Close
Menu

ਪੰਜਾਬੀਆਂ ਦੀ ਮਾਂ ਖੇਡ ਅੱਜ ਕੁੱਲ ਦੁਨੀਆਂ ਦੀ ਖੇਡ ਬਣੀ: ਜਥੇਦਾਰ ਤੋਤਾ ਸਿੰਘ

-- 08 December,2014

*  ਪੰਜਾਬ ਸਰਕਾਰ ਨੇ ਕਬੱਡੀ ਨੂੰ ਪੂਰਨ ਨਸ਼ਾ ਮੁਕਤ ਬਣਾਇਆ

ਢੁੱਡੀਕੇ (ਮੋਗਾ),  ਜਥੇਦਾਰ ਤੋਤਾ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਕੁੱਲ ਦੁਨੀਆਂ ਵਿੱਚ ਖੇਡੀ ਜਾ ਰਹੀ ਹੈ ਜਿਸ ਦਾ ਸਬੂਤ ਪੰਜਵੇਂ ਕਬੱਡੀ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ 5 ਮਹਾਂਦੀਪਾਂ ਦੇ 14 ਮੁਲਕਾਂ ਦੀਆਂ 19 ਟੀਮਾਂ ਹਨ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਪੂਰਨ ਨਸ਼ਾ ਮੁਕਤ ਬਣਾਉਣ ਦਾ ਸੁਫਨਾ ਕਬੱਡੀ ਵਿਸ਼ਵ ਕੱਪ ਕਾਰਨ ਹੀ ਪੂਰਾ ਹੋਇਆ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਦੌਰਾਨ ਹਰ ਮੈਚ ਵਿੱਚ ਨਾਡਾ ਦੀਆਂ ਟੀਮਾਂ ਵੱਲੋਂ ਖਿਡਾਰੀਆਂ ਦੇ ਡੋਪ ਟੈਸਟ ਲੈ ਕੇ ਵਾਡਾ ਵੱਲੋਂ ਪ੍ਰਵਾਨਿਤ ਲੈਬਰਾਟੀਆਂ ਵਿੱਚ ਸੈਂਪਲ ਭੇਜੇ ਜਾ ਰਹੇ ਹਨ।

ਜਥੇਦਾਰ ਤੋਤਾ ਸਿੰਘ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਦੂਜੀ ਵਾਰ ਇਤਿਹਾਸਕ ਪਿੰਡ ਢੁੱਡੀਕੇ ਨੂੰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਲਈ ਚੁਣਿਆ। ਉਨ੍ਹਾਂ ਕਿਹਾ ਕਿ ਕਬੱਡੀ ਖੇਡ ਨਾਲ ਜੁੜੇ ਲੋਕਾਂ ਲਈ ਕਦੇ ਇਹ ਸੁਫਨਾ ਸੀ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਹੀ ਵਿਦੇਸ਼ੀ ਖਿਡਾਰੀ ਖੇਡਣ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਬੱਡੀ ਨੂੰ ਓਲੰਪਿਕ ਖੇਡਾਂ ਤੱਕ ਲਿਜਾਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਜਥੇਦਾਰ ਤੋਤਾ ਸਿੰਘ ਨੇ ਢੁੱਡੀਕੇ ਵਿਖੇ ਪਹਿਲੇ ਮੈਚ ਦੀਆਂ ਟੀਮਾਂ ਆਸਟਰੇਲੀਆ ਤੇ ਸਪੇਨ ਦੀਆਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਮੈਚਾਂ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਖੇਡ ਵਿਭਾਗ ਦਾ ਝੰਡਾ ਵੀ ਲਹਿਰਾਇਆ। ਇਸ ਮੌਕੇ ਵਿਧਾਇਕਾ ਸ੍ਰੀਮਤੀ ਰਾਜਵਿੰਦਰ ਕੌਰ ਭਾਗੀਕੇ, ਵਿਧਾਇਕ ਸ. ਮਹੇਸ਼ਇੰਦਰ ਸਿੰਘ, ਸ. ਮਹਿੰਦਰ ਸਿੰਘ ਰੋਮਾਣਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਸ. ਤੀਰਥ ਸਿੰਘ ਮਾਹਲਾ, ਸੀਨੀਅਰ ਅਕਾਲੀ ਆਗੂ ਸ. ਨਿਧੱੜਕ ਸਿੰਘ ਬਰਾੜ, ਐਨ.ਆਰ.ਆਈ. ਸਭਾ ਮੋਗਾ ਦੇ ਪ੍ਰਧਾਨ, ਸ. ਜਗਜੀਤ ਸਿੰਘ ਰਾਣਾ, ਅਕਾਲੀ ਆਗੂ ਸ. ਰਣਵਿੰਦਰ ਸਿੰਘ ਪੱਪੂ ਰੰਮੂਵਾਲਾ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਸ੍ਰੀ ਪਰਮਿੰਦਰ ਸਿੰਘ ਗਿੱਲ, ਐਸ.ਐਸ.ਪੀ. ਜਤਿੰਦਰ ਸਿੰਘ ਖਹਿਰਾ, ਪ੍ਰਸਿੱਧ ਲੇਖਕ ਸ. ਜਸਵੰਤ ਸਿੰਘ ਕੰਵਲ ਤੇ ਪ੍ਰੋ.ਗੁਰਭਜਨ ਸਿੰਘ ਗਿੱਲ ਆਦਿ ਹਾਜ਼ਰ ਸਨ।

Facebook Comment
Project by : XtremeStudioz