Close
Menu

ਪੈਰਿਸ ਨੇ ਵਿਸ਼ਵ ਕੱਪ ਜੇਤੂਆਂ ਲਈ ਬਦਲੇ ਮੈਟਰੋ ਸਟੇਸ਼ਨਾਂ ਦੇ ਨਾਮ

-- 17 July,2018

ਪੈਰਿਸ, 17 ਜੁਲਾਈ
ਪੈਰਿਸ ਦੇ ਛੇ ਮੈਟਰੋ ਸਟੇਸ਼ਨਾਂ ਦੇ ਨਾਮ ਫਰਾਂਸ ਦੀ ਵਿਸ਼ਵ ਜੇਤੂ ਟੀਮ ਦੇ ਖਿਡਾਰੀਆਂ ਦੇ ਸਨਮਾਨ ਵਿੱਚ ਬਦਲੇ ਗਏ ਹਨ। ਵਿਸ਼ਵ ਕੱਪ ਫਾਈਨਲ ਵਿੱਚ ਕ੍ਰੋਏਸ਼ੀਆ ’ਤੇ ਫਰਾਂਸ ਦੀ ਜਿੱਤ ਦਾ ਦੇਸ਼ ਵਿੱਚ ਸ਼ਾਨਦਾਰ ਜਸ਼ਨ ਮਨਾਇਆ ਗਿਆ। ਇਸ ਦੌਰਾਨ ਪੈਰਿਸ ਦੇ ਮਸ਼ਹੂਰ ਚੈਂਪਸ ਅਲਿਸਿਸ ਅਵੈਨਿਊ ਵਿੱਚ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ। ਕੁੱਝ ਥਾਵਾਂ ’ਤੇ ਪ੍ਰਸ਼ੰਸਕਾਂ ਨੇ ਸ਼ੋਰ-ਸ਼ਰਾਬਾ ਵੀ ਮਚਾਇਆ ਅਤੇ ਕਈ ਥਾਵਾਂ ’ਤੇ ਹਿੰਸਕ ਘਟਨਾਵਾਂ ਵੀ ਵਾਪਰੀਆਂ। ਅਜਿਹੇ ਮਾਹੌਲ ਦੌਰਾਨ ਪੈਰਿਸ ਨੇ ਮੈਟਰੋ ਸਟੇਸ਼ਨਾਂ ਦੇ ਨਾਮ ਬਦਲੇ ਹਨ। ਸਟੇਸ਼ਨ ਵਿਕਟਰ ਹੂਜ਼ੋ ਦਾ ਨਾਮ ਟੀਮ ਦੇ ਕਪਤਾਨ ਅਤੇ ਗੋਲਕੀਪਰ ਦੇ ਨਾਮ ‘ਵਿਕਟਰ ਹੂਜ਼ੋ ਲੌਰਿਸ’ ਰੱਖਿਆ ਗਿਆ ਹੈ। ਬਰਸੀ ਮੈਟਰੋ ਸਟੇਸ਼ਨ ਦਾ ਨਾਮ ‘ਬਸੀ ਲੇਸ ਬਲੂਜ਼’ ਹੋ ਗਿਆ ਹੈ। ਐਵਰੋਨ ਦਾ ਨਾਮ ‘ਨਾਊਜ਼ ਐਵਰੋਨ ਗਾਗਨੇ’ ਰੱਖਿਆ। ਇਹ ਇੱਕ ਫਰੈਂਚ ਨਾਟਕ ਹੈ, ਜਿਸ ਦਾ ਅਰਥ ਹੈ‘ ਅਸੀਂ ਜਿੱਤ ਗਏ’ ਚਾਰਲਸ ਡੇ ਗਾਉਲੇ ਐਤੋਈਲੇ ਦਾ ਨਾਮ ‘ਆਨ ਅ ਟੂ ਐਤੋਈਲੋ’ ਰੱਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਸਾਡੇ ਕੋਲ ਦੋ ਸਿਤਾਰੇ ਹਨ। ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰੋਨ ਨੇ ਐਲਾਨ ਕਰਦਿਆਂ ਕਿ ਵਿਸ਼ਵ ਕੱਪ ਜੇਤੂਆਂ ਨੂੰ ‘ਲੀਜ਼ਨ ਆਫ ਆਨਰ’ ਦਾ ਸਨਮਾਨ ਦਿੱਤਾ ਜਾਵੇਗਾ। ਇਸ ਵੇਲੇ ਸਮਾਰੋਹ ਦੀ ਤਰੀਕ ਨਹੀਂ ਰੱਖੀ ਗਈ। ਫਰਾਂਸ ਦੀ ਟੀਮ ਪੈਰਿਸ ਰਵਾਨਾ ਹੋ ਚੁੱਕੀ ਹੈ।
ਫਰਾਂਸ ਨੇ ਮਾਸਕੋ ਵਿੱਚ ਕੱਲ੍ਹ ਹੋਏ ਵਿਸ਼ਵ ਕੱਪ ਫਾਈਨਲ ਵਿੱਚ ਕ੍ਰੋਏਸ਼ੀਆ ਨੂੰ 4-2 ਗੋਲਾਂ ਨਾਲ ਹਰਾ ਕੇ 20 ਸਾਲ ਵਿੱਚ ਦੂਜੀ ਵਾਰ ਵਿਸ਼ਵ ਕੱਪ ਜਿੱਤਿਆ ਹੈ। ਲੋਕਾਂ ਨੇ ਜਸ਼ਨ ਦੌਰਾਨ ਕੌਮੀ ਝੰਡੇ ਆਪਣੇ ਸਰੀਰ ’ਤੇ ਲਪੇਟੇ ਹੋਏ ਸਨ ਅਤੇ ਰੰਗ-ਬਿਰੰਗੀਆਂ ਟੋਪੀਆਂ ਪਹਿਨੀਆਂ ਹੋਈਆਂ ਸਨ। ਲੋਕਾਂ ਨੇ ਇਸ ਮੌਕੇ ਕੌਮੀ ਝੰਡੇ ਦੇ ਨੀਲੇ, ਲਾਲ ਅਤੇ ਸਫ਼ੈਦ ਰੰਗ ਦੀ ਆਤਿਸ਼ਬਾਜ਼ੀ ਕੀਤੀ। ਇਸ ਮੌਕੇ ਉਹ ਕੌਮੀ ਗੀਤ ਵੀ ਗਾ ਰਹੇ ਸਨ। ਕਿਸੇ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਲਈ ਪੁਲੀਸ ਵੀ ਮੁਸਤੈਦ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਰਾਂਸ ਵਿੱਚ ਜਸ਼ਨ ਦੌਰਾਨ ਕੁੱਝ ਦੁਕਾਨਾਂ ਦੀਆਂ ਖਿੜਕੀਆਂ ਤੋੜੀਆਂ ਗਈਆਂ ਅਤੇ ਕਈ ਥਾਵਾਂ ’ਤੇ ਤੋੜ-ਫੋੜ ਕੀਤੀ ਗਈ। ਚੈਂਪਸ ਐਲਿਸਿਸ ਵਿੱਚ ਤਾਂ ਇੱਕ ਥਾਂ ਤੋੜ-ਫੋੜ ਕਰਨ ਵਾਲਿਆਂ ਨੂੰ ਰੋਕਣ ਲਈ ਪੁਲੀਸ ਨੂੰ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ‘ਫੈਨ ਜ਼ੋਨ’ ਨਿਗਰਾਨੀ ਲਈ ਕਰੀਬ 4000 ਪੁਲੀਸ ਮੁਲਾਜ਼ਮ ਮੌਜੂਦ ਸਨ, ਜਿੱਥੇ ਮੈਚ ਦੌਰਾਨ 90 ਹਜ਼ਾਰ ਲੋਕ ਇਕੱਠੇ ਹੋਏ ਸਨ। ਇਹ ਲੋਕ ਬਾਅਦ ਵਿੱਚ ਚੈਂਪਸ ਐਲਿਸਿਸ ਅਤੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਜਸ਼ਨ ਮਨਾਉਣ ਲੱਗੇ। 

ਡੀਸ਼ਾਂ ਨੇ ਫਰਾਂਸ ਨੂੰ ਦੂਜੀ ਵਾਰ ਬਣਾਇਆ ਵਿਸ਼ਵ ਚੈਂਪੀਅਨ 
ਮਾਸਕੋ: ਡਿਡਿਅਰ ਡੀਸ਼ਾਂ ਦੀ ਅਗਵਾਈ ਵਿੱਚ ਫਰਾਂਸ ਦੂਜੀ ਵਾਰ ਫੀਫਾ ਵਿਸ਼ਵ ਕੱਪ ਚੈਂਪੀਅਨ ਬਣਿਆ ਹੈ। ਇਸ ਖ਼ੁਸ਼ੀ ਦੇ ਪਲਾਂ ਵਿੱਚ ਕੋਚ ਮੀਡੀਆ ਨਾਲ ਗੱਲ ਸ਼ੁਰੂ ਹੀ ਕਰ ਰਿਹਾ ਸੀ ਕਿ ਮਾਸਕੋ ਦੇ ਲੁਜ਼ਨਿਕੀ ਸਟੇਡੀਅਮ ਵਿੱਚ ਪੱਤਰਕਾਰਾਂ ਨਾਲ ਭਰੇ ਕਮਰੇ ਵਿੱਚ ਟੀਮ ਦੇ ਖਿਡਾਰੀ ਜਸ਼ਨ ਮਨਾਉਂਦੇ ਆ ਗਏ। ਡਿਫੈਂਡਰ ਬੈਂਜਾਮਿਨ ਮੇਂਡੀ ਜਸ਼ਨ ਦੀ ਅਗਵਾਈ ਕਰ ਰਿਹਾ ਸੀ। ਵਿਸ਼ਵ ਕੱਪ ਫਾਈਨਲ ਵਿੱਚ ਕ੍ਰੋਏਸ਼ੀਆ ’ਤੇ 4-2 ਗੋਲਾਂ ਦੀ ਜਿੱਤ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਖਿਡਾਰੀਆਂ ਦੇ ਜਸ਼ਨ ਮਨਾਉਣ ਮਗਰੋਂ ਡਿਸ਼ਾਂ ਨੇ ਕਿਹਾ ਕਿ ਫਰਾਂਸ ‘ਖ਼ੁਸ਼ੀ ਦੀਆਂ ਲਹਿਰਾਂ ਵਿੱਚ ਗੋਤੇ ਲਾ ਰਿਹਾ ਹੈ।’ ਡੀਸ਼ਾਂ ਨੇ ਇਸ ਮਗਰੋਂ ਖ਼ੁਦ ਨੂੰ ਸੰਭਾਲਣ ਦਾ ਯਤਨ ਕਰਦਿਆਂ ਫਰਾਂਸ ਦੀ ਦੂਜੀ ਵਿਸ਼ਵ ਕੱਪ ਜਿੱਤ ’ਤੇ ਆਪਣਾ ਨਜ਼ਰੀਆ ਰੱਖਿਆ। ਉਹ 1998 ਵਿੱਚ ਪੈਰਿਸ ਵਿੱਚ ਬ੍ਰਾਜ਼ੀਲ ਨੂੰ 3-0 ਗੋਲਾਂ ਨਾਲ ਹਰਾ ਕੇ ਖ਼ਿਤਾਬ ਜਿੱਤਣ ਵਾਲੀ ਫਰਾਂਸੀਸੀ ਟੀਮ ਦਾ ਕਪਤਾਨ ਵੀ ਸੀ। ਉਨ੍ਹਾਂ ਕਿਹਾ, ‘‘ਮੇਰੀ ਕਹਾਣੀ ਖਿਡਾਰੀਆਂ ਨਾਲ ਜੁੜੀ ਹੈ। ਇਹ ਬਹੁਤ ਹੀ ਸਨਮਾਨ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਇੱਕ ਖਿਡਾਰੀ ਵਜੋਂ 20 ਸਾਲ ਪਹਿਲਾਂ ਮੈਨੂੰ ਇਸ ਦਾ ਅਨੁਭਵ ਕਰਨ ਦਾ ਮੌਕਾ ਮਿਲਿਆ ਅਤੇ ਇਹ ਫਰਾਂਸ ਵਿੱਚ ਸੀ, ਇਸ ਲਈ ਇਹ ਹਮੇਸ਼ਾ ਮੇਰੇ ਨਾਲ ਰਹੇਗਾ।’’ ਡੀਸ਼ਾਂ ਨੇ ਕਿਹਾ, ‘‘ਪਰ ਅੱਜ ਇਨ੍ਹਾਂ ਨੇ ਜੋ ਕੀਤਾ ਉਹ ਵੀ ਓਨਾ ਹੀ ਖ਼ੂਬਸੂਰਤ ਹੈ।’’ ਫਾਈਨਲ ਮੈਚ ਦੌਰਾਨ ਫਰਾਂਸ ਨੂੰ ਮਾਰੀਓ ਮਾਨਜ਼ੂਕਿਚ ਦੇ ਆਤਮਘਾਤੀ ਗੋਲ ਨਾਲ ਲੀਡ ਮਿਲੀ। ਇਵਾਨ ਪੇਰਿਸਿਚ ਨੇ ਇਸ ਮਗਰੋਂ ਕ੍ਰੋਏਸ਼ੀਆ ਨੂੰ ਬਰਾਬਰੀ ਦਿਵਾਈ, ਪਰ ਐਂਟਨੀ ਗ੍ਰੀਜ਼ਮੈਨ ਨੇ ਪੈਨਲਟੀ ’ਤੇ ਗੋਲ ਦਾਗ਼ ਕੇ ਫਰਾਂਸ ਨੂੰ ਅੱਗੇ ਕਰ ਦਿੱਤਾ। ਪਾਲ ਪੋਗਬਾ ਅਤੇ ਕਿਲੀਅਨ ਮਬਾਪੇ ਦੇ ਗੋਲਾਂ ਨਾਲ ਫਰਾਂਸ 4-1 ਗੋਲਾਂ ਨਾਲ ਜਿੱਤ ਗਿਆ। ਮਾਨਜ਼ੂਕਿਚ ਹਾਲਾਂਕਿ ਕ੍ਰੋਏਸ਼ੀਆ ਵੱਲੋਂ ਇੱਕ ਹੋਰ ਗੋਲ ਕਰਨ ਵਿੱਚ ਸਫਲ ਰਿਹਾ। ਡੀਸ਼ਾਂ ਦੁਨੀਆ ਦਾ ਸਿਰਫ਼ ਤੀਜਾ ਵਿਅਕਤੀ ਹੈ, ਜਿਸ ਨੇ ਖਿਡਾਰੀ ਅਤੇ ਕੋਚ ਵਜੋਂ ਵਿਸ਼ਵ ਕੱਪ ਜਿੱਤਿਆ ਹੈ। ਉਹ ਬ੍ਰਾਜ਼ੀਲ ਦੇ ਮਾਰੀਓ ਜਗਾਲੋ ਅਤੇ ਜਰਮਨੀ ਦੇ ਫਰੈਂਜ ਬੈਕੇਨਬਾਯਰ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।  

Facebook Comment
Project by : XtremeStudioz