Close
Menu

ਪ੍ਰਧਾਨ ਮੰਤਰੀ ਦੀ ਰੈਲੀ ‘ਚ ਜਾ ਰਹੇ 500 ਵਿਅਕਤੀ ਕੀਤੇ ਅਗਵਾ

-- 10 May,2015

ਜਗਦਲਪੁਰ- ਨਕਸਲੀਆਂ ਨੇ ਕਲ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ। ਉਸ ਸੱਦੇ ‘ਤੇ ਅਮਲ ਕਰਾਉਣ ਅਤੇ ਆਪਣੀ ਹੋਂਦ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਦੇ ਆਗਮਨ ਤੋਂ ਠੀਕ ਚਾਰ ਘੰਟੇ ਪਹਿਲਾਂ ਸ਼ਨੀਵਾਰ ਸਵੇਰੇ ਨਕਸਲੀਆਂ ਨੇ ਛੱਤੀਸਗੜ੍ਹ ਦੇ ਸੁਕਮਾ ਤੋਂ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਸ਼ਾਮਲ ਹੋਣ ਦੰਤੇਵਾੜਾ ਜਾ ਰਹੇ ਲਗਭਗ 500 ਦਿਹਾਤੀਆਂ ਨੂੰ ਅਗਵਾ ਕਰ ਲਿਆ।
ਖਬਰ ਲਿਖੇ ਜਾਣ ਤਕ ਅਗਵਾ ਹੋਇਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ। ਖਬਰ ਮਿਲਣ ‘ਤੇ ਪੁਲਸ ਪਾਰਟੀਆਂ ਮੌਕੇ ਵੱਲ ਰਵਾਨਾ ਹੋ ਗਈਆਂ।
ਇਧਰ ਦੰਤੇਵਾੜਾ ਜ਼ਿਲੇ ਵਿਚ ਜਿੱਥੇ ਸ਼੍ਰੀ ਮੋਦੀ ਦੀ ਰੈਲੀ ਹੋਣੀ ਸੀ, ਉਥੇ ਨਕਸਲੀਆਂ ਨੇ ਰੇਲ ਪਟੜੀ ਪੁੱਟ ਕੇ ਰੇਲ ਆਵਾਜਾਈ ਵਿਚ ਰੁਕਾਵਟ ਪਾਈ।
ਸੂਤਰਾਂ ਅਨੁਸਾਰ ਤੋਂਗਪਾਲ ਥਾਣਾ ਇਲਾਕੇ ਦੇ ਮਾਰੇਂਗਾ ਪਿੰਡ ਦੇ ਲਗਭਗ 500 ਵਸਨੀਕ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਘਰਾਂ ਵਿਚੋਂ      ਨਿਕਲੇ ਸਨ। ਪਿੰਡ ਵਾਲੇ ਮੁੱਖ ਸੜਕ ‘ਤੇ ਪੁੱਜਣ ਹੀ ਵਾਲੇ ਸਨ ਕਿ ਉਥੇ 100 ਕੁ ਵਰਦੀਧਾਰੀ ਹਥਿਆਰਬੰਦ ਨਕਸਲੀ ਆ ਧਮਕੇ। ਨਕਸਲੀਆਂ ਨੇ ਬੰਦੂਕ ਦੀ ਨੋਕ ‘ਤੇ ਇਨ੍ਹਾਂ ਸਾਰਿਆਂ ਨੂੰ ਬੰਧਕ ਬਣਾ ਲਿਆ ਅਤੇ ਜੰਗਲ ਵੱਲ ਲੈ ਗਏ। ਅਗਵਾ ਮਗਰੋਂ ਸਮੁੱਚੇ ਪਿੰਡ ਵਿਚ ਦਹਿਸ਼ਤ ਫੈਲ ਗਈ।
ਓਧਰ ਦੰਤੇਵਾੜਾ ਜ਼ਿਲੇ ਦੇ ਕਾਮਾਲੂਰ ਅਤੇ ਕੁਮਹਾਰ ਸਾਡਰਾ ਰੇਲਵੇ ਸਟੇਸ਼ਨ ਦੇ ਮੱਧ ਜੰਗਲ ਵਿਚ ਨਕਸਲੀਆਂ ਨੇ ਸ਼ੁੱਕਰਵਾਰ ਰਾਤ ਲਗਭਗ 100 ਰੇਲ ਪਟੜੀਆਂ ਪੁੱਟ ਕੇ ਸੁੱਟ ਦਿਤੀਆਂ ਕਿਉਂਕਿ ਰੇਲਵੇ ਨੇ ਚੌਕਸੀ ਵਜੋਂ ਇਸ ਮਾਰਗ ‘ਤੇ ਰਾਤ ਨੂੰ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਕੀਤੀ ਹੋਈ ਹੈ ਇਸ ਲਈ ਕੋਈ ਗੰਭੀਰ ਹਾਦਸਾ ਨਹੀਂ ਹੋਇਆ। ਸਵੇਰੇ ਰੇਲਵੇ ਦੀ ਮੁਰੰਮਤ ਟੀਮ ਟਰੈਫਿਕ ਬਹਾਲ ਕਰਨ ਵਿਚ ਲੱਗ ਗਈ।
ਕੇਂਦਰੀ ਗ੍ਰਹਿ ਮੰਤਰੀ ਨੇ ਉਪਰੋਕਤ ਅਗਵਾ ਕੀਤੇ ਗਏ ਵਿਅਕਤੀਆਂ ਬਾਰੇ ਕਿਹਾ ਕਿ ਸਰਕਾਰ ਨਕਸਲਵਾਦ ਨਾਲ ਲੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਸਾਰੇ ਅਗਵਾ ਕੀਤੇ ਵਿਅਕਤੀਆਂ ਨੂੰ ਰਿਹਾਅ ਕਰਾਉਣ ਦੀ ਕੋਸ਼ਿਸ਼ ਜਾਰੀ ਹੈ।

Facebook Comment
Project by : XtremeStudioz