Close
Menu

ਪੁਲੀਸ ਲਾਠੀਚਾਰਜ ਵਿੱਚ ਰਵਨੀਤ ਬਿੱਟੂ ਜ਼ਖ਼ਮੀ

-- 01 October,2015

ਬਠਿੰਡਾ,  ਕਪਾਹ ਪੱਟੀ ਦੇ ਕਿਸਾਨਾਂ ਦੀ ਹਮਾੲਿਤ ਲੲੀ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਅਗਵਾੲੀ ਹੇਠ ਪੁੱਜੇ ਕਾਂਗਰਸੀਅਾਂ ਨੂੰ ਅੱਜ ਪੁਲੀਸ ਨੇ ਲਾਠੀਚਾਰਜ ਕਰਕੇ ਖਦੇਡ਼ ਦਿੱਤਾ। ਸ੍ਰੀ ਬਿੱਟੂ ਜਦੋਂ ਮਿੰਨੀ ਸਕੱਤਰੇਤ ਕੋਲ ਬੈਰੀਕੇਡ ਤੋੜ ਕੇ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਲਾਠੀਚਾਰਜ ’ਚ ਸ੍ਰੀ ਬਿੱਟੂ ਸਮੇਤ ਛੇ ਕਾਂਗਰਸ ਅਾਗੂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮੌੜ ਤੇ ਮਾਨਸਾ ਦੇ ਹਸਪਤਾਲਾਂ ਵਿੱਚ ਭਰਤੀ ਕਰਾੲਿਅਾ ਗਿਅਾ। ਬਠਿੰਡਾ ਪੁਲੀਸ ਨੇ ਸ੍ਰੀ ਬਿੱਟੂ ਖ਼ਿਲਾਫ਼ ਥਾਣਾ ਕੈਨਾਲ ਕਲੋਨੀ ਵਿੱਚ ਧਾਰਾ 342, 452, 427, 353, 186, 148, 149 ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਬਦਲੇ ਧਾਰਾ 3/4 ਤਹਿਤ   ਕੇਸ ਦਰਜ ਕੀਤਾ ਹੈ। ਇਵੇਂ ਹੀ ਥਾਣਾ ਸਿਵਲ ਲਾਈਨ ਵਿੱਚ ਬਿੱਟੂ, ਵਿਧਾਇਕ ਅਜੀਤਇੰਦਰ ਸਿੰਘ ਮੋਫਰ ਤੇ ਉਸ ਦੇ ਲੜਕੇ ਬਿਕਰਮ ਮੋਫਰ, ਖੁਸ਼ਬਾਜ਼ ਜਟਾਣਾ ਅਤੇ ਭੁਪਿੰਦਰ ਗੋਰਾ ਸਮੇਤ 200 ਅਣਪਛਾਤਿਆਂ ਖ਼ਿਲਾਫ਼ ਪੁਲੀਸ ’ਤੇ ਹਮਲਾ ਕਰਨ ਦੇ ਇਲਜ਼ਾਮਾਂ ਹੇਠ ਧਾਰਾ 353, 186, 332, 148, 149 ਤਹਿਤ ਕੇਸ ਦਰਜ ਕਰ ਲਿਆ ਹੈ।

ਸ੍ਰੀ ਬਿੱਟੂ ਦੀ ਅਗਵਾੲੀ ਹੇਠ ਕਾਂਗਰਸੀ ਪਹਿਲਾਂ ਡਬਵਾਲੀ ਰੋਡ ’ਤੇ ਇਕੱਠੇ ਹੋਏ ਅਤੇ ਫਿਰ ਕਾਫਲੇ ਦੇ ਰੂਪ ਵਿੱਚ ਖੇਤੀ ਭਵਨ ਵੱਲ ਵਧੇ। ਕਾਂਗਰਸ ਆਗੂਆਂ ਨੇ ਮੁੱਖ ਗੇਟ ਨੂੰ ਜਬਰੀ ਖੋਲ੍ਹ ਕੇ ਕੰਪਲੈਕਸ ਅੰਦਰ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਨੂੰ ਤਾਲਾ ਲਾ ਦਿੱਤਾ ਜਿਸ ਦੇ ਸ਼ੀਸ਼ੇ ਦਾ ਦਰਵਾਜ਼ਾ ਟੁੱਟ ਗਿਆ। ੲਿਸ ਤੋਂ ਬਾਅਦ ਸੈਂਕੜੇ ਕਾਂਗਰਸੀਅਾਂ ਨੇ ਮਿੰਨੀ ਸਕੱਤਰੇਤ ਵੱਲ ਮੂੰਹ ਕਰ ਲਿਆ। ਸਕੱਤਰੇਤ ਤੋਂ ਪਹਿਲਾਂ ਸਰਕਟ ਹਾੳੂਸ ਕੋਲ ਪੁਲੀਸ ਨੇ ਬੈਰੀਕੇਡ ਲਾ ਰੱਖਿਅਾ ਸੀ ਅਤੇ ਜਦੋਂ ੳੁਨ੍ਹਾਂ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਡਾਂਗਾਂ ਚਲਾ ਦਿੱਤੀਅਾਂ। ਇਕ ਏਐਸਆਈ ਨੇ ਸ੍ਰੀ ਬਿੱਟੂ ਦੇ ਗਲ ਵਿੱਚ ਕਾਫੀ ਸਮਾਂ ਹੱਥ ਪਾਈ ਰੱਖਿਆ ਅਤੇ ਉਨ੍ਹਾਂ ਦੀ ਪੱਗ ਵੀ ਉਤਰ ਗਈ। ਲੁਧਿਆਣਾ ਤੋਂ ਆਏ ਕਾਂਗਰਸ ਨੇਤਾ ਗੁਰਜੋਧ ਸਿੰਘ ਨੂੰ ਪੁਲੀਸ ਨੇ ਭਜਾ-ਭਜਾ ਕੇ ਕੁੱਟਿਆ। ਉਸ ਦੀ ਬਾਂਹ ਟੁੱਟਣ ਦੀ ਖਬਰ ਹੈ। ਇਵੇਂ ਹੀ ਕਿਰਨਬੀਰ ਸਿੰਘ ਸੇਖੋਂ ਵੀ ਜ਼ਖ਼ਮੀ ਹੋ ਗਿਆ।
ਬਚਾਅ ਲੲੀ ਕਾਂਗਰਸੀਅਾਂ ਨੇ ਨੇਡ਼ੇ ਹੀ ਲੱਗੇ ਕਿਸਾਨ ਮੋਰਚੇ ਵਲ ਰੁਖ ਕੀਤਾ ਤਾਂ ਅੱਗਿੳੁਂ ਕਿਸਾਨਾਂ ਨੇ ੳੁਨ੍ਹਾਂ ਨੂੰ ਲਲਕਾਰ ਦਿੱਤਾ। ਪੁਲੀਸ ਧੱਕੇ ਮਗਰੋਂ ਰਵਨੀਤ ਬਿੱਟੂ ਬੈਰੀਕੇਡ ਲਾਗੇ ਹੀ ਧਰਨਾ ਮਾਰ ਕੇ ਬੈਠ ਗਏ। ੳੁਨ੍ਹਾਂ ਨਾਲ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਬਿਕਰਮ ਸਿੰਘ ਮੋਫਰ, ਵਿਧਾਇਕ ਭਾਰਤ ਭੂਸ਼ਨ ਆਸ਼ੂ ਆਦਿ ਵੀ ਮੌਜੂਦ ਸਨ। ਗੁੱਸੇ ਵਿੱਚ ਆਏ ਸ੍ਰੀ ਬਿੱਟੂ ਨੇ ਅਾਖਿਆ ਕਿ ਸੁਖਬੀਰ ਬਾਦਲ ਹੁਣ ਸੱਦਾਮ ਹੁਸੈਨ ਬਣ ਗਿਆ ਹੈ ਜਿਸ ਨਾਲ 2017 ਵਿੱਚ ਲੋਕ ਹਿਸਾਬ ਕਰਨਗੇ। ਮਗਰੋਂ ਪੁਲੀਸ ਨੇ ਸਭਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਤੋਂ ਬਾਅਦ ਸਾਰਿਅਾਂ ਨੂੰ ਮੌੜ ਮੰਡੀ ਲਾਗੇ ਛੱਡ ਦਿੱਤਾ।
ਐਸਐਸਪੀ ਇੰਦਰਮੋਹਨ ਸਿੰਘ ਭੱਟੀ ਨੇ ਦੋਸ਼ ਲਾੲਿਅਾ ਕਿ ਕਾਂਗਰਸ ਆਗੂਆਂ ਨੇ ਡੀਐਸਪੀ ਗੁਰਮੇਲ ਸਿੰਘ ਦੇ ਡਾਂਗ ਮਾਰਨ ਤੋਂ ੲਿਲਾਵਾ ਸਿਪਾਹੀ ਅਮਨਦੀਪ ਸਿੰਘ ਦੀ ਵਰਦੀ ਪਾੜ ਦਿੱਤੀ। ਬਠਿੰਡਾ ਜ਼ੋਨ ਦੇ ਆਈਜੀ ਬੀ ਕੇ ਬਾਵਾ ਨੇ ਵੀ ਦਾਅਵਾ ਕੀਤਾ ਕਿ ਕਾਂਗਰਸ ਆਗੂਆਂ ਨੇ ਪੁਲੀਸ ’ਤੇ ਹਮਲਾ ਕੀਤਾ ਜਿਸ ਤੋਂ ਬਚਾਅ ਲਈ ਬਲ ਪ੍ਰਯੋਗ ਕਰਨਾ ਪਿਆ।
ਭਗਵੰਤ ਮਾਨ ਵੱਲੋਂ ਬਿੱਟੂ ਦੇ ਪੱਖ ’ਚ ਹਾਅ ਦਾ ਨਾਅਰਾ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਰਵਨੀਤ ਬਿੱਟੂ ਦੀ ਹਮਾਇਤ ਵਿੱਚ ਹਾਅ ਦਾ ਨਾਅਰਾ ਮਾਰਦਿਅਾਂ ਆਖਿਆ ਕਿ ਹਰ ਚੁਣੇ ਹੋੲੇ ਪ੍ਰਤੀਨਿਧ ਨੂੰ ਵਿਰੋਧ ਕਰਨ ਦਾ ਹੱਕ ਹੈ। ੳੁਨ੍ਹਾਂ ਲਾਠੀਚਾਰਜ ਨੂੰ ਮੰਦਭਾਗਾ ਕਰਾਰ ਦਿੰਦਿਅਾਂ ਸਰਕਾਰ ’ਤੇ ਸੂਬੇ ਦੇ ਹਾਲਾਤ ਖ਼ਰਾਬ ਕਰਨ ਦੇ ਦੋਸ਼ ਲਾੲੇ।
ਕੀਟਨਾਸ਼ਕ ਘਪਲੇ ਦੀ ਜਾਂਚ ਲੲੀ ਹਾੲੀ ਕੋਰਟ ਦੇ ਜੱਜ ਹੇਠ ਸਿੱਟ ਬਣੇ: ਬਿੱਟੂ: ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ-ਹਰਿਅਾਣਾ ਹਾੲੀ ਕੋਰਟ ਦੇ ਚੀਫ਼ ਜਸਟਿਸ ਨੂੰ ਅਪੀਲ ਕੀਤੀ ਹੈ ਕਿ ੳੁਹ ਕਥਿਤ ਬਹੁ ਕਰੋਡ਼ੀ ਕੀਟਨਾਸ਼ਕ ਘਪਲੇ ਦਾ ਨੋਟਿਸ ਲੈ ਕੇ ੲਿਸ ਦੀ ਸਮਾਂ ਬੱਧ ਜਾਂਚ ਕਰਾੳੁਣ। ੳੁਨ੍ਹਾਂ ਹਾੲੀ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾੳੁਣ ਲੲੀ ਕਿਹਾ ਹੈ। ੳੁਨ੍ਹਾਂ ਖੇਤੀਬਾਡ਼ੀ ਮੰਤਰੀ ਤੋਤਾ ਸਿੰਘ ਦਾ ਵੀ ਅਸਤੀਫ਼ਾ ਮੰਗਿਅਾ ਹੈ।  ੳੁਧਰ ਮੌਡ਼ ਮੰਡੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਸ੍ਰੀ ਬਿੱਟੂ ਨੇ ਕਿਹਾ ਕਿ ਬਾਦਲਾਂ ਨੂੰ ਹੁਣ ਰਾਜ ਦੇ ਲੋਕਾਂ ’ਤੇ ਜਬਰ ਜ਼ੁਲਮ ਨਹੀਂ ਕਰਨ ਦੇਵਾਂਗੇ।

Facebook Comment
Project by : XtremeStudioz