Close
Menu

ਪੰਜਾਬ ’ਚ ਆ ਕੇ ਕੇਜਰੀਵਾਲ ਨੇ ਭੰਡੇ ਪੰਜਾਬੀ ਕਿਸਾਨ

-- 02 November,2018

ਚੰਡੀਗੜ੍ਹ, 2 ਨਵੰਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਦੇ ਮੁੱਦੇ ਉੱਤੇ ਇੱਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਅਤੇ ਹਰਿਆਣਾ ਵਿਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਹੀ ਦਿੱਲੀ ਉਪਰ ਪ੍ਰਦੂਸ਼ਣ ਭਾਰੂ ਹੋਇਆ ਹੈ। ਉਨ੍ਹਾਂ ਇਸ ਮੌਕੇ ਆਪਣਾ ਦਾਅਵਾ ਮਜਬੂਤ ਕਰਦਿਆਂ ਸੈਟੇਲਾਈਟ ਦੀਆਂ ਫੋਟੋਆਂ ਦਿਖਾਉਂਦਿਆਂ ਕਿਹਾ ਕਿ ਇਨ੍ਹਾਂ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਇਸ ਵਾਰ ਵੀ ਪੰਜਾਬ ਵਿਚ ਵੱਡੇ ਪੱਧਰ ਅਤੇ ਹਰਿਆਣਾ ਦੇ ਕੁੱਝ ਹਿੱਸਿਆ ਵਿਚ ਪਰਾਲੀ ਸਾੜੀ ਗਈ ਹੈ। ਇਸੇ ਕਾਰਨ ਹੀ ਦਿੱਲੀ ਦਾ ਪ੍ਰਦੂਸ਼ਣ ਦਾ ਅੰਕੜਾ 25 ਅਕਤੂਬਰ ਤੋਂ ਬਾਅਦ ਇਕਦਮ ਦੋਗੁਣਾ ਹੋ ਗਿਆ ਹੈ। ਇਸ ਮੌਕੇ ਇੱਥੇ ਪ੍ਰੈੱਸ ਕਲੱਬ ਵਿਚ ਸ੍ਰੀ ਕੇਜਰੀਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਦਾ ਹੱਲ ਜਾਂ ਤਾਂ ਆਪਸੀ ਸਹਿਮਤੀ ਨਾਲ ਨਿਕਲ ਸਕਦਾ ਹੈ ਅਤੇ ਜਾਂ ਫਿਰ ਸੁਪਰੀਮ ਕੋਰਟ ਦੇ ਫੈਸਲੇ ਤਹਿਤ ਗੱਲ ਕਿਸੇ ਪਾਸੇ ਲੱਗ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਆਪਸੀ ਸਹਿਮਤੀ ਨਾਲ ਮਸਲਾ ਹੱਲ ਕਰਨ ਦੇ ਮੌਕੇ ਗਵਾ ਦਿੱਤੇ ਹਨ। ਆਪ ਦੇ ਬਾਗੀਆਂ ਦੇ ਆਗੂ ਸੁਖਪਾਲ ਸਿੰਘ ਖਹਿਰਾ ਸਬੰਧੀ ਪੱਤਰਕਾਰਾਂ ਵੱਲੋਂ ਲਾਈ ਸਵਾਲਾਂ ਦੀ ਝੜੀ ਦਾ ਠਰ੍ਹੰਮੇ ਨਾਲ ਜਵਾਬ ਦਿੰਦਿਆਂ ਕਿਹਾ ਕਿ ਜੇ ਲੋੜ ਪਈ ਤਾਂ ਸਮਾਂ ਆਉਣ ’ਤੇ ਖਹਿਰਾ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮਿਲ ਬੈਠ ਕੇ ਇਸ ਨੂੰ ਸੁਲਝਾਉਣ ਲਈ ਯਤਨਸ਼ੀਲ ਹਨ। ਜਦੋਂ ਇਕ ਪੱਤਰਕਾਰ ਨੇ ਕਿਹਾ ਕਿ ਸ੍ਰੀ ਖਹਿਰਾ ਦਾ ਕਹਿਣਾ ਹੈ ਕਿ ਉਹ ਸ੍ਰੀ ਕੇਜਰੀਵਾਲ ਦਾ ਨਾਂਅ ਆਪਣੀ ਜ਼ੁਬਾਨ ’ਤੇ ਨਹੀਂ ਲਿਆਉਣਾ ਚਾਹੁੰਦੇ ਤਾਂ ਅੱਗੋਂ ਕੇਜਰੀਵਾਲ ਨੇ ਵੀ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਖਹਿਰਾ ਉਨ੍ਹਾਂ ਦਾ ਨਾਂਅ ਆਪਣੀ ਜ਼ੁਬਾਨ ’ਤੇ ਨਾ ਹੀ ਲਿਆਉਣ। ਇਕ ਹੋਰ ਪੱਤਰਕਾਰ ਨੇ ਕਿਹਾ ਕਿ ਖਹਿਰਾ ਨਿੱਤ ਦਿਨ ਪਾਰਟੀ ਨੂੰ ਚੁਣੌਤੀ ਦੇ ਰਿਹਾ ਹੈ ਤਾਂ ਮੁੜ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਸ ਨੂੰ ਚੁਣੌਤੀਆਂ ਦੇਈ ਜਾਣ ਦਿਓ। ਜਦੋਂ ਪੱਤਰਕਾਰਾਂ ਨੇ ਵਾਰ-ਵਾਰ ਸ੍ਰੀ ਖਹਿਰਾ ਦੀਆਂ ਬਾਗੀ ਸੁਰਾਂ ਬਾਰੇ ਸਵਾਲ ਕੀਤੇ ਤਾਂ ਫਿਰ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਿਆਸਤ ਮਹਿਜ਼ ਸ੍ਰੀ ਖਹਿਰਾ ਤਕ ਹੀ ਸੀਮਤ ਨਹੀਂ ਹੈ ਉਹ ਦੇਸ਼ ਨੂੰ ਵਧੀਆ ਸਕੂਲ, ਹਸਪਤਾਲ ਤੇ ਸੜਕਾਂ ਮੁਹਈਆ ਕਰਨ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਸਿਆਸਤ ਕਰ ਰਹੇ ਹਨ। ਉਨ੍ਹਾਂ ਨਾਲ ‘ਆਪ’ ਹਰਿਆਣਾ ਦੇ ਪ੍ਰਧਾਨ ਨਵੀਨ ਜੈਹਿੰਦ ਵੀ ਮੌਜੂਦ ਸਨ। ਅਸਲ ਵਿਚ ਸ੍ਰੀ ਕੇਜਰੀਵਾਲ ਅੱਜ ਹਰਿਆਣਾ ਦਿਵਸ ਮੌਕੇ ਇਥੇ ਆਏ ਸਨ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ 52 ਸਾਲਾਂ ਦਾ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਇਸ ਸੂਬੇ ਦੀ ਹਾਲਤ ਬਦਤਰ ਹੈ। ਇਥੋਂ ਦੇ ਸਕੂਲ ਖੰਡਰ ਬਣੇ ਪਏ ਹਨ ਅਤੇ ਹਸਪਤਾਲਾਂ, ਸੜਕਾਂ ਆਦਿ ਦਾ ਬੁਰਾ ਹਾਲ ਹੈ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਦਨ ਲਾਲ ਖੱਟਰ ਨੂੰ ਚੁਣੌਤੀ ਦਿੱਤੀ ਕਿ ਉਹ ਦਿੱਲੀ ਦੇ ਸਕੂਲਾਂ ਤੇ ਹਸਪਤਾਲਾਂ ਦਾ ਦੌਰਾ ਕਰਨ ਅਤੇ ਉਹ ਹਰਿਆਣਾ ਦੇ ਸਕੂਲਾਂ ਤੇ ਹਸਪਤਾਲਾਂ ਦਾ ਦੌਰਾ ਕਰਨਗੇ ਤਾਂ ਜੋ ਸਾਫ ਹੋ ਸਕੇ ਹਰਿਆਣਾ ਦੀ ਕੀ ਹਾਲਤ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪਿਛਲੇ 52 ਸਾਲਾਂ ਤੋਂ ਹਰਿਆਣਾ ਵਿਚ ਰਾਜ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਸੂਬੇ ਦੇ ਮਾੜੇ ਹਾਲਾਤ ਲਈ ਜ਼ਿੰਮੇਵਾਰ ਹਨ ਕਿਉਂਕਿ ਇਨੈਲੋ ਨੇ ਇਥੇ ਕਥਿਤ ਗੁੰਡਾ ਰਾਜ ਕੀਤਾ ਹੈ ਜਦਕਿ ਹੁੱਡਾ ਸਰਕਾਰ ਦਾ ਰਾਜ ਜ਼ਮੀਨੀ ਘੁਟਾਲਿਆਂ ਨਾਲ ਭਰਿਆ ਪਿਆ ਹੈ। ਹੁਣ ਮੌਜੂਦਾ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਪੂਰੀ ਤਰਾਂ ਨਾਕਸ ਰਹੀ ਹੈ।

ਕੇਜਰੀਵਾਲ ਵੱਲੋਂ ਪੰਜਾਬ ਦੇ ਉਮੀਦਵਾਰਾਂ ਨਾਲ ਮੀਟਿੰਗ
ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਯੂਟੀ ਗੈਸਟ ਹਾਊਸ ਵਿਚ ਪਾਰਟੀ ਵੱਲੋਂ ਪੰਜਾਬ ਲਈ ਲੋਕ ਸਭਾ ਚੋਣਾਂ ਲਈ ਐਲਾਨੇ 5 ਉਮੀਦਵਾਰਾਂ ਭਗਵੰਤ ਮਾਨ, ਪ੍ਰੋਫੈਸਰ ਸਾਧੂ ਸਿੰਘ, ਕੁਲਦੀਪ ਧਾਲੀਵਾਲ, ਨਰਿੰਦਰ ਸਿੰਘ ਸ਼ੇਰਗਿੱਲ ਅਤੇ ਡਾਕਟਰ ਰਵਜੋਤ ਸਿੰਘ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਮੁੱਖ ਬੁਲਾਰਾ ਪ੍ਰੋਫੈਸਰ ਬਲਜਿੰਦਰ ਕੌਰ, ਵਿਧਾਇਕ ਅਮਨ ਅਰੋੜਾ ਆਦਿ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਇਸ ਦੌਰਾਨ ਜਿਥੇ ਕੇਜਰੀਵਾਲ ਨੇ ਉਮੀਦਵਾਰਾਂ ਨੂੰ ਚੋਣ ਰਾਣਨੀਤੀ ਦੇ ਗੁਰ ਦਿੱਤੇ ਉਥੇ ਬਾਗੀ ਧਿਰ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਪਾਰਟੀ ਨੂੰ ਨਿਤ ਦਿਨ ਦਿੱਤੇ ਜਾ ਰਹੇ ਅਲਟੀਮੇਟਮਾਂ ਉਪਰ ਵੀ ਚਰਚਾ ਕੀਤੀ।

Facebook Comment
Project by : XtremeStudioz