Close
Menu

ਪੈਨਸ਼ਨ ’ਚ ਸਾਲਾਨਾ ਸੋਧ ਸੰਭਵ ਨਹੀਂ: ਜੇਤਲੀ

-- 02 September,2015

ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ‘ਇੱਕ ਰੈਂਕ ਇੱਕ ਪੈਨਸ਼ਨ’ ਦੀ ਮੰਗ ਨੂੰ ਲੈ ਕੇ ਅੰਦੋਲਨ ਦੇ ਰਾਹ ਪਏ ਸਾਬਕਾ ਫ਼ੌਜੀਆਂ ਦੀ ਪੈਨਸ਼ਨ ਵਿੱਚ ਸਾਲਾਨਾ ਸੋਧ ਦੀ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ੳੁਨ੍ਹਾਂ ਕਿਹਾ ਕਿ ਪੈਨਸ਼ਨ ਵਿੱਚ ਹਰ ਸਾਲ ਤਬਦੀਲੀ ਕਰਨਾ ਸੰਭਵ ਨਹੀਂ। ਉਂਜ ੳੁਨ੍ਹਾਂ ਉੱਚੀਆਂ ਪੈਨਸ਼ਨ ਦਰਾਂ ਨਾਲ ਘੱਟ ਉਮਰ ਵਿੱਚ ਸੇਵਾ ਮੁਕਤ ਹੋਣ ਵਾਲੇ ਫ਼ੌਜੀਆਂ ਦੇ ਹਿਤਾਂ ਦੀ ਪੂਰਤੀ ਦਾ ਭਰੋਸਾ ਦਿੱਤਾ ਹੈ। ਸ੍ਰੀ ਜੇਤਲੀ ਨੇ ਕਿਹਾ ਕਿ ਦੁਨੀਆਂ ਵਿੱਚ ਕਿੱਧਰੇ ਵੀ ਹਰ ਸਾਲ ਪੈਨਸ਼ਨ ਦਰਾਂ ਵਿੱਚ ਤਬਦੀਲੀ ਨਹੀਂ ਹੁੰਦੀ। ਉਨ੍ਹਾਂ ਸਾਫ਼ ਕੀਤਾ ਕਿ ਸਰਕਾਰ ‘ਇੱਕ ਰੈਂਕ ਇੱਕ ਪੈਨਸ਼ਨ’ ਦੀ ਮੰਗ ਪੂਰੀ ਕਰਨ ਲਈ ਪ੍ਰਤੀਬੱਧ ਹੈ, ਪਰ ਇਸ ਕੰਮ ਵਿੱਚ ੲਿਕੋ ਇਕ ਅੌਖ ਪੈਨਸ਼ਨ ਦਾ ਜਮ੍ਹਾਂ-ਘਟਾਓ ਕਰਨ ਵਿੱਚ ਆ ਰਹੀ ਹੈ। ਇਹ ਗੱਲਾਂ ੳੁਨ੍ਹਾਂ ਇਥੇ ਇਕ ਇੰਟਰਵਿਊ ਦੌਰਾਨ ਕਹੀਆਂ।
ਸ੍ਰੀ ਜੇਤਲੀ ਨੇ ਕਿਹਾ ਕਿ ‘ਇੱਕ ਰੈਂਕ ਇੱਕ ਪੈਨਸ਼ਨ’ ਬਾਰੇ ੳੁਨ੍ਹਾਂ ਦਾ ਆਪਣਾ ਫਾਰਮੂਲਾ ਹੈ ਜਦਕਿ ਕਿਸੇ ਹੋਰ ਦਾ ਇਸ ਮੰਗ ਬਾਰੇ ਹੋਰ ਫਾਰਮੂਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫਾਰਮੂਲਾ ਤਰਕਸੰਗਤ ਤੇ ਉਚਿਤ ਮਾਪਦੰਡਾਂ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਲੲੀ ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਛੇਤੀ ਲਾਗੂ ਕਰ ਦਿੱਤੀਆਂ ਜਾਣਗੀਆਂ। ਸ੍ਰੀ ਜੇਤਲੀ ਨੇ ਕਿ ਘੱਟ ਉਮਰ ਵਿੱਚ ਸੇਵਾ ਮੁਕਤ ਹੋਣ ਵਾਲੇ ਫ਼ੌਜੀਆਂ ਦੇ ਹਿਤਾਂ ਦੀ ਰੱਖਿਆ ਕੀਤੀ ਜਾਵੇਗੀ। ੳੁਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ‘ਇੱਕ ਰੈਂਕ ਇੱਕ ਪੈਨਸ਼ਨ’ ਦੀ ਮੰਗ ਨੂੰ ਲਾਗੂ ਕਰੇਗੀ, ਪਰ ਅਜਿਹਾ ਮਾਹੌਲ ਨਾ ਸਿਰਜਿਆ ਜਾਵੇ ਜਿੱਥੇ ਸਮਾਜ ਦੇ ਹੋਰ ਵਰਗ ਵੀ ਇਸੇ ਤਰ੍ਹਾਂ ਦੀ ਮੰਗ ਰੱਖਣ ਲੱਗ ਪੈਣ।
ੳੁਧਰ ਭਾਜਪਾ ਦੇ ਸਾਬਕਾ ਅਾਗੂ ਰਾਮ ਜੇਠਮਲਾਨੀ ਨੇ ਸਾਬਕਾ ਫ਼ੌਜੀਅਾਂ ਦੇ ਧਰਨੇ ’ਚ ਪਹੁੰਚ ਕੇ ੳੁਨ੍ਹਾਂ ਦੇ ਅੰਦੋਲਨ ਨੂੰ ਹਮਾੲਿਤ ਦਿੱਤੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ’ਤੇ ਹਮਲਾ ਕੀਤਾ। ੳੁਨ੍ਹਾਂ ਸ੍ਰੀ ਜੇਤਲੀ ’ਤੇ ਤਿੱਖਾ ਸ਼ਬਦੀ ਹਮਲਾ ਕਰਦਿਅਾਂ ਕਿਹਾ,‘‘ਵਿੱਤ ਮੰਤਰੀ ਸਾਬਕਾ ਫ਼ੌਜੀਅਾਂ ਅਤੇ ਦੇਸ਼ ਦੇ ‘ਦੁਸ਼ਮਣ’ ਹਨ।’’ ੳੁਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਅਾਂ ਕਿਹਾ ਕਿ ੳੁਨ੍ਹਾਂ ਸੁਫ਼ਨਿਅਾਂ ਨੂੰ ਤੋਡ਼ ਦਿੱਤਾ ਹੈ। ੳੁਨ੍ਹਾਂ ਕਿਹਾ,‘‘ਮੈਂ ਮੋਦੀ ਨੂੰ ਪਹਿਲਾਂ ਹੀ ਅਾਖ ਦਿੱਤਾ ਹੈ ਕਿ ਮੇਰਾ ੳੁਨ੍ਹਾਂ ਪ੍ਰਤੀ ਸਤਿਕਾਰ ਤੇ ਪਿਅਾਰ ਖ਼ਤਮ ਹੋ ਗਿਅਾ ਹੈ।’’ ੲਿਸ ਦੌਰਾਨ ਕਾਂਗਰਸ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਵੀ ੲਿਕ ਰੈਂਕ ੲਿਕ ਪੈਨਸ਼ਨ ਲਾਗੂ ਕਰਨ ’ਚ ਦੇਰੀ ਲੲੀ ਕੇਂਦਰ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ।

ਸਾਬਕਾ ਫ਼ੌਜੀਆਂ ਵੱਲੋਂ ਬਿਹਾਰ ’ਚ ਪੋਲ ਖੋਲ੍ਹ ਰੈਲੀਆਂ ਕਰਨ ਦਾ ਐਲਾਨ

‘ਇਕ ਰੈਂਕ ਇਕ ਪੈਨਸ਼ਨ’ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ’ਤੇ ਬੈਠੇ ਸਾਬਕਾ ਫ਼ੌਜੀਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸੱਤ ਦਿਨਾਂ ਅੰਦਰ ਉਨ੍ਹਾਂ ਦੀ ਮੰਗ ਨਾ ਮੰਨੀ ਗੲੀ ਤਾਂ ੳੁਹ ਸੰਘਰਸ਼ ਨੂੰ ਤਿੱਖਾ ਕਰਦਿਆਂ ਬਿਹਾਰ ਚੋਣਾਂ ਤੋਂ ਪਹਿਲਾਂ ੳੁਥੇ ਰੈਲੀਆਂ ਕਰਕੇ ਭਾਜਪਾ ਦੀ ਪੋਲ ਖੋਲ੍ਹਣਗੇ। ਇਸ ਦੌਰਾਨ ਭੁੱਖ ਹੜਤਾਲੀ ਸਾਬਕਾ ਫ਼ੌਜੀਆਂ ਦਾ ਸਾਥ ਦੇਣ ਲਈ 98 ਸਾਲਾ ਸਾਬਕਾ ਫ਼ੌਜੀ ਮੇਜਰ ਸਿੰਘ ਚਾਰ ਘੰਟਿਆਂ ਲਈ ਭੁੱਖ ਹੜਤਾਲ ਉਪਰ ਬੈਠੇ। ਇਸ ਸਾਬਕਾ ਫੌਜੀ ਨੇ ਮਰਨ ਵਰਤ ਉਪਰ ਬੈਠਣ ਦੀ ਇੱਛਾ ਜਤਾੲੀ, ਪਰ ਉਨ੍ਹਾਂ ਦੇ ਸਾਥੀਆਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

Facebook Comment
Project by : XtremeStudioz