Close
Menu

ਪ੍ਰੱਗਿਆ ਵੱਲੋਂ ਚੋਣ ਲੜਨ ਤੋਂ ਰੋਕਣ ਵਾਲੀ ਅਰਜ਼ੀ ਖ਼ਾਰਜ ਕਰਨ ਦੀ ਮੰਗ

-- 24 April,2019

ਮੁੰਬਈ, 24 ਅਪਰੈਲ
ਭਾਜਪਾ ਆਗੂ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲੜਨ ਤੋਂ ਰੋਕਣ ਦੀ ਮੰਗ ਵਾਲੀ ਅਰਜ਼ੀ ਨੂੰ ‘ਹੋਛੀ’ ਤੇ ‘ਸਿਆਸੀ ਕਿੜ ਕੱਢਣ ਦੀ ਭਾਵਨਾ’ ਨਾਲ ਦਾਇਰ ਕੀਤੀ ਹੋਈ ਦੱਸਦਿਆਂ ਇੱਥੇ ਵਿਸ਼ੇਸ਼ ਐਨਆਈਏ ਅਦਾਲਤ ’ਚ ਇਸ ਨੂੰ ਖਾਰਜ ਕਰਨ ਦੀ ਮੰਗ ਕੀਤੀ। ਪ੍ਰੱਗਿਆ 2008 ਦੇ ਮਾਲੇਗਾਓਂ ਬੰਬ ਧਮਾਕਾ ਮਾਮਲੇ ਵਿਚ ਮੁਲਜ਼ਮ ਹੈ। ਇਸ ਧਮਾਕੇ ਦੇ ਪੀੜਤਾਂ ਵਿਚ ਇਕ ਦੇ ਪਿਤਾ ਨੇ ਲੰਘੇ ਵੀਰਵਾਰ ਨੂੰ ਅਦਾਲਤ ਦਾ ਰੁਖ਼ ਕਰਦਿਆਂ ਇਸ ਮਾਮਲੇ ਦੀ ਮੁੱਖ ਮੁਲਜ਼ਮ ਠਾਕੁਰ ਨੂੰ ਭੋਪਾਲ ਤੋਂ ਚੋਣ ਲੜਨ ਤੋਂ ਰੋਕਣ ਦੀ ਅਪੀਲ ਕੀਤੀ ਸੀ। ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਐਨਆਈਏ ਦੇ ਮਾਮਲੇ ਵਿਚ ਵਿਸ਼ੇਸ਼ ਜੱਜ ਵੀ.ਐੱਸ. ਪਾਡਲਕਰ ਅੱਗੇ ਅੱਜ ਆਪਣੇ ਵਕੀਲ ਰਾਹੀਂ ਇਸ ਪਟੀਸ਼ਨ ਦਾ ਜਵਾਬ ਦਾਖ਼ਲ ਕੀਤਾ। ਠਾਕੁਰ ਨੇ ਕਿਹਾ ਹੈ ਕਿ ਅਰਜ਼ੀਕਰਤਾ ਨੇ ਜਾਣਬੁੱਝ ਕੇ ਇਸ ਅਦਾਲਤ ਵਿਚ ਗਲਤ ਤੇ ਫ਼ਾਲਤੂ ਅਰਜ਼ੀ ਦਾਇਰ ਕੀਤੀ ਹੈ ਤਾਂਕਿ ਪ੍ਰਚਾਰ ਹਾਸਲ ਕੀਤਾ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਇਹ ਅਰਜ਼ੀ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ। ਠਾਕੁਰ ਨੇ ਕਿਹਾ ਕਿ ਅਰਜ਼ੀ ਪਾਉਣ ਵਾਲੇ ਨੇ ਨਾ ਕੇਵਲ ਅਦਾਲਤ ਦਾ ਵਕਤ ਬਰਬਾਦ ਕੀਤਾ ਹੈ ਬਲਕਿ ਅਦਾਲਤ ਦੀ ਮਰਿਆਦਾ ਤੇ ਮਾਣ ਨੂੰ ਵੀ ਠੇਸ ਪਹੁੰਚਾਈ ਹੈ। ਪ੍ਰੱਗਿਆ ਨੇ ਅਦਾਲਤ ਨੂੰ ਕਿਹਾ ਕਿ ਜੁਰਮਾਨਾ ਲਾ ਕੇ ਅਰਜ਼ੀ ਖਾਰਜ ਕੀਤੀ ਜਾਵੇ।

Facebook Comment
Project by : XtremeStudioz