Close
Menu

ਪ੍ਰਧਾਨ ਮੰਤਰੀ ਦੀ ਤਰ੍ਹਾਂ ਮਾਣ ਮਰਿਆਦਾ ਨੂੰ ਸੱਟ ਵੱਜਦੀ ਤਾਂ ਅਸਤੀਫ਼ਾ ਦੇ ਦਿੰਦਾ – ਸ. ਬਾਦਲ

-- 03 October,2013

DSC_0060ਜਲੰਧਰ,3 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਹਾਲ ਹੀ ਵਿਚ ਦਾਗੀ ਆਗੂਆਂ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਕੇਂਦਰੀ ਕੈਬਨਿਟ ਵੱਲੋਂ ਉਲਟਾਉਣ ਸਬੰਧੀ ਜਾਰੀ ਆਰਡੀਨੈਂਸ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਹੋਈ ਨਮੋਸ਼ੀ ਸਬੰਧੀ ਗੱਲ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਦੀ ਜਗ੍ਹਾ ਹੁੰਦੇ ਤਾਂ ਅਜਿਹੇ ਹਾਲਾਤ ਵਿਚ ਅਸਤੀਫ਼ਾ ਦੇਣ ਨੂੰ ਤਰਜੀਹ ਦਿੰਦੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣੀ ਪਾਰਟੀ ਵਿਚ ਮਾਣ ਮਰਿਆਦਾ ਨੂੰ ਸੱਟ ਵੱਜਣ ਵਾਲੇ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਇਸ ਨਮੋਸ਼ੀ ਨੂੰ ਝੱਲਣ ਦੀ ਬਜਾਏ ਅਸਤੀਫ਼ਾ ਦੇ ਦਿੰਦੇ।

ਇਥੇ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕਰਵਾਏ ਇਕ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਰਡੀਨੈਂਸ ਖਿਲਾਫ਼ ਮੰਦੀ ਭਾਸ਼ਾ ਬੋਲ ਕੇ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਅਤੇ ਕੈਬਨਿਟ ਵਿਚ ਅਵਿਸ਼ਵਾਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਅਸਤੀਫ਼ਾ ਦੇ ਦੇਵੇ। ਸ: ਬਾਦਲ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦਫ਼ਤਰ ਦੀ ਵੱਡੀ ਬੇਇਜ਼ਤੀ ਹੈ, ਜੋ ਕਿ ਬਦਕਿਸਮਤੀ ਵਾਲੀ ਗੱਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੈਬਨਿਟ ਦੇ ਅਧਿਕਾਰਾਂ ਨੂੰ ਖੋਰਾ ਲੱਗਣ ਦੀ ਚਿੰਤਾ ਹੈ ਅਤੇ ਇਹ ਗੱਲ ਇਕ ਬੇਵਕੂਫ ਵੀ ਸਮਝ ਸਕਦਾ ਹੈ ਕਿ ਦੋ ਵਾਰ ਕੈਬਨਿਟ ਵਿਚ ਲਿਆਉਣ ‘ਤੇ ਵੀ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਨੂੰ ਆਰਡੀਨੈਂਸ ਦੀ ਸਮਝ ਨਾ ਹੋਵੇ ਅਤੇ ਹੁਣ ਉਹ ਅਣਜਾਣਤਾ ਦੇ ਬਹਾਨੇ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਮੈਨੇਜਰ ਉਸ ਦੇ ਅਕਸ ਨੂੰ ਚਮਕਾਉਣ ਲਈ ਅਜਿਹੇ ਘਟੀਆ ਕਿਸਮ ਦੇ ਢੰਗ-ਤਰੀਕੇ ਅਪਣਾ ਰਹੇ ਹਨ ਪਰੰਤੂ ਅਜਿਹੇ ਕਦਮਾਂ ਨਾਲ ਕੈਬਨਿਟ ਅਤੇ ਪ੍ਰਧਾਨ ਮੰਤਰੀ ਨੂੰ ਗੰਭੀਰ ਝਟਕਾ ਲੱਗਾ ਹੈ।

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਵੱਲੋਂ ਨਿਰਦੋਸ਼ ਮੁਸਲਿਮ ਕੈਦੀਆਂ ਸਬੰਧੀ ਰਾਜ ਸਰਕਾਰਾਂ ਨੂੰ ਲਿਖੇ ਪੱਤਰ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਇਸ ਪੱਤਰ ਦੀ ਸ਼ਾਇਦ ਹੀ ਕੋਈ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੇਂਦਰ ਜਾਂ ਸੂਬਾ ਸਰਕਾਰ ਨੂੰ ਧਰਮ ਨਿਰਪੱਖ ਹੋਣਾ ਚਾਹੀਦਾ ਹੈ ਅਤੇ ਆਪਣੇ ਰਾਜਨੀਤਿਕ ਮੁਫ਼ਾਦਾਂ ਤੋਂ ਉਪਰ ਉਠ ਕੇ ਆਪਣੀ ਸ਼ਕਤੀ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਯੂ ਪੀ ਏ ਸਰਕਾਰ ਦੇਸ਼ ਦੇ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ ਖੇਤਰ ਵਿਚ ਪਿਛਲੇ ਦਿਨੀਂ ਪੁਲਿਸ ਅਤੇ ਸੈਨਾ ‘ਤੇ ਹੋਏ ਹਮਲੇ ਦੇਸ਼ ਦੀ ਪ੍ਰਭੂਸੱਤਾ ਲਈ ਚੁਨੌਤੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰ ਆਪਣੀਆਂ ਸੁਰੱਖਿਆ ਫੋਰਸਾਂ ਅਤੇ ਪੁਲਿਸ ਦੀ ਰੱਖਿਆ ਨਹੀਂ ਕਰ ਸਕਦੀ ਤਾਂ ਉਹ ਆਮ ਨਾਗਰਿਕਾਂ ਦੀ ਕੀ ਰੱਖਿਆ ਕਰੇਗੀ। ਸ. ਬਾਦਲ ਨੇ ਕਿਹਾ ਕਿ ਮੁਲਕ ਨੂੰ ਇਕ ਅਜਿਹੇ ਤਾਕਤਵਰ ਪ੍ਰਧਾਨ ਮੰਤਰੀ ਦੀ ਲੋੜ ਹੈ ਜੋ ਕਿ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ-ਤੋੜ ਜਵਾਬ ਦੇਣ ਦੇ ਯੋਗ ਹੋਵੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਸਰਕਾਰ ਬਾਰੇ ਦਿੱਤੇ ਜਾ ਰਹੇ ਨਿੱਤ ਨਵੇਂ ਬਿਆਨਾਂ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਬਿਆਨ ਉਨ੍ਹਾਂ ਦੀ ਨਿਰਾਸ਼ਾ ਜਾਹਰ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕੇ ਹੈ ਜਦੋਂ ਵਿਰੋਧੀ ਪਾਰਟੀ ਬਿਨਾਂ ਕਿਸੇ ਏਜੰਡੇ ਅਤੇ ਮੁੱਦੇ ਦੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਵਿਰੋਧੀ ਧਿਰ ਦਾ ਉਸਾਰੂ ਭੂਮਿਕਾ ਨਿਭਾਉਣ ਦੀ ਬਜਾਏ ਸੂਬੇ ਨੂੰ ਮਿਲਣ ਵਾਲੀਆਂ ਗ੍ਰਾਂਟਾਂ ਨੂੰ ਰੁਕਵਾਉਣ ‘ਤੇ ਜ਼ੋਰ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੇਂਦਰ ਸੂਬਿਆਂ ਨੂੰ ਗ੍ਰਾਂਟਾਂ ਜਾਰੀ ਕਰਕੇ ਕੋਈ ਅਹਿਸਾਨ ਨਹੀਂ ਕਰ ਰਿਹਾ ਕਿਉਂਕਿ ਕੇਂਦਰੀ ਟੈਕਸਾਂ ਵਿਚੋਂ ਬਣਦਾ ਹਿੱਸਾ ਹਾਸਲ ਕਰਨਾ ਸੂਬਿਆਂ ਦਾ ਅਸੂਲਨ ਅਤੇ ਸੰਵਿਧਾਨਕ ਹੱਕ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਟੈਕਸਾਂ ਦੇ ਹਸਤਾਂਤਰਣ ਲਈ ਇਕ ਮਜ਼ਬੂਤ ਸੰਘੀ ਢਾਂਚਾ ਉਸਾਰਨ ਦੇ ਹੱਕ ਵਿਚ ਰਿਹਾ ਹੈ ਪਰੰਤੂ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਹੈ। ਸ. ਬਾਦਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਮਨਜ਼ੂਰੀ ਲੈਣ ਲਈ ਵੀ ਫਾਈਲ ਕੇਂਦਰ ਸਰਕਾਰ ਨੂੰ ਭੇਜਣੀ ਪੈਂਦੀ ਹੈ।

ਇਸ ਤੋਂ ਪਹਿਲਾਂ ਹਿੰਦ ਸਮਾਚਾਰ ਗਰੁੱਪ ਦੇ ਸੰਪਾਦਕ ਪਦਮਸ੍ਰੀ ਸ੍ਰੀ ਵਿਜੈ ਚੋਪੜਾ ਦੀ ਅਗਵਾਈ ਵਿਚ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਕਮੇਟੀ  ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫਿਆਂ ਦੀ ਵੰਡ ਇਕ ਉਤਮ ਕਾਰਜ ਹੈ, ਜਿਹੜਾ ਕਿ ਗਰੀਬ ਅਤੇ ਲੋੜਵੰਦ ਬੱਚਿਆਂ ਵਿਚ ਪੜ੍ਹਾਈ ਪ੍ਰਤੀ ਉਤਸ਼ਾਹ ਪੈਦਾ ਕਰਨ ਦਾ ਜ਼ਰੀਆ ਬਣੇਗਾ ਅਤੇ ਇਸ ਨਾਲ ਸੂਬੇ ਦੀ ਤਰੱਕੀ ਵੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਤਾਲੀਮ ਜ਼ਿੰਦਗੀ ਦੀ ਸਭ ਤੋਂ ਅਹਿਮ ਲੋੜ ਹੈ ਅਤੇ ਸੂਬਾ ਸਰਕਾਰ ਵੱਲੋਂ ਇਸ ਦੇ ਪਸਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਕਰਕੇ ਅੱਜ ਪੰਜਾਬ ਸਿੱਖਿਆ ਦੇ ਖੇਤਰ ਵਿਚ ਦੇਸ਼ ਦਾ ਦੁਬਾਰਾ ਨੰਬਰ ਇਕ ਸੂਬਾ ਬਣ ਗਿਆ ਹੈ। ਸ. ਬਾਦਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹੁਸ਼ਿਆਰ ਵਿਦਿਆਰਥੀਆਂ ਲਈ ਡਾ ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ 80 ਫੀਸਦੀ ਤੋਂ ਵੱਧ ਨੰਬਰ ਹਾਸਲ ਕਰਨ ਵਾਲੇ ਪਿੰਡਾਂ ਤੇ ਸ਼ਹਿਰਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ 30 ਹਜ਼ਾਰ ਰੁਪਏ ਸਾਲਾਨਾ ਵਜ਼ੀਫਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਪੜ੍ਹਾਈ, ਖਾਣੇ ਅਤੇ ਰਿਹਾਇਸ਼ ਦੀ ਸੁਵਿਧਾ ਵੀ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਸਰਕਾਰ ਵੱਲੋਂ ਸੂਬੇ ਭਰ ਵਿਚ ਛੇ ਜ਼ਿਲ੍ਹਿਆਂ ਵਿਚ ਸਪੈਸ਼ਲ ਸਕੂਲ ਖੋਲ੍ਹੇ ਜਾ ਰਹੇ ਹਨ।

ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਚੂਨੀ ਲਾਲ ਭਗਤ, ਸ. ਅਜੀਤ ਸਿੰਘ ਕੋਹਾੜ, ਸ. ਸਰਵਨ ਸਿੰਘ ਫਿਲੌਰ, ਸ. ਸੁਰਜੀਤ ਸਿੰਘ ਰੱਖੜਾ, ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਸ੍ਰੀ ਕੇ ਡੀ ਭੰਡਾਰੀ, ਸ੍ਰੀ ਮਨੋਰੰਜਨ ਕਾਲੀਆ ਵਿਧਾਇਕ, ਸ੍ਰੀ ਕਮਲ ਸ਼ਰਮਾ ਪੰਜਾਬ ਭਾਜਪਾ ਪ੍ਰਧਾਨ, ਸ੍ਰੀ ਤੀਕਸ਼ਨ ਸੂਦ ਸਲਾਹਕਾਰ ਮੁੱਖ ਮੰਤਰੀ, ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਅਤੇ ਸ੍ਰੀ ਅਵਤਾਰ ਹੈਨਰੀ, ਸ੍ਰੀ ਸੁਨੀਲ ਜੋਤੀ ਮੇਅਰ ਨਗਰ ਨਿਗਮ ਜਲੰਧਰ, ਸ. ਬਲਜੀਤ ਸਿੰਘ ਨੀਲਾਮਹਿਲ, ਸ. ਗੁਰਚਰਨ ਸਿੰਘ ਚੰਨੀ, ਸ੍ਰੀ ਵਿਜੇ ਸਾਂਪਲਾ, ਸ. ਗੁਰਕੀਰਤ ਕਿਰਪਾਲ ਸਿੰਘ ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਸ੍ਰੀ ਆਰ ਵੈਂਕਟਾਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ, ਸ੍ਰੀ ਰਾਮ ਸਿੰਘ ਪੁਲਿਸ ਕਮਿਸ਼ਨਰ ਜਲੰਧਰ, ਸ੍ਰੀ ਵਰੁਣ ਰੂਜਮ ਡਿਪਟੀ ਕਮਿਸ਼ਨਰ, ਸ੍ਰੀ ਜਸਪ੍ਰੀਤ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਪੁਲਿਸ, ਡਾ. ਆਰ. ਐਲ. ਬੱਸਣ ਸਿਵਲ ਸਰਜਨ ਜਲੰਧਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Facebook Comment
Project by : XtremeStudioz