Close
Menu

ਪ੍ਰਸ਼ਾਸਨ ਨੇ ਵਧਾਇਆ ਹੋਇਆ ਹਾਊਸ ਟੈਕਸ ਲਾਗੂ ਕਰਨ ਦੀ ਤਿਆਰੀ ਖਿੱਚੀ

-- 04 August,2015

ਚੰਡੀਗੜ੍ਹ, ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਸ਼ਹਿਰ ਦੇ 11 ਲੱਖ ਲੋਕਾਂ ਉਪਰ 1600 ਫ਼ੀਸਦ ਵਧਿਆ ਹਾਊਸ ਟੈਕਸ ਲਾਗੂ ਕਰਨ ਦੀ ਤਿਆਰੀ ਕੱਸ ਲਈ ਹੈ। ਦੂਜੇ ਪਾਸੇ, ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਟੈਕਸ ਵਿਰੁੱਧ ਸੜਕਾਂ ’ਤੇ ਨਿਕਲ ਆਈ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਭੇਤਭਰੇ ਢੰਗ ਨਾਲ ਖਾਮੋਸ਼ੀ ਸਾਧ ਲਈ ਹੈ। ਇਨ੍ਹਾਂ ਹਾਲਤਾਂ ਵਿਚ ਜੇ ਪ੍ਰਸ਼ਾਸਨ ਵਧਿਆ ਹਾਊਸ ਟੈਕਸ ਲਾਗੂ ਕਰਨ ਵਿੱਚ ਕਾਮਯਾਬ ਹੋ ਗਿਆ ਤਾਂ ਸ਼ਹਿਰ ਦੇ ਲੋਕਾਂ ਉਪਰ ਸਾਲਾਨਾ 2000 ਰੁਪਏ ਤੋਂ ਲੈ ਕੇ 71000 ਰੁਪਏ ਦਾ ਵਾਧੂ ਬੋਝ ਪਵੇਗਾ। ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਲਾਗੂ ਕਰਨ ਲਈ ਲੋੜੀਂਦੇ ਫਾਰਮਾਂ ਦੀ ਛਪਾਈ ਕਰਵਾਈ ਜਾ ਰਹੀ ਹੈ। ਨਿਗਮ ਵੱਲੋਂ ਜਲਦ ਹੀ ਟੈਕਸ ਭਰਨ ਵਾਲੇ ਈ-ਫਾਰਮ ਈ-ਸੰਪਰਕ ਕੇਂਦਰਾਂ ਵਿੱਚ ਮੁਹੱਈਆ ਕੀਤੇ ਜਾ ਰਹੇ ਹਨ। ਈ-ਸੰਪਰਕ ਕੇਂਦਰਾਂ ਵਿੱਚ ਹੀ ਹਾਊਸ ਟੈਕਸ ਜਮ੍ਹਾਂ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ।  ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੀ ਆੜ੍ਹ ਹੇਠ ਇਹ ਟੈਕਸ ਥੋਪਿਆ ਜਾ ਰਿਹਾ ਹੈ ਜਦਕਿ ਹੁਣ ਘਰ-ਘਰ ਵਿੱਚ ਅਜਿਹੀ ਚਰਚਾ ਚੱਲ ਪਈ ਹੈ ਕਿ ਅਜਿਹੇ ਸਮਾਰਟ ਸਿਟੀ ਨਾਲ ਉਹ ਮੌਜੂਦਾ ਚੰਡੀਗੜ੍ਹ ਤੋਂ ਹੀ ਸੰਤੁਸ਼ਟ ਹਨ। ਬਸਪਾ ਨੇ ਅੱਜ ਰਾਮ ਦਰਬਾਰ ਫੇਜ਼ 2 ਵਿਖੇ ਪ੍ਰਸ਼ਾਸਨ ਵੱਲੋਂ ਥੋਪੇ ਹਾਊਸ ਟੈਕਸ ਸਮੇਤ ਹੋਰ ਮੰਗਾਂ ਨੂੰ ਲੈ ਕੇ ਰੋਸ ਧਰਨਾ ਮਾਰ ਕੇ ਸੰਘਰਸ਼ ਵਿੱਢ ਦਿੱਤਾ ਹੈ।ਪਾਰਟੀ ਦੀ ਚੰਡੀਗੜ੍ਹ ਇਕਾੲੀ ਦੇ ਪ੍ਰਧਾਨ ਜਗੀਰ ਸਿੰਘ ਤੇ ਕੌਮੀ ਸਕੱਤਰ ਤੇ ਸੰਸਦ ਮੈਂਬਰ ਨਰਿੰਦਰ ਕਸ਼ਿਅਪ ਨੇ ਕਿਹਾ ਕਿ ਹਾਊਸ ਟੈਕਸ ਇਥੋਂ ਦੀ ਜਨਤਾ ਉਪਰ ਭਾਰੀ ਵਿੱਤੀ ਬੋਝ ਹੈ।
ੳੁਧਰ, ਕਾਂਗਰਸ ਦੇ ਸਾਬਕਾ ਮੇਅਰ ਤੇ ਕੌਂਸਲਰ ਸੁਭਾਸ਼ ਚਾਵਲਾ ਨੇ ਭਾਰੀ ਹਾਊਸ ਟੈਕਸ ਲਾਉਣ ਦੇ ਰੋਸ ਵਜੋਂ ਨਿਗਮ ਦੀ ਹਾਊਸ ਟੈਕਸ ਕਮੇਟੀ ਦੇ ਚੇਅਰਮੈਨ ਤੋਂ ਅਸਤੀਫਾ ਦੇ ਕੇ ਭਾਜਪਾ ਉਪਰ ‘ਸਿਆਸੀ ਤੀਰ’ ਚਲਾਇਆ ਹੈ ਅਤੇ ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ 4 ਅਗਸਤ ਤੋਂ ਚੰਡੀਗੜ੍ਹ ਵਿੱਚ ਥਾਂ-ਥਾਂ ਪ੍ਰਦਰਸ਼ਨ ਕਰਨ ਦੀ ਰਣਨੀਤੀ ਬਣਾਈ ਹੈ। ਕਾਂਗਰਸ ਵੱਲੋਂ ਇਹ ਮੋਰਚਾ 4 ਅਗਸਤ ਨੂੰ ਸੈਕਟਰ 38 ਤੋਂ ਸ਼ੁਰੂ ਕੀਤਾ ਜਾਵੇਗਾ। ਕਾਂਗਰਸ ਇਸ ਮੁੱਦੇ ਉਪਰ ਸਿੱਧੇ ਤੌਰ ’ਤੇ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਭਾਜਪਾ ਪ੍ਰਧਾਨ ਸੰਜੇ ਟੰਡਨ ਉਪਰ ਦੋਸ਼ ਮੜ੍ਹ ਰਹੇ ਹਨ।  ਸ੍ਰੀ ਟੰਡਨ ਨੇ ਕਾਂਗਰਸ ਉਪਰ ਉਲਟ ਵਾਰ ਕਰਦਿਆਂ ਕਿਹਾ ਹੈ ਕਿ ਹਾਊਸ ਟੈਕਸ ਲਾਗੂ ਕਰਨ ਲੲੀ ਮੁੱਢਲੇ ਤੌਰ ’ਤੇ ਕਾਂਗਰਸ ਜ਼ਿੰਮੇਵਾਰ ਹੈ ਕਿਉਂਕਿ ਕਾਂਗਰਸ ਦੇ ਮੇਅਰ ਸ੍ਰੀ ਚਾਵਲਾ ਮੌਕੇ ਹੀ ਹਾਊਸ ਟੈਕਸ ਲਾਉਣ ਦਾ ਰਸਤਾ ਖੋਲ੍ਹਿਆ ਗਿਆ ਸੀ। ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ ਦੇ ਸਲਾਹਕਾਰ ਸ਼ਿਵਰਾਜ ਪਾਟਿਲ ਨਿਗਮ ਦੇ ਉਸ ਵੇਲੇ ਦੇ ਮੇਅਰ ਸ੍ਰੀ ਚਾਵਲਾ ਰਾਹੀਂ ਸ਼ਹਿਰ ਵਿਚ ਨਾਮਾਤਰ ਹਾਊਸ ਟੈਕਸ ਲਾਉਣ ਵਿੱਚ ਕਾਮਯਾਬ ਹੋ ਗਏ ਸਨ। ਉਸ ਵੇਲੇ ਪ੍ਰਸ਼ਾਸਕ ਨੇ ਇਹ ਕਹਿ ਕੇ ਹਾਊਸ ਟੈਕਸ ਲਾਇਆ ਸੀ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਈ ਕੇਂਦਰੀ ਗ੍ਰਾਂਟਾਂ ਬੰਦ ਹੋ ਸਕਦੀਆਂ ਹਨ ਜਦਕਿ ਹੁਣ ਸਲਾਹਕਾਰ ਵਿਜੇ ਦੇਵ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੀ ਆੜ ਹੇਠ ਭਾਰੀ ਹਾਊਸ ਟੈਕਸ ਲਾ ਰਹੇ ਹਨ।

ਕਿਰਨ ਖੇਰ ਨੇ ਸਾਧੀ ਚੁੱਪ

ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਟੈਕਸ ਦੇ ਮੁੱਦੇ ਉਪਰ ਖਾਮੋਸ਼ੀ ਸਾਧੀ ਹੈ ਜਿਸ ਤੋਂ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਰਹੇ ਹਨ ਕਿਉਂਕਿ ਕਾਂਗਰਸ ਪਹਿਲਾਂ ਹੀ ਦੋਸ਼ ਲਾ ਰਹੀ ਹੈ ਕਿ ਪ੍ਰਸ਼ਾਸਨ ਨੇ ਭਾਜਪਾ ਦੀ ਲੀਡਰਸ਼ਿਪ ਦੀ ਸਹਿਮਤੀ ਨਾਲ ਹੀ ਟੈਕਸ ਥੋਪਿਆ ਹੈ। ਇਸ ਪੱਤਰਕਾਰ ਨੇ ਜਦੋਂ ਕਿਰਨ ਖੇਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਪੀਏ ਨੇ ਕਿਹਾ ਕਿ ਮੈਡਮ ਫਿਲਹਾਲ ਪਾਰਲੀਮੈਂਟ ਸੈਸ਼ਨ ਵਿੱਚ ਰੁੱਝੇ ਹਨ।

Facebook Comment
Project by : XtremeStudioz