Close
Menu

ਪੌਣੇ ਦੋ ਸੌ ਡਾਕਟਰਾਂ ਵੱਲੋਂ ਸਿਹਤ ਵਿਭਾਗ ਤੋਂ ਕਿਨਾਰਾਕਸ਼ੀ

-- 27 February,2015

* ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ ਹੋਈ ਡਾਕਟਰਾਂ ਦੀ ਨਿਯੁਕਤੀ; ਕੈਂਸਰ ਅਤੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਉੱਤੇ ਪਵੇਗਾ ਅਸਰ

ਚੰਡੀਗੜ੍ਹ,ਸਿਹਤ ਵਿਭਾਗ ਵਿੱਚੋਂ ਪੌਣੇ ਦੋ ਸੌ ਮਾਹਿਰ ਡਾਕਟਰਾਂ ਦੇ ਇੱਕੋ ਦਿਨ ਇਕੱਠਿਆਂ ਨੌਕਰੀ ਛੱਡ ਜਾਣ ਨਾਲ ਸਰਕਾਰੀ ਹਸਪਤਾਲ ਖ਼ਾਲੀ ਵਰਗੇ ਹੋ ਗਏ ਹਨ। ਡਾਕਟਰਾਂ ਦੀ ਗ਼ੈਰਹਾਜ਼ਰੀ ਵਿੱਚ ਸਿਹਤ ਸੇਵਾਵਾਂ ਲੜਖੜਾ ਗਈਆਂ ਹਨ। ਸਰਕਾਰ ਦੀ ਕੈਂਸਰ ਅਤੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਵੀ ਅੱਧਵਾਟੇ ਦਮ ਤੋੜਣ ਲੱਗੀ ਹੈ। ਨੌਕਰੀ ਛੱਡਣ ਵਾਲੇ ਡਾਕਟਰਾਂ ਨੂੰ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲਾਂ ‘ਚ ਸੀਨੀਅਰ ਰੈਜੀਡੈਂਟ ਦੀ ਨੌਕਰੀ ਮਿਲ ਗਈ ਹੈ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ 250 ਸੀਨੀਅਰ  ਰੈਜੀਡੈਂਟ ਡਾਕਟਰਾਂ ਦੀ ਭਰਤੀ ਲਈ ਜਨਵਰੀ ‘ਚ ਅਰਜ਼ੀਆਂ ਮੰਗੀਆਂ ਗਈਆਂ ਸਨ। ਇਨ੍ਹਾਂ ਆਸਾਮੀਆਂ ਲਈ ਚਾਰ ਸੌ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਅਤੇ ਚੁਣੇ ਗਏ ਉਮੀਦਵਾਰਾਂ ਵਿੱਚੋਂ ਢਾਈ ਸੌ ਸਿਹਤ ਵਿਭਾਗ ‘ਚ ਤਾਇਨਾਤ ਸਨ। ਪਹਿਲੇ ਗੇੜ ਵਿੱਚ ਪੌਣੇ ਦੋ ਸੌ ਮਾਹਿਰ ਡਾਕਟਰਾਂ ਨੇ ਸਿਹਤ ਵਿਭਾਗ ਨੂੰ ਛੱਡ ਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ‘ਚ ਜੁਆਇੰਨ ਕਰ ਲਿਆ ਹੈ। ਦੂਜੇ ਗੇੜ ‘ਚ 75 ਹੋਰ ਡਾਕਟਰਾਂ ਵੱਲੋਂ ਵੀ ਸਿਹਤ ਵਿਭਾਗ ਨੂੰ ਅਲਵਿਦਾ ਕਹਿਣ ਦੀ ਤਿਆਰੀ ਹੈ। ਚੁਣੇ ਗਏ ਡਾਕਟਰਾਂ ਨੂੰ 17 ਫਰਵਰੀ ਨੂੰ ਨਿਯੁਕਤੀ ਪੱਤਰ ਮਿਲੇ ਸਨ ਅਤੇ ਸਿਹਤ ਵਿਭਾਗ ਵੱਲੋਂ ਇਨਾਂ੍ਹ ਨੂੰ ਗੌਰਮਿੰਟ ਮੈਡੀਕਲ ਕਾਲਜਾਂ ‘ਚ ਤਬਦੀਲ ਕਰਨ ਲਈ ਲਿਖਤੀ ਆਗਿਆ ਦੇ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਗੌਰਮਿੰਟ ਮੈਡੀਕਲ ਕਾਲਜਾਂ ‘ਚ 30 ਹੋਰ ਸੀਨੀਅਰ ਰੈਜੀਡੈਂਟ ਨੇ ਵੀ ਨੌਕਰੀ ਜ਼ੁਆਇੰਨ ਕਰ ਲਈ ਹੈ ਪਰ ਇਹ ਸਰਕਾਰੀ ਨੌਕਰੀ ਵਿੱਚ ਨਹੀਂ ਸਨ। ਸਿਹਤ ਵਿਭਾਗ ਵੱਲੋਂ ਗੌਰਮਿੰਟ ਮੈਡੀਕਲ ਕਾਲਜਾਂ ‘ਚ ਜਾਣ ਲਈ ਜਿਨ੍ਹਾਂ ਡਾਕਟਰਾਂ ਨੂੰ ਮੈਡੀਕਲ ਖੋਜ ਅਤੇ ਸਿੱਖਿਆ ਵਿਭਾਗ ਵਿੱਚ ਨੌਕਰੀ ਕਰਨ ਲਈ ਜਾਣ ਦੀ ਆਗਿਆ ਦਿੱਤੀ ਹੈ ਉਨ੍ਹਾਂ ਵਿੱਚ ਮਨੋਰੋਗ ਦੇ ਸੱਤ ਡਾਕਟਰ ਸ਼ਾਮਲ ਹਨ। ਸਿਹਤ ਵਿਭਾਗ ਕੋਲ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਨੂੰ ਚਲਾਉਣ ਲਈ ਪਹਿਲਾਂ ਹੀ ਮਨੋਰੋਗ ਦੇ ਮਾਹਿਰਾਂ ਦੀ ਘਾਟ ਹੈ ਉੱਤੋਂ ਤੀਹਾਂ ‘ਚੋਂ ਸੱਤ ਡਾਕਟਰ ਹੋਰ ਘੱਟ ਗਏ ਹਨ। ਪਤਾ ਲੱਗਾ ਹੈ ਕਿ ਅੰਮ੍ਰਿਤਸਰ, ਆਬੋਹਰ, ਫ਼ਾਜਿਲਕਾ, ਕਪੂਰਥਲਾ ਅਤੇ ਫਗਵਾੜਾ ਦੇ ਨਸ਼ਾ ਛਡਾਉ ਕੇਂਦਰਾਂ ‘ਚ ਮਨੋਰੋਗ ਦੇ ਮਾਹਿਰ ਡਾਕਟਰ ਨਹੀਂ ਰਹੇ ਹਨ। ਸਿਹਤ ਵਿਭਾਗ ਵੱਲੋਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਤਾਇਨਾਤ ਮਾਹਿਰਾਂ ਦੀ ਗਿਣਤੀ ਕੇਵਲ 53 ਹੈ ਅਤੇ ਇਨ੍ਹਾਂ ਵਿਚੋਂ ਅਠਾਰਾਂ ਨੇ ਵਿਭਾਗ ਛੱਡ ਦਿੱਤਾ ਹੈ। ਜਿਨ੍ਹਾਂ ਹੋਰ ਮਾਹਿਰਾਂ ਨੇ ਸਿਹਤ ਵਿਭਾਗ ਵਿੱਚੋਂ ਨੌਕਰੀ ਛੱਡੀ ਹੈ ਉਨ੍ਹਾਂ ਵਿੱਚ ਇੱਕ ਦਰਜਨ ਪੈਥਾਲੋਜਿਸਟ ਅਤੇ ਮਾਈਕਰੋਬਾਇਲੋਜਿਸਟ ਸ਼ਾਮਲ ਹਨ। ਸਵਾਈਨ ਫਲੂ ਦੇ ਇਲਾਜ ਲਈ ਵਿਸ਼ੇਸ਼ ਤੌਰ ‘ਤੇ ਹਸਪਤਾਲਾਂ ‘ਚ ਲਾਏ ਮਾਹਿਰ ਵੀ ਚਲੇ ਜਾਣ ਨਾਲ ਮਰੀਜ਼ਾਂ ਦੇ ਇਲਾਜ ‘ਚ ਦਿੱਕਤ ਆਉਣ ਲੱਗੀ ਹੈ। ਇਨ੍ਹਾਂ ਤੋਂ ਬਿਨਾਂ ਬਾਕੀ ਦੇ ਜਿਆਦਾਤਰ ਡਾਕਟਰ 24 ਘੰਟੇ ਖੁਲ੍ਹੇ ਰਹਿਣ ਵਾਲੇ ਸੌ ਸਿਹਤ ਕੇਂਦਰਾਂ ‘ਚ ਤਾਇਨਾਤ ਕੀਤੇ ਗਏ ਸਨ ਅਤੇ ਇਨ੍ਹਾਂ ਦੇ ਚਲੇ ਜਾਣ ਨਾਲ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਅਤੇ ਮਰੀਜ਼ ਇਲਾਜ ਕਰਾਉਣ ਲਈ ਪ੍ਰਾਈਵੇਟ ਡਾਕਟਰਾਂ ਕੋਲ ਜਾਣ ਲਈ ਮਜਬੂਰ ਹਨ।  ਮੈਡੀਕਲ ਕਾਲਜਾਂ ਵਾਸਤੇ ਅਰਜ਼ੀ ਦੇਣ ਲਈ ਮਾਹਿਰ ਡਾਕਟਰਾਂ ਨੇ ਸਰਕਾਰ ਤੋਂ  ਬਕਾਇਦਾ ਆਗਿਆ ਲਈ ਸੀ। ਆਗਿਆ ਲਈ ਨੂੰ ਦੋ ਮਹੀਨੇ ਲੰਘ ਗਏ ਹਨ ਪਰ ਸਰਕਾਰ ਵੱਲੋਂ ਖ਼ਾਲੀ ਹੋਣ ਵਾਲੀਆਂ ਸੰਭਾਵੀ ਆਸਾਮੀਆਂ ਨੂੰ ਪੁਰ ਕਰਨ ਲਈ ਬੰਦੋਬਸਤ ਕਰਨ ਦੀ ਜ਼ਰੂਰਤ ਨਹੀਂ ਸਮਝੀ ਗਈ, ਜਿਸ ਦਾ ਖ਼ਮਿਆਜਾ ਆਮ ਲੋਕ ਭੁਗਤਣ ਲਈ ਮਜਬੂਰ ਹੋ ਰਹੇ ਹਨ। ਸਿਹਤ ਵਿਭਾਗ ‘ਚ ਮਾਹਿਰਾਂ ਦੀਆਂ ਮਨਜ਼ੂਰਸ਼ੁਦਾ ਆਸਾਮੀਆਂ ਦੀ ਗਿਣਤੀ 1700 ਹੈ ਅਤੇ ਇਨ੍ਹਾਂ ਵਿੱਚੋਂ ਇੱਕ ਹਜ਼ਾਰ ਖ਼ਾਲੀ ਹਨ। ਪੌਣੇ ਦੋ ਸੌ ਡਾਕਟਰਾਂ ਦੇ ਮੈਡੀਕਲ ਵਿਭਾਗ ‘ਚ ਚਲੇ ਜਾਣ ਬਾਰੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਸਾਬਕਾ ਰਜਿਸਟਰਾਰ ਪੀ ਐਲ ਗਰਗ ਨੇ ਕਿਹਾ ਹੈ ਕਿ ਸਰਕਾਰ ਦੀਆਂ ਕੱਚਘਰੜ ਨੀਤੀਆਂ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਸਿਹਤ ਸੇਵਾਵਾਂ ‘ਤੇ ਅਸਰ ਨਹੀਂ: ਜਿਆਣੀ

ਸਿਹਤ ਮੰਤਰੀ  ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਹੈ ਕਿ ਡਾਕਟਰਾਂ ਦੇ ਜਾਣ ਨਾਲ ਸਿਹਤ ਸੇਵਾਵਾਂ ਬਿਲਕੁੱਲ ਪ੍ਰਭਾਵਿਤ ਨਹੀਂ ਹੋਈਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਡਾਕਟਰਾਂ ਨੂੰ ਬਿਹਤਰ ਸਥਾਨ ਉੱਤੇ ਜਾਣ ਤੋਂ ਰੋਕਣਾ ਠੀਕ ਨਹੀਂ ਹੋਵੇਗਾ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਆਈਏਐਸ ਨੇ ਕਿਹਾ ਹੈ ਕਿ ਡਾਕਟਰਾਂ ਦੇ ਸਿਹਤ ਵਿਭਾਗ ‘ਚੋਂ ਚਲੇ ਜਾਣ ਨਾਲ ਨਿਰਸੰਦੇਹ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਪਰ ਨਾਲ ਹੀ ਨਵੀਂ ਭਰਤੀ ਸ਼ੁਰੂ ਕਰ ਲਈ ਗਈ ਹੈ ਅਤੇ ਮਰੀਜ਼ਾਂ ਦਾ ਠੀਕ ਇਲਾਜ ਹੋ ਰਿਹਾ ਹੈ। ਸ੍ਰੀ ਹੁਸਨ ਲਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਵੀ ਹਨ।

Facebook Comment
Project by : XtremeStudioz