Close
Menu

ਪ੍ਰਧਾਨ ਮੰਤਰੀ ਕੋਲੋਂ ਪੰਜਾਬ ਫੇਰੀ ਲਈ ਸਮਾਂ ਲੈਣ ਵਿੱਚ ਨਾਕਾਮ ਰਹੇ ਬਾਦਲ: ਜ਼ੀਰਾ

-- 18 June,2015

ਚੰਡੀਗੜ੍ਹ, 18 ਜੂਨ
ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਅਤੇ ਕਿਸਾਨ ਵਿਰੋਧੀ ਹਨ ਤੇ ਇਸ ਕਰਕੇ ਉਨ੍ਹਾਂ ਨੇ ਆਪਣੀ ਪੰਜਾਬ ਫੇਰੀ ਰੱਦ ਕੀਤੀ ਹੈ ਤੇ ਸੂਬੇ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਲੋਂ ਸਮਾਂ ਲੈਣ ਵਿਚ ਅਸਫਲ ਸਾਬਤ ਹੋਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਬਾਦਲ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਕਿਹਾ ਕਿ ਸੂਬੇ ਦੇ ਸਿਰਕੱਢ ਆਗੂ ਤੇ ਸੂਬੇ ਦੇ ਪੰਜਵੀਂ ਵਾਰ ਬਣੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਏਨੇ ਲਾਚਾਰ ਹੋ ਗਏ ਹਨ ਕਿ ਉਹ ਪ੍ਰਧਾਨ ਮੰਤਰੀ ਕੋਲੋਂ ਪੰਜਾਬ ਲਈ ਕੁਝ ਘੰਟਿਆਂ ਦਾ ਸਮਾਂ ਵੀ ਨਹੀਂ ਲੈ ਸਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸ੍ਰੀ ਅਾਨੰਦਪੁਰ ਸਾਹਿਬ ਦੇ 350 ਸਾਲਾ  ਸਥਾਪਨਾ ਦਿਵਸ ਦੇ ਸਮਾਗਮਾਂ ਬਾਰੇ ਵੀ ਪੱਤਰ ਲਿਖਿਆ ਸੀ। ਇਸ ਪੱਤਰ ਵਿਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ, ਗੁਜਰਾਤ ਸਰਕਾਰ ਵਲੋਂ ਪੰਜਾਬੀ ਕਿਸਾਨਾਂ  ਵਿਰੁੱਧ ਸੁਪਰੀਮ ਕੋਰਟ ਵਿਚ ਦਾਇਰ ਐਸ.ਐਲ.ਪੀ.ਵਾਪਸ ਲੈਣ, ਕਰਜ਼ਾ ਮੁਆਫ ਕਰਨ ਅਤੇ ਖਰਾਬ ਫਸਲਾਂ ਦਾ ਮੁਆਵਜ਼ਾ ਦੇਣ ਦੇ ਮੁੱਦੇ ਉਠਾਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਇਨਾਂ ਵਿਚੋਂ ਕਿਸੇ ਮੁੱਦੇ ਨਾਲ ਸਹਿਮਤ ਨਹੀਂ ਸਨ ਤੇ ਇਸ ਕਰਕੇ ਉਨ੍ਹਾਂ ਨੇ ਆਪਣੀ ਫੇਰੀ ਰੱਦ ਕਰ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਪੰਜ ਏਕੜ ਤੋਂ ਘੱਟ ਹੈ, ਉਨ੍ਹਾਂ ਨੂੰ ਮਨਰੇਗਾ ਤਹਿਤ ਕੰਮ ਦੀ ਖੁੱਲ੍ਹ ਦਿਤੀ ਜਾਵੇ, ਕਿਸਾਨਾਂ ਨੂੰ 90 ਫੀਸਦੀ ਸਬਸਿਡੀ ’ਤੇ ਬੀਜ ਦਿੱਤੇ ਜਾਣ ਅਤੇ ਕਰਜ਼ਾ ਮੁਆਫ ਕੀਤਾ ਜਾਵੇ, ਭਾਰਤੀ ਖੁਰਾਕ ਨਿਗਮ ਨੂੰ ਤੋੜਿਆ ਨਾ ਜਾਵੇ ਤੇ ਫਸਲਾਂ ਦੇ ਭਾਅ ਤੁਰੰਤ ਨਿਰਧਾਰਤ ਕੀਤੇ ਜਾਣ। ਮੀਟਿੰਗ ਵਿਚ ਹਰਦੀਪ ਸਿੰਘ ਪੱਟੀ, ਜਗਤਾਰ ਸਿੰਘ ਰਾਜਲਾ,ਬੱਬਲਜੀਤ ਸਿੰਘ ਖਿਆਲਾ ਆਦਿ ਹਾਜ਼ਰ ਸਨ।

Facebook Comment
Project by : XtremeStudioz