Close
Menu

ਪੰਚਾਇਤੀ ਚੋਣਾਂ ‘ਚ ਧੱਕੇਸ਼ਾਹੀ ਦਾ ਖ਼ਮਿਆਜ਼ਾ ਕਾਂਗਰਸ ਨੂੰ ਲੋਕ ਸਭਾ ਚੋਣਾਂ ‘ਚ ਭੁਗਤਣਾ ਪਵੇਗਾ-ਪ੍ਰਿੰਸੀਪਲ ਬੁੱਧ ਰਾਮ

-- 19 December,2018

‘ਆਪ’ ਦਾ ਵਫ਼ਦ ਰਾਜ ਚੋਣ ਕਮਿਸ਼ਨ ਨੂੰ ਮਿਲੇਗਾ

ਚੰਡੀਗੜ੍ਹ, 19 ਦਸੰਬਰ 2018
ਪੰਚਾਇਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖ਼ਿਲਾਫ਼ ਆਵਾਜ਼ ਚੁੱਕਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਧੱਕੇਸ਼ਾਹੀ ਤੋਂ ਨਹੀਂ ਡਰਨ ਵਾਲੇ ਅਤੇ ਆਪਣੀ ਵੋਟ ਦੀ ਵਰਤੋਂ ਬਿਨਾ ਭੈਅ ਤੋਂ ਕਰਨਗੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕੀਤੀ ਧੱਕੇਸ਼ਾਹੀ ਦਾ ਖ਼ਮਿਆਜ਼ਾ ਕਾਂਗਰਸ ਨੂੰ ਆਉਂਦੀਆਂ ਲੋਕ ਸਭਾ ਚੋਣਾਂ ‘ਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਬੇਲੋੜੀ ਦਖ਼ਲਅੰਦਾਜ਼ੀ ਲੋਕਤੰਤਰ ਲਈ ਮਾਰੂ ਹੈ ਅਤੇ ਕਾਂਗਰਸ ਵੀ ਅਕਾਲੀ ਦਲ ਵਾਂਗ ਹੀ ਲੋਕਾਂ ਦੇ ਹੱਕਾਂ ‘ਤੇ ਡਾਕਾ ਮਾਰਨ ‘ਤੇ ਉਤਾਰੂ ਹੋ ਰਹੀ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਪਿੰਡਾਂ ਵਿਚ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਰਿਜ਼ਰਵੇਸ਼ਨ ਵਿਚ ਬਹੁਤ ਵੱਡੇ ਪੱਧਰ ‘ਤੇ ਖ਼ਾਮੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਆਪਣੇ ਫ਼ਾਇਦੇ ਲਈ ਜਾਤੀ ਸਮੀਕਰਨਾਂ ਦੀ ਪ੍ਰਵਾਹ ਕੀਤੇ ਬਿਨਾ ਹੀ ਆਪਣੇ ਪੱਧਰ ‘ਤੇ ਰਿਜ਼ਰਵੇਸ਼ਨ ਲਾਗੂ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਨਰਲ, ਪਛੜੀਆਂ ਸ਼੍ਰੇਣੀਆਂ ਅਤੇ ਅਨੁਸੂਚਿਤ ਜਾਤੀਆਂ ਦੇ ਹੱਕਾਂ ‘ਤੇ ਡਾਕਾ ਵੱਜਿਆ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਚਾਇਤੀ ਚੋਣਾਂ ਵਿਚ ਰਿਜ਼ਰਵੇਸ਼ਨ ਵਿਚ ਖ਼ਾਮੀਆਂ ਦਾ ਮੁੱਦਾ ਵਿਧਾਨ ਸਭਾ ਵਿਚ ਵੀ ਉਠਾਇਆ ਸੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ‘ਆਪ’ ਦਾ ਵਫ਼ਦ ਰਾਜ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਪੰਚਾਇਤੀ ਚੋਣਾਂ ਦੌਰਾਨ ਹੋ ਰਹੀ ਧੱਕੇਸ਼ਾਹੀ ਬਾਰੇ ਤੱਥਾਂ ਸਮੇਤ ਜਾਣੂ ਕਰਵਾਏਗਾ।    

Facebook Comment
Project by : XtremeStudioz