪੀਐੱਫ ਦੇ ਕਾਫ਼ਲੇ ’ਚ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਮਾਰ ਕੇ ਆਤਮਘਾਤੀ ਹਮਲਾ ਕਰਨ ਵਾਲਾ ਆਦਿਲ ਅਹਿਮਦ ਦਾਰ ਲਗਾਤਾਰ ਖ਼ਾਨ ਦੇ ਸੰਪਰਕ ਵਿਚ ਸੀ। ਸੁਰੱਖਿਆ ਬਲਾਂ ਮੁਤਾਬਕ ਪੁਲਵਾਮਾ ਦਾ ਰਹਿਣ ਵਾਲਾ ਮੁਦਾਸਿਰ ਅਹਿਮਦ ਖ਼ਾਨ ਗ੍ਰੈਜੂਏਟ ਸੀ ਆਈਟੀਆਈ ਕੋਰਸ ਕਰ ਕੇ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਿਹਾ ਸੀ। ਉਹ 2017 ਵਿਚ ਜੈਸ਼ ਨਾਲ ਜੁੜਿਆ ਸੀ। ਇਸ ਤੋਂ ਪਹਿਲਾਂ ਵੀ ਉਸ ਦਾ ਨਾਂ ਕਈ ਅਤਿਵਾਦੀ ਗਤੀਵਿਧੀਆਂ ਨਾਲ ਜੁੜਿਆ ਰਿਹਾ ਹੈ ਤੇ ਐਨਆਈਏ ਨੇ 27 ਫਰਵਰੀ ਨੂੰ ਉਸ ਦੇ ਘਰ ਦੀ ਤਲਾਸ਼ੀ ਲਈ ਸੀ।

Facebook Comment
Project by : XtremeStudioz