Close
Menu

ਪ੍ਰਗਤੀਸ਼ੀਲ ਪੰਜਾਬ ਖੇਤੀ ਸੰਮੇਲਨ ‑2014 : ਪੰਜਾਬ ‘ਚ ਆਲੂ ਬੀਜ ਉਤਪਾਦਨ ਦੀਆਂ ਸੰਭਾਵਨਾਵਾਂ ਤੇ ਸੈਮੀਨਾਰ

-- 18 February,2014

ਚਪੜ੍ਹਚਿੜੀ, (ਐਸ.ਏ.ਐਸ. ਨਗਰ) ,18 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ-2014 ਦੇ ਦੂਜੇ ਦਿਨ ਹੋ ਰਹੇ ਤਕਨੀਕੀ ਸੈਸ਼ਨਾਂ ਦੌਰਾਨ ‘ਆਲੂ ਬੀਜ ਉਤਪਾਦਨ ਵਿਚ ਸੰਭਾਵਨਾਵਾਂ’ ਵਿਸ਼ੇ ਤੇ ਆਯੋਜਿਤ ਸੈਮੀਨਾਰ ਵਿਚ ਖੇਤੀ ਮਾਹਿਰਾਂ ਨੇ ਕਿਹਾ ਕਿ ਪੰਜਾਬ ਵਿਚ ਆਲੂ ਦੇ ਬੀਜ ਉਤਪਾਦਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਅਤੇ ਇਨ੍ਹਾਂ ਮੌਕਿਆਂ ਦਾ ਲਾਭ ਲੈ ਕੇ ਪੰਜਾਬ ਦੁਨੀਆਂ ਵਿਚ ਆਲੂ ਬੀਜ ਉਤਪਾਦਨ ਦੇ ਧੂਰੇ ਵਜੋਂ ਉਭਰ ਸਕਦਾ ਹੈ।
ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਡਾ: ਜੀ.ਐਸ. ਕੰਗ, ਸਾਬਕਾ ਡਾਇਰੈਕਟਰ ਕੇਂਦਰੀ ਆਲੂ ਖੋਜ ਸੰਸਥਾਨ ਨੇ ਪੰਜਾਬ ਵਿਚ ਆਲੂ ਉਤਪਾਦਨ ਵਿਚ ਵਾਧੇ ਲਈ ਕਿਸਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਦੇਸ਼ ਭਰ ਦੀਆਂ ਆਲੂ ਬੀਜ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਸੂਬਾ ਹੈ ਪਰ ਫਿਰ ਵੀ ਆਲੂ ਬੀਜ ਦੇ ਕੌਮਾਂਤਰੀ ਬਜਾਰ ਵਿਚ ਪੰਜਾਬ ਦਾ ਕੋਈ ਯੋਗਦਾਨ ਨਹੀਂ ਹੈ। ਇਸ ਲਈ ਭਾਰਤੀ ਆਲੂ ਬੀਜ ਬਾਜਾਰ ਦੇ ਨਾਲ ਨਾਲ ਪੰਜਾਬ ਨੂੰ ਕੌਮਾਂਤਰੀ ਬਾਜਾਰ ਦੀਆਂ ਜਰੂਰਤਾਂ ਅਨੁਸਾਰ ਆਲੂ ਬੀਜ ਪੈਦਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਸ੍ਰੀ ਜੈਦੀਪ ਭਾਟੀਆ, ਡਾਇਰੈਕਟਰ ਐਗਰੋ ਪੈਪਸੀਕੋ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਦੇਸ਼ ਵਿਚ 2030 ਤੱਕ ਆਲੂ ਦੀ ਖਪਤ ਵਿਚ 14 ਫੀਸਦੀ ਵਾਧੇ ਦਾ ਅਨੁਮਾਨ ਹੈ ਅਤੇ ਇਸੇ ਜਰੂਰਤ ਦੀ ਪੂਰਤੀ ਲਈ ਮੁਲਕ ਵਿਚ ਆਲੂ ਉਤਪਾਦਨ ਵਿਚ ਵਾਧੇ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਵਿਸਵ ਭਰ ਵਿਚ ਅਨਾਜ ਅਤੇ ਦਾਲਾਂ ਦੀ ਖਪਤ ਘੱਟ ਰਹੀ ਹੈ ਜਦ ਕਿ ਫਲ ਅਤੇ ਸਬਜੀਆਂ ਦਾ ਬਾਜਾਰ ਫੈਲ ਰਿਹਾ ਹੈ ਇਸ ਕਾਰਨ ਪੰਜਾਬ ਦੇ ਕਿਸਾਨ ਸੁਧਰੀਆਂ ਖੇਤੀ ਤਕਨੀਕਾਂ, ਚੰਗੇ ਬੀਜ ਅਤੇ ਕਟਾਈ ਉਪਰੰਤ ਨੁਕਸਾਨ ਘੱਟ ਕਰਕੇ ਆਲੂ ਤੋਂ ਧਨ ਕਮਾ ਸਕਦੇ ਹਨ। ਆਲੂ ਦੇ ਬੀਜ ਬਾਜਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਆਪਣੇ ਮੁਲਕ ਵਿਚ ਹੀ 2020 ਵਿਚ ਦੇਸ਼ ਵਿਚ 50 ਮੀਲੀਅਨ ਮੀਟ੍ਰਿਕ ਟਨ ਆਲੂ ਉਤਪਾਦਨ ਦੇ ਟੀਚੇ ਦੀ ਪੂਰਤੀ ਲਈ 5 ਮੀਲੀਅਨ ਮੀਟ੍ਰਿਕ ਟਨ ਆਲੂ ਬੀਜ ਦੀ ਸਲਾਨਾ ਜਰੁਰਤ ਹੈ। ਪੰਜਾਬ ਜੋ ਇਸ ਸਮੇਂ ਦੇਸ਼ ਵਿਚ ਆਲੂ ਬੀਜ ਦੀ 90 ਫੀਸਦੀ ਜਰੂਰਤਾਂ ਦੀ ਪੂਰਤੀ ਕਰ ਰਿਹਾ ਹੈ, ਨੂੰ ਇਸ ਮੌਕੇ ਦਾ ਲਾਹਾ ਲੈਂਦਿਆਂ ਉੱਚ ਗੁਣਵਤਾ ਵਾਲਾ ਬਿਮਾਰੀ ਰਹਿਤ ਬੀਜ ਪੈਦਾ ਕਰਨ ਵਿਚ ਆਪਣੀ ਮੁਹਾਰਤ ਨਾਲ ਦੇਸ਼ ਦੀ ਆਲੂ ਉਤਪਾਦਨ ਵਿਚ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਆਲੂ ਦੇ ਮਿਆਰੀ ਬੀਜ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ‘ਸੀਡ ਵਿਲੇਜ਼’ ਸਕੀਮ ਨੂੰ ਲਾਗੂ ਕਰਨ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਆਲੂ ਦੇ ਪ੍ਰੋਸੈਸਿੰਗ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਇਸ ਸਮੇਂ ਦੇਸ਼ ਵਿਚ ਕੇਵਲ 5 ਫੀਸਦੀ ਉਤਪਾਦਨ ਦੀ ਹੀ ਪ੍ਰੋਸੈਸਿੰਗ ਹੋ ਰਹੀ ਹੈ ਜਦ ਕਿ ਪ੍ਰੋਸੈਸਿੰਗ ਰਾਹੀਂ ਆਲੂ ਦੇ ਮੁੱਲ ਵਾਧੇ ਰਾਹੀਂ ਨਾ ਸਿਰਫ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਉੱਥੇ ਖੇਤੀ ਆਧਾਰਿਤ ਸਨੱਅਤ ਕਾਰਨ ਸੂਬੇ ਦਾ ਉਦਯੋਗਿਕ ਵਿਕਾਸ ਵੀ ਹੋਵੇਗਾ।
ਡਾ: ਐਂਟਨ ਹੈਵਰਕੋਟ, ਕ੍ਰਾਪ ਇਕੋਲੌਜਿਸ਼ਟ ਵਾਜੇਨੀਜੰਨ ਯੂਨੀਵਰਸਿਟੀ, ਨਿਦਰਲੈਂਡ ਨੇ ਪੰਜਾਬ ਅਤੇ ਆਪਣੇ ਦੇਸ਼ ਵਿਚ ਆਲੂ ਉਤਪਾਦਨ ਵਿਚ ਸੰਮਾਨਤਾਵਾਂ ਅਤੇ ਵਖਰੇਵਿਆਂ ਦਾ ਜਿਕਰ ਕਰਦਿਆਂ ਪੰਜਾਬ ਨੂੰ ਦੇਸ਼ ਦੇ ਬਾਹਰ ਵੀ ਕੌਮਾਂਤਰੀ ਆਲੂ ਬੀਜ ਬਾਜਾਰ ਵਿਚ ਪੈਠ ਬਣਾਉਣ ਲਈ ਨੀਦਰਲੈਂਡ ਤੋਂ ਸੇਧ ਲੈਣ ਦਾ ਸੱਦਾ ਦਿੱਤਾ ਜੋ ਵਿਸਵ ਆਲੂ ਬੀਜ ਬਾਜਾਰ ਵਿਚ 60 ਫੀਸਦੀ ਹਿੱਸੇਦਾਰੀ ਨਾਲ ਦੁਨੀਆਂ ਭਰ ਵਿਚ ਆਲੂ ਬੀਜ ਦਾ ਸਭ ਤੋਂ ਵੱਡਾ ਨਿਰਯਾਤਕ ਹੈ। ਉਨ੍ਹਾਂ ਰੋਗ ਰਹਿਤ ਮਿਆਰੀ ਬੀਜ ਉਤਪਾਦਨ ਲਈ ਸੁਧਰੀਆਂ ਆਧੁਨਿਕ ਖੇਤੀ ਤਕਨੀਕਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕਰਨ ਦੀ ਗੱਲ ਕਰਦਿਆਂ ਆਖਿਆ ਕਿ ਆਲੂ ਦੀ ਖੇਤੀ ਜਮੀਨ ਦੀ ਸਿਹਤ ਅਤੇ ਜਲ ਸੰਭਾਲ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀ ਹੈ। ਉਨ੍ਹਾਂ ਕਿਹਾ ਕਿ ਆਲੂ ਦੀ ਖੇਤੀ ਪੰਜਾਬ ਵਿਚ ਫਸਲੀ ਚੱਕਰ ਵਿਚ ਬਦਲਾਅ ਵਿਚ ਸਹਾਈ ਹੋ ਸਕਦਾ ਹੈ।
ਇਸ ਤੋਂ ਬਿਨ੍ਹਾਂ ਇਸ ਸੈਮੀਨਾਰ ਵਿਚ ਡਾ: ਰੌਮਕੇ ਵਸਟਮੈਨ, ਸੀਨੀਅਰ ਫਸਲ ਵਿਗਿਆਨੀ ਵਾਜੇਨੀਜੰਨ ਯੂਨੀਵਰਸਿਟੀ, ਨਿਦਰਲੈਂਡ ਨੇ ਵੀ ਪੰਜਾਬ ਅਤੇ ਨੀਦਰਲੈਂਡ ਦੇ ਆਲੂ ਉਤਪਾਦਨ ਦੀ ਤੁਲਨਾ ਕਰਦਿਆਂ ਪੰਜਾਬ ਨੂੰ ਆਲੂ ਉਤਪਾਦਨ ਦਾ ਨਵਾਂ ਕੌਮਾਂਤਰੀ ਧੂਰਾ ਬਣਾਉਣਾ ਦੀ ਗੱਲ ਆਖੀ। ਨੀਦਰਲੈਂਡ ਐਗਰੋ ਫੂਡ ਐਂਡ ਟੈਕਨੌਲਾਜੀ ਸੈਂਟਰ, (ਐਨ.ਏ.ਐਫ.ਟੀ.ਸੀ.) ਇੰਡੀਆ ਦੇ ਡਾਇਰੈਕਟਰ ਸ੍ਰੀ ਮੌਰੀਜ਼ਨ ਲੇਜ਼ਟੇਨ ਨੇ ਆਲੂ ਉਤਪਾਦਨ ਵਿਚ ਪੰਜਾਬ ਅਤੇ ਨੀਦਰਲੈਂਡ ਦੀ ਭਾਗੀਦਾਰੀ ਦਾ ਜ਼ਿਕਰ ਕੀਤਾ। ਜੇ.ਐਸ. ਮਿਨਹਾਸ ਡਾਇਰੈਕਟਰ ਕੇਂਦਰੀ ਆਲੂ ਖੋਜ ਸੰਸਥਾਨ ਨੇ ਪੰਜਾਬ ਵਿਚ ਆਲੂ ਬੀਜ ਉਤਪਾਦਨ ਦੀ ਵਰਤਮਾਨ ਦਸ਼ਾ ਤੇ ਦਿਸ਼ਾ ਬਾਰੇ ਆਪਣਾ ਪਰਚਾ ਪੜਿਆ।
ਇਸ ਮੌਕੇ ਸ੍ਰੀ ਜੇ.ਬੀ. ਸੰਘਾ, ਸ੍ਰੀ ਸੁਖਜੀਤ ਸਿੰਘ ਭੱਟੀ, ਐਨ.ਏ.ਐਫ.ਟੀ.ਸੀ. ਤੋਂ ਸ੍ਰੀ ਜੁਲੀਅਨ ਪਾਲ, ਸੁਖਜੀਤ ਸਿੰਘ ਭੱਟੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਆਲੂ ਉਤਪਾਦਕਾਂ ਤੋਂ ਇਲਾਵਾਂ ਆਲੂ ਮਾਹਿਰਾਂ ਨੇ ਵੀ ਇਸ ਸੈਮੀਨਾਰ ਵਿਚ ਭਾਗ ਲਿਆ।

Facebook Comment
Project by : XtremeStudioz