Close
Menu

ਪੋਲੈਂਡ ਖ਼ਿਲਾਫ਼ ਬਿਹਤਰ ਪ੍ਰਦਰਸ਼ਨ ਕਰਨ ਉਤਰੇਗੀ ਸਰਦਾਰ ਦੀ ਫ਼ੌਜ

-- 23 June,2015

ਅੈਂਟਵੈਰਪ, 23 ਜੂਨ-ਪਹਿਲੇ ਮੈਚ ਵਿੱਚ ਫਰਾਂਸ ਨੂੰ 3-2 ਗੋਲਾਂ ਨਾਲ ਹਰਾਉਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਮੰਗਲਵਾਰ ਨੂੰ ਇਥੇ ਵਿਸ਼ਵ ਲੀਗ ਸੈਮੀ ਫਾਈਨਲਜ਼ ਵਿੱਚ ਆਪਣੇ ਤੋਂ ਨੀਵੀਂ ਰੈਂਕਿੰਗ ਵਾਲੀ ਪੋਲੈਂਡ ਦੀ ਟੀਮ ਖ਼ਿਲਾਫ਼ ਬਿਹਤਰ ਪ੍ਰਦਰਸ਼ਨ ਕਰਕੇ ਜਿੱਤ ਦਰਜ ਕਰਨ ਦਾ ਯਤਨ ਕਰੇਗੀ। ਸ਼ਨਿਚਰਵਾਰ ਨੂੰ ਫਰਾਂਸ ਖ਼ਿਲਾਫ਼ ਮੈਚ ਦੇ ਆਖਰੀ ਪਲਾਂ ’ਚ ਗੋਲ ਕਰਕੇ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਦੀ ਰੱਖਿਆ ਪੰਕਤੀ ਜੂਝਦੀ ਨਜ਼ਰ ਆਈ ਸੀ ਅਤੇ ਫਰਾਂਸੀਸੀ ਖਿਡਾਰੀਅਾਂ ਨੇ ਕਈ ਵਾਰ ਸੰਨ੍ਹ ਲਾਈ ਸੀ। ਪੋਲੈਂਡ ਵਿਸ਼ਵ ਰੈਂਕਿੰਗ ਵਿੱਚ ਭਾਰਤ ਤੋਂ ਅੱਠ ਸਥਾਨ ਹੇਠਾਂ 17ਵੇਂ ਨੰਬਰ ’ਤੇ ਹੈ ਪਰ ਉਹ ਉਲਟਫੇਰ ਕਰਨ ਦਾ ਦਮ ਰੱਖਦਾ ਹੈ। ਇਸ ਲਈ ਭਾਰਤ ਨੂੰ ਇਸ ਮੈਚ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਫਰਾਂਸ ਵਾਂਗ ਪੋਲੈਂਡ ਕੋਲ ਵੀ ਕੁੱਝ ਤੇਜ਼ਤਰਾਰ ਫਾਰਵਰਡ ਹਨ, ਜੋ ਬਹੁਤ ਜਲਦੀ ਜਵਾਬੀ ਹਮਲਾ ਕਰਦੇ ਹਨ। ਇਸ ਲਈ ਭਾਰਤੀ ਰੱਖਿਆ ਪੰਕਤੀ ਨੂੰ ਪਹਿਲੇ ਮੈਚ ਦੀਅਾਂ ਆਪਣੀਅਾਂ ਗਲਤੀਅਾਂ ਵਿੱਚ ਸੁਧਾਰ ਕਰਨਾ ਹੋਵੇਗਾ। ਭਾਰਤੀ ਟੀਮ ਨੂੰ ਦੋ ਤਜਰਬੇਕਾਰ ਡਰੈਗ ਫਲਿੱਕਰ ਵੀ ਆਰ ਰਘੂਨਾਥ ਅਤੇ ਰੁਪਿੰਦਰ ਪਾਲ ਸਿੰਘ ਦੀ ਗੈਰਮੌਜੂਦਗੀ ਦੀ ਘਾਟ ਰਡ਼ਕ ਰਹੀ ਹੈ। ਰਘੂਨਾਥ ਉਨ੍ਹਾਂ ਤਿੰਨ ਖਿਡਾਰੀਅਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਸੱਟ ਕਾਰਨ ਟੀਮ ਵਿੱਚੋਂ ਬਾਹਰ ਕੀਤਾ ਗਿਆ ਸੀ।
ਅਸੀਂ ਇਥੇ ਮੇਲਾ ਦੇਖਣ ਨਹੀਂ ਆਏ: ਸਰਦਾਰ ਸਿੰਘ
ਭਾਰਤੀ ਹਾਕੀ ਟੀਮ ਨੇ ਭਾਵੇਂ ਰੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ ਪਰ ਕਪਤਾਨ ਸਰਦਾਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਬੈਲਜੀਅਮ ਵਿੱਚ ਸੈਲਾਨੀ ਬਣ ਕੇ ਨਹੀਂ ਆਈ ਹੈ ਅਤੇ ਉਹ ਹਾਕੀ ਵਿਸ਼ਵ ਲੀਗ ਸੈਮੀ ਫਾਈਨਲਜ਼ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗੀ। ਮੀਡੀਆ ਨੇ ਪੁੱਛਿਆ ਕਿ ਕੀ ਭਾਰਤੀ ਟੀਮ ਦਾ ਇਸ ਟੂਰਨਾਮੈਂਟ ਵਿੱਚ ਕੁਝ ਦਾਅ ’ਤੇ ਲੱਗਾ ਹੈ ਤਾਂ ਸਰਦਾਰ ਸਿੰਘ ਨੇ ਕਿਹਾ, ‘ਅਸੀਂ ਇਥੇ ਘੁੰਮਣ ਫਿਰਨ ਨਹੀਂ ਆਏ ਹਾਂ। ਅਸੀਂ ਪਹਿਲਾਂ ਹੀ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਾਂ ਪਰ ਇਸ ਸਾਲ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਿਸ਼ਵ ਲੀਗ ਫਾਈਨਲਜ਼ ਤੋਂ ਪਹਿਲਾਂ ਨਿਸ਼ਚਤ ਤੌਰ ’ਤੇ ਅਸੀਂ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ।’

Facebook Comment
Project by : XtremeStudioz